ਤਰਨ ਤਾਰਨ, 15 ਸਤੰਬਰ : ਜਿਲ੍ਹਾ ਮੈਜਿਸਟਰੇਟ, ਤਰਨ ਤਾਰਨ ਸ੍ਰੀ ਸੰਦੀਪ ਕੁਮਾਰ, ਆਈ. ਏ. ਐੱਸ. ਨੇ ਫੌਜਦਾਰੀ ਜਾਬਤਾ ਸੰਘਤਾ 1973 ਦੀ ਧਾਰਾ 144 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ, ਜ਼ਿਲ੍ਹਾ ਤਰਨ ਤਾਰਨ ਦੀ ਹਦੂਦ ਅੰਦਰ ਝੋਨੇ ਦੀ ਕਟਾਈ ਉਪਰੰਤ ਝੋਨੇ ਦੀ ਪਰਾਲੀ ਨੂੰ ਅੱਗ ਲਾ ਕੇ ਸਾੜਣ ‘ਤੇ ਮੁਕੰਮਲ ਤੌਰ ‘ਤੇ ਪਾਬੰਦੀ ਲਗਾਈ ਹੈ।ਪਾਬੰਦੀ ਦੇ ਇਹ ਹੁਕਮ 14 ਨਵੰਬਰ, 2023 ਤੱਕ ਲਾਗੂ ਰਹਿਣਗੇ। ਜਾਰੀ ਹੁਕਮਾਂ ਦੇ ਸੰਦਰਭ ਵਿੱਚ ਜ਼ਿਲ੍ਹਾ ਮੈਜਿਸਟਰੇਟ ਨੇ ਕਿਹਾ ਕਿ ਝੋਨੇ ਦੇ ਕਟਾਈ ਜ਼ਿਆਦਾਤਰ ਕੰਬਾਇਨ ਮਸ਼ੀਨ ਦੁਆਰਾ ਕੀਤੀ ਜਾਂਦੀ ਹੈ ਅਤੇ ਝੋਨੇ ਦੀ ਪਰਾਲੀ ਨੂੰ ਪੈਲੀ ਵਿੱਚ ਛੱਡ ਦਿੱਤਾ ਜਾਂਦਾ ਹੈ ਅਤੇ ਬਾਅਦ ਵਿੱਚ ਪਰਾਲੀ ਨੂੰ ਅੱਗ ਲਾ ਕੇ ਸਾੜਿਆਂ ਜਾਂਦਾ ਹੈ ਅਤੇ ਕਈ ਵਾਰ ਝੋਨੇ ਦੇ ਨਾੜ ਨੂੰ ਨਸ਼ਟ ਕਰਨ ਦੇ ਮੰਤਵ ਲਈ ਲਗਾਈ ਅੱਗ ਨਾਲ ਲਾਗਲੀਆਂ ਫਸਲਾਂ, ਘਰਾਂ, ਦਰਖ਼ਤਾਂ, ਪਸ਼ੂਆਂ ਵਗੈਰਾ ਨੂੰ ਵੀ ਅੱਗ ਲੱਗਣ ਦਾ ਖਤਰਾਂ ਬਣਿਆ ਰਹਿੰਦਾ ਹੈ, ਜਿਸ ਨਾਲ ਕਾਫੀ ਮਾਲੀ/ਜਾਨੀ ਨੁਕਸਾਨ ਹੁੰਦਾ ਹੈ ਅਤੇ ਕਈ ਹਾਦਸੇ ਵੀ ਵਾਪਰਦੇ ਹਨ, ਇਸ ਤੋ ਇਲਾਵਾ ਧਰਤੀ ਵਿੱਚੋ ਕਈ ਤੱਤ ਵੀ ਤਬਾਹ ਹੋ ਜਾਂਦੇ ਹਨ ਅਤੇ ਧਰਤੀ ਦੀ ਉਪਜਾਊ ਸ਼ਕਤੀ ਤੇ ਵੀ ਅਸਰ ਪੈਂਦਾ ਹੈ। ਸਿੱਟੇ ਵਜੋਂ ਜਨ ਜੀਵਨ ਪ੍ਰਭਾਵਿਤ ਹੁੰਦਾ ਹੈ ਅਤੇ ਵਾਤਾਵਰਨ ਵੀ ਗੰਧਲਾ ਹੁੰਦਾ ਹੈ। ਅੱਗ ਦੇ ਧੂੰਏ ਨਾਲ ਹਾਦਸਿਆ ਦਾ ਖਤਰਾ ਵੀ ਵੱਧਦਾ ਹੈ, ਇਸ ਸਥਿਤੀ ਨੂੰ ਮੁੱਖ ਰੱਖਦਿਆਂ ਹੋਇਆ ਝੋਨੇ ਦੀ ਪਰਾਲੀ ਨੂੰ ਅੱਗ ਲਾ ਕੇ ਸਾੜਣ ਤੋਂ ਰੋਕਣ ਦੀ ਅਤਿਅੰਤ ਜਰੂਰਤ ਹੈ।