ਬੇਅਦਬੀ ਨਾਲ ਹਰ ਸਿੱਖ ਦਾ ਹਿਰਦਾ ਤੜਫ ਉਠਿਆ, ਦੋਸ਼ੀਆਂ ‘ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ : ਜਥੇਦਾਰ ਹਰਪ੍ਰੀਤ ਸਿੰਘ

ਅੰਮ੍ਰਿਤਸਰ ਸਾਹਿਬ : ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਕਾਰਜਕਾਰੀ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨੇ ਪ੍ਰੈੱਸ ਨੋਟ ਜਾਰੀ ਕਰਦਿਆਂ ਕਿਹਾ ਕਿ ਬਹੁਤ ਹੀ ਦੁੱਖ ਦੀ ਗੱਲ ਹੈ ਕਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀ ਦੀਆਂ ਘਟਨਾਵਾਂ ਰੁਕਣ ਵਿਚ ਨਹੀਂ ਆ ਰਹੀਆਂ। ਪਿੰਡ ਮਨਸੂਰਪੁਰ ਤਹਿ. ਫਿਲੌਰ ਜ਼ਿਲ੍ਹਾ ਜਲੰਧਰ ਦੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਵਿਖੇ ਅੱਜ ਦੀ ਹੋਈ ਘਟਨਾ ਨਾਲ ਹਰ ਸਿੱਖ ਦਾ ਹਿਰਦਾ ਤੜਫ ਉਠਿਆ ਹੈ। ਸਿੰਘ ਸਾਹਿਬ ਵੱਲੋਂ ਪਹਿਲਾਂ ਵੀ ਕਈ ਵਾਰ ਕਿਹਾ ਗਿਆ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿਚ ਰਹਿਣ ਦੀ ਹਾਜ਼ਰੀ ਨੂੰ ਯਕੀਨੀ ਬਣਾਇਆ ਜਾਵੇ। ਹਰ ਗੁਰੂ ਘਰ ਵਿਚ ਇਕ ਸੇਵਾਦਾਰ 24 ਘੰਟੇ ਰਹਿਣਾ ਚਾਹੀਦਾ ਹੈ ਤੇ ਸੀਸੀਟੀਵੀ ਕੈਮਰੇ ਵੀ ਲਗਾਏ ਜਾਣ ਪਰ ਸੰਗਤਾਂ ਇਸ ਸਬੰਧੀ ਅਜੇ ਵੀ ਅਵੇਸਲੀਆਂ ਹਨ। ਸਿੰਘ ਸਾਹਿਬ ਜੀ ਨੇ ਸਰਕਾਰ ਤੇ ਪ੍ਰਸ਼ਾਸਨ ਨੂੰ ਸਖਤ ਤਾੜਨਾ ਕਰਦਿਆਂ ਕਿਹਾ ਕਿ ਤੁਰੰਤ ਹੀ ਦੋਸ਼ੀਆਂ ‘ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ। ਕਈ ਵਾਰ ਪ੍ਰਸ਼ਾਸਨ ਵੱਲੋਂ ਅਜਿਹੇ ਦੋਸ਼ੀਆਂ ਨੂੰ ਪਾਗਲ ਕਰਾਰ ਦੇ ਕੇ ਰਾਹਤ ਦਿੱਤੀ ਜਾਂਦੀ ਹੈ। ਜੇਕਰ ਇਸ ਵਾਰ ਵੀ ਇਸ ਤਰ੍ਹਾਂ ਹੋਇਆ ਤਾਂ ਸਿੱਖ ਪੰਥ ਇਸ ਨੂੰ ਕਦੇ ਬਰਦਾਸ਼ਤ ਨਹੀਂ ਕਰੇਗੀ।