- ਬਟਾਲਾ ਦੀ ਇੰਡਸਟਰੀ ਨੂੰ ਮੁੜ ‘ਅਬਾਦ’ ਕਰਨ ਲਈ ਕੋਈ ਕਸਰ ਬਾਕੀ ਨਹੀਂ ਰਹਿਣ ਦਿੱਤੀ ਜਾਵੇਗੀ-ਡਿਪਟੀ ਕਮਿਸਨਰ
- ਡਿਪਟੀ ਕਮਿਸ਼ਨਰ ਗੁਰਦਾਸਪੁਰ ਵਲੋਂ ਬਟਾਲਾ ਸ਼ਹਿਰ ਦੇ ਸਨਅਤਕਾਰਾਂ ਨਾਲ ਮੀਟਿੰਗ
ਬਟਾਲਾ, 23 ਜੂਨ : ਡਾ. ਹਿਮਾਂਸ਼ੂ ਅਗਰਵਾਲ, ਡਿਪਟੀ ਕਮਿਸ਼ਨਰ ਵਲੋਂ ਅੱਜ ਬਟਾਲਾ ਦੇ ਸਨਅਤਕਾਰਾਂ ਨਾਲ ਮੀਟਿੰਗ ਕੀਤੀ ਗਈ ਤੇ ਸਨਅਤਕਾਰਾਂ ਦੀਆਂ ਸਮੱਸਿਆਵਾਂ ਅਤੇ ਇੰਡਸਟਰੀ ਨੂੰ ਮੁੜ ਪੁਨਰ ਸੁਰਜੀਤ ਕਰਨ ਲਈ ‘ਬਟਾਲਾ ਇੰਡਸਟਰੀਅਲ ਰੀਵਾਵਲ ਐਂਡ ਡਿਵਲਪਮੈਂਟ ਕਮੇਟੀ’ ਦਾ ਗਠਨ ਕੀਤਾ ਗਿਆ। ਸਨਅਤਕਾਰਾਂ ਨਾਲ ਗਠਿਤ ਕਮੇਟੀ ਦੇ ਮੈਂਬਰਾਂ ਵਲੋਂਂ ਮਹਿਨੇ ਵਿੱਚ 15 ਦਿਨ ਬਾਅਦ ਉਦਯੋਗਾਂ ਨਾਲ ਸਬੰਧਤ ਮੁਸ਼ਕਿਲਾਂ, ਉਦਯੋਗਾਂ ਨੂੰ ਮੁੜ ਪੈਰਾਂ ’ਤੇ ਖੜ੍ਹਾ ਕਰਨ ਤੇ ਵਿਕਾਸ ਲਈ ਮੀਟਿੰਗ ਕੀਤੀ ਜਾਵੇਗੀ। ਇਸ ਮੌਕੇ ਡਾ.ਸ਼ਾਇਰੀ ਭੰਡਾਰੀ ਐਸ.ਡੀ.ਐਮ.ਬਟਾਲਾ, ਸੁਖਪਾਲ ਸਿੰਘ ਜੀ.ਐਮ ਇੰਡਸਟਰੀ ਬਟਾਲਾ, ਚੇਅਰਮੈਨ ਨਰੇਸ਼ ਗੋਇਲ, ਸ੍ਰੀਮਤੀ ਰਾਜਬੀਰ ਕੋਰ ਕਲਸੀ ਧਰਮਪਤਨੀ ਵਿਧਾਇਕ ਸ਼ੈਰੀ ਕਲਸੀ, ਜਗਬਿੰਦਰ ਸਿੰਘ ਐਸ.ਪੀ (ਐਚ), ਉਦਯੋਗਪਤੀ ਇੰਦਰ ਸੇਖੜੀ , ਸਮੇਤ ਪ੍ਰਮੁੱਖ ਉਦਯੋਗਪਤੀ ਮੋਜੂਦ ਸਨ। ਮੀਟਿੰਗ ਦੌਰਾਨ ਬਟਾਲਾ ਸ਼ਹਿਰ ਦੇ ਵੱਖ-ਵੱਖ ਸਨਅਤਕਾਰਾਂ ਨੇ ਆਪਣੀਆਂ ਮੰਗਾਂ ਸਬੰਧੀ ਵਿਸਥਾਰ ਵਿੱਚ ਜਾਣਕਾਰੀ ਦਿੱਤੀ। ਉਨਾਂ ਡਿਪਟੀ ਕਮਿਸ਼ਨਰ ਦੇ ਧਿਆਨ ਵਿੱਚ ਲਿਆਂਦਾ ਕਿ ਬੈਕਿੰਗ ਸੈਕਟਰ ਨਾਲ ਸਬੰਧਤ ਮੁਸ਼ਕਿਲਾਂ ਹੱਲ ਕੀਤੀਆਂ ਜਾਣ, ਬੈਂਕ ਪ੍ਰਣਾਲੀ ਸੁਖਾਲੀ ਬਣਾਈ ਜਾਵੇ, ਵੱਖ ਵੱਖ ਖੇਤਰਾਂ ਦੇ ਪਰਚੇਜ਼ ਸੈਂਟਰ ਖੋਲ੍ਹੇ ਜਾਣ, ‘ਮਾਈਕਰੋ ਸਮਾਲ ਇੰਡਸਟਰੀ’ ਨੂੰ ਸਹਿਯੋਗ ਤੇ ਰਿਆਇਤ ਦਿੱਤੀ ਜਾਵੇ, ਕਲੱਸਟਰ ਬਣਾਏ ਜਾਣ, ਮਸ਼ੀਨ ਮੈਨੂਫੈਕਚਰਿੰਗ ਨੂੰ ਪ੍ਰਫੁੱਲਤ ਕੀਤਾ ਜਾਵੇ, ਸ਼ਹਿਰ ਵਿੱਚ ਚੋਰੀ ਦੀਆਂ ਵਾਰਦਾਤਾਂ ਨੂੰ ਨੱਥ ਪਾਈ ਜਾਵੇ, ਸ਼ਹਿਰ ਵਿੱਚ ਪੁਲਿਸ ਅਧਿਕਾਰੀਆਂ ਤੇ ਸਿਵਲ ਅਧਿਕਾਰੀਆਂ ਦੇ ਮੋਬਾਇਲ ਨੰਬਰ ਦੇ ਡਿਸਪਲੇਅ ਬੋਰਡ ਲਗਾਏ ਜਾਣ, ਬਟਾਲਾ ਸ਼ਹਿਰ ਤੋ ਰਈਆ ਮੋੜ ਤੱਕ ਸੜਕ ਦੀ ਮੁਰੰਮਤ ਕਰਵਾਈ ਜਾਵੇ, ਸ੍ਰੀ ਹਰਗੋਬਿੰਦਪੁਰ ਰੋਡ ਦੀ ਰਿਪੇਅਰ ਕਰਵਾਈ ਜਾਵੇ, ਸ਼ਹਿਰ ਵਿਚਲੀਆਂ ਸੜਕਾਂ ਦੀ ਰਿਪੇਅਰ ਸਬੰਧੀ, ਬਿਜਲੀ ਦੀ ਨਿਰਵਿਘਨ ਸਪਲਾਈ ਸਬੰਧੀ, ਸ਼ਹਿਰ ਵਿਚਲੀ ਟਰੈਫਿਕ ਤੇ ਪਾਰਕਿੰਗ ਦੇ ਹੱਲ ਲਈ ਹੰਸਲੀ ਪੁੁਲ ਦੇ ਦੋਨਾਂ ਪਾਸੇ 500-500 ਫੁੱਟ ਦੀ ਸਲੈਬ ਬਣਾਉਣ ਸਬੰਧੀ, ਇੰਡਸਟਰੀਅਲ ਅਸਟੇਟ ਅਤੇ ਉਦਯੋਗਿਕ ਫੋਕਲ ਪੁਆਇੰਟ ਦੇ ਬੁਨਿਅਦੀ ਢਾਂਚੇ ਵਿੱਚ ਹੋਰ ਸੁਧਾਰ ਲਿਆਉਣ ਸਬੰਧੀ, ਖੇਤੀਬਾੜੀ ਸੰਦ ਬਣਾਉਣ ਨਾਲ ਸਬੰਧਤ ਉਦਯੋਗ ਸਥਾਪਤ ਕਰਨ ਸਬੰਧੀ, ਸਨਅਤੀ ਖੇਤਰ ਵਿੱਚ ਪੁਲਿਸ ਦੇ ਨਾਕੇ ਵਧਾਏ ਜਾਣ ਸਮੇਤ ਵੱਖ-ਵੱਖ ਪਹਿਲੂਆਂ ਸਬੰਧੀ ਸਨਅਤਕਾਰਾਂ ਨੇ ਆਪਣੇ ਮੁਸ਼ਕਿਲਾਂ ਦੱਸੀਆਂ।