- ਮਾਝੇ ਦੀਆਂ ਸੰਸਥਾਵਾਂ ਪਟਿਆਲਾ, ਮਾਨਸਾ ਤੱਕ ਸੇਵਾ ਵਿਚ ਲੱਗੀਆਂ ਮਿਲੀਆਂ
- ਸਿਹਤ ਮੰਤਰੀ ਨੇ ਹੰਗਾਮੀ ਸਥਿਤੀ ਨਾਲ ਨਜਿੱਠਣ ਲਈ ਡਾਕਟਰਾਂ ਤੇ ਹੋਰ ਸੰਸਥਾਵਾਂ ਨਾਲ ਕੀਤੀ ਮੀਟਿੰਗ
- ਜਿਲ੍ਹਾ ਪ੍ਰਸ਼ਾਸਨ ਹਰ ਤਰਾਂ ਦੀ ਸਥਿਤੀ ਨਾਲ ਟਾਕਰਾ ਕਰਨ ਲਈ ਪੂਰੀ ਤਰਾਂ ਤਿਆਰ-ਡਿਪਟੀ ਕਮਿਸ਼ਨਰ
ਅੰਮ੍ਰਿਤਸਰ, 19 ਜੁਲਾਈ : ਪੰਜਾਬ ਵਿਚ ਆਏ ਹੜਾਂ ਦੇ ਸੰਕਟ ਨਾਲ ਨਿਜੱਠਣ ਲਈ ਸਿਹਤ ਵਿਭਾਗ ਵੱਲੋਂ ਕੀਤੇ ਜਾ ਰਹੇ ਤੇ ਕੀਤੇ ਜਾਣ ਵਾਲੇ ਪ੍ਰਬੰਧਾਂ ਦਾ ਪੰਜਾਬ ਭਰ ਵਿਚ ਨਿਰੀਖਣ ਕਰ ਰਹੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਅੰਮ੍ਰਿਤਸਰ ਵਿਖੇ ਡਾਕਟਰਾਂ, ਗੈਰ ਸਰਕਾਰੀ ਸੰਸਥਾਵਾਂ, ਸਿਹਤ ਸਬੰਧੀ ਸਨਅਤ ਦੇ ਪ੍ਰਤੀਨਿਧੀਆਂ, ਕੈਮਿਸਟ ਐਸੋਸੀਏਸ਼ਨ ਅਤੇ ਹੋਰ ਸੰਸਥਾਵਾਂ ਦੇ ਪ੍ਰਤੀਨਿਧੀਆਂ ਨਾਲ ਗੱਲਬਾਤ ਕਰਦੇ ਸਮੁੱਚੇ ਪੰਜਾਬ ਵੱਲੋਂ ਪੀੜਤਾਂ ਦੀ ਕੀਤੀ ਜਾ ਰਹੀ ਮਦਦ ਦੀ ਸਰਾਹਨਾ ਕਰਦੇ ਹੋਏ ਕਿਹਾ ਕਿ ਜਿਸ ਤਰਾਂ ਪੰਜਾਬ ਵਾਸੀ ਹੜ੍ਹ ਪੀੜਤਾਂ ਦੀ ਮਦਦ ਲਈ ਬਹੁੜੇ ਹਨ, ਉਸਦੀ ਸਰਾਹਨਾ ਦੁਨੀਆਂ ਭਰ ਵਿਚ ਕੀਤੀ ਜਾ ਰਹੀ ਹੈ। ਮਾਝੇ ਦੀਆਂ ਸੰਸਥਾਵਾਂ ਦੀ ਗੱਲ ਕਰਦੇ ਉਨਾਂ ਕਿਹਾ ਕਿ ਮੈਨੂੰ ਪਟਿਆਲਾ, ਮਾਨਸਾ ਤੱਕ ਅੰਮ੍ਰਿਤਸਰ ਦੇ ਲੋਕ ਸੇਵਾ ਕਰਦੇ ਮਿਲੇ ਹਨ। ਉਨਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਖਾਲਸਾ ਏਡ, ਆਈ ਐਮ ਏ, ਕਾਰ ਸੇਵਾ ਵਾਲੇ ਮਹਾਂਪੁਰਸ਼ਾਂ, ਕਿਸਾਨ ਜਥੇਬੰਦੀਆਂ ਅਤੇ ਹੋਰ ਸੰਸਥਾਵਾਂ ਵੱਲੋਂ ਹੜ੍ਹ ਪੀੜਤਾਂ ਦੀ ਕੀਤੀ ਜਾ ਰਹੀ ਸਹਾਇਤਾ ਦਾ ਜ਼ਿਕਰ ਕਰਦੇ ਕਿਹਾ ਕਿ ਨੁਕਸਾਨ ਵੀ ਹਰੇਕ ਕਿੱਤੇ-ਕਾਰੋਬਾਰ ਦਾ ਹੋਇਆ ਹੈ ਅਤੇ ਮਦਦ ਲਈ ਵੀ ਹਰ ਹੱਥ ਉਠਿਆ ਹੈ, ਜੋ ਕਿ ਬਹੁਤ ਵੱਡੀ ਅਤੇ ਮਾਣ ਵਾਲੀ ਗੱਲ ਹੈ। ਉਨਾਂ ਕਿਹਾ ਕਿ ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ ਵੱਲੋਂ ਇਸ ਸੰਕਟ ਦੇ ਪੱਕੇ ਹੱਲ ਲਈ ਮੌਜੂਦਾ ਸਥਿਤੀ ਦਾ ਡਰੋਨ ਸਰਵੇ ਕਰਵਾਇਆ ਗਿਆ ਹੈ ਅਤੇ ਇਸ ਅਧਾਰ ਉਤੇ ਭਵਿੱਖ ਲਈ ਪੱਕੇ ਪ੍ਰਬੰਧ ਕੀਤੇ ਜਾਣਗੇ। ਉਨਾਂ ਦੱਸਿਆ ਕਿ ਇਸੇ ਤਰਾਂ ਨੁਕਸਾਨ ਦਾ ਸਰਵੈ ਕਰਵਾਇਆ ਜਾ ਰਿਹਾ ਹੈ ਅਤੇ ਮੁੱਖ ਮੰਤਰੀ ਇੰਨਾ ਦਾ ਜਾਇਜ਼ਾ ਲੈ ਕੇ ਰਾਹਤ ਦਾ ਐਲਾਨ ਕਰਨਗੇ। ਸਿਹਤ ਮੰਤਰੀ ਨੇ ਦੱਸਿਆ ਕਿ ਸਮੁੱਚੇ ਪੰਜਾਬ ਵਿਚ ਮੁੱਖ ਮੰਤਰੀ, ਕੈਬਨਿਟ ਮੰਤਰੀ, ਵਿਧਾਇਕ, ਜਿਲ੍ਹਾ ਅਧਿਕਾਰੀਆਂ ਸਮੇਤ ਸਾਰਾ ਅਮਲਾ ਪਾਣੀ ਤੋਂ ਪ੍ਰਭਾਵਿਤ ਇਲਾਕਿਆਂ ਵਿਚ ਲੋਕਾਂ ਦੀ ਮਦਦ ਕਰ ਰਿਹਾ ਹੈ। ਉਨਾਂ ਕੇਂਦਰ ਸਰਕਾਰ ਵੱਲੋਂ ਪੰਜਾਬ ਨੂੰ ਦਿੱਤੀ ਰਾਹਤ ਸਹਾਇਤਾ ਦਾ ਜ਼ਿਕਰ ਕਰਦੇ ਕਿਹਾ ਕਿ ਪ੍ਰਧਾਨ ਮੰਤਰੀ ਨੂੰ ਹਰੇਕ ਹੜ੍ਹ ਪ੍ਰਭਾਵਿਤ ਸੂਬਾ ਚਾਹੇ ਉਹ ਪੰਜਾਬ ਹੋਵੇ, ਹਿਮਾਚਲ, ਹਰਿਆਣਾ ਜਾਂ ਦਿੱਲੀ ਵਿਖੇ ਖੁਦ ਮੌਕੇ ਦਾ ਜਾਇਜ਼ਾ ਲੈ ਕੇ ਨੁਕਸਾਨ ਦਾ ਅਨੁਮਾਨ ਲਗਾ ਕੇ ਸਹਾਇਤਾ ਦੇਣੀ ਚਾਹੀਦੀ ਹੈ, ਤਾਂ ਹੀ ਹਰੇਕ ਪੀੜਤ ਨਾਲ ਨਿਆਂ ਹੋ ਸਕਦਾ ਹੈ।