- ਸ੍ਰੀ ਕਰਤਾਰਪੁਰ ਸਾਹਿਬ ਕੋਰੀਡੋਰ ਤੋਂ ਇਲਾਵਾ ਜ਼ਿਲੇ ਦੇ ਹੋਰ ਭਾਗਾਂ ਵਿੱਚ ਵੀ ਪੂਰੇ ਉਤਸ਼ਾਹ ਨਾਲ ਮਨਾਇਆ ਜਾਵੇਗਾ ਯੋਗ ਦਿਵਸ
ਗੁਰਦਾਸਪੁਰ, 20 ਜੂਨ : 21 ਜੂਨ ਨੂੰ ਦੁਨੀਆਂ ਭਰ ਵਿੱਚ ਮਨਾਏ ਜਾ ਰਹੇ 9ਵੇਂ ਅੰਤਰ-ਰਾਸ਼ਟਰੀ ਯੋਗ ਦਿਵਸ ਮੌਕੇ ਜ਼ਿਲ੍ਹਾ ਪੱਧਰੀ ਯੋਗ ਸਮਾਗਮ ਸ੍ਰੀ ਕਰਤਾਰਪੁਰ ਸਾਹਿਬ ਕੋਰੀਡੋਰ, ਡੇਰਾ ਬਾਬਾ ਨਾਨਕ ਵਿਖੇ ਕਰਵਾਇਆ ਜਾਵੇਗਾ। ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ 21 ਜੂਨ ਨੂੰ ਅੰਤਰ-ਰਾਸ਼ਟਰੀ ਯੋਗ ਦਿਵਸ ਮੌਕੇ ਜ਼ਿਲ੍ਹਾ ਪੱਧਰੀ ਯੋਗ ਸਮਾਗਮ ਸਵੇਰੇ 6:00 ਵਜੇ ਸ਼ੁਰੂ ਹੋਵੇਗਾ ਜੋ ਕਿ 7:45 ਤੱਕ ਪੌਣੇ ਦੋ ਘੰਟੇ ਚੱਲੇਗਾ। ਉਨਾਂ ਦੱਸਿਆ ਕਿ ਇਸ ਯੋਗ ਸਮਾਗਮ ਵਿੱਚ ਬੀ.ਐੱਸ.ਐੱਫ਼ ਦੇ ਜਵਾਨ, ਲੈਂਡ-ਪੋਰਟ ਅਥਾਰਟੀ ਦਾ ਸਟਾਫ਼, ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀ ਤੇ ਕਰਮਚਾਰੀ ਅਤੇ ਵਿਦਿਆਰਥੀ ਭਾਗ ਲੈਣਗੇ, ਜਿਨਾਂ ਨੂੰ ਆਯੂਰਵੈਦਿਕ ਵਿਭਾਗ ਦੇ ਯੋਗਾ ਦੇ ਮਾਹਿਰਾਂ ਵੱਲੋਂ ਯੋਗ ਦੇ ਆਸਣ ਕਰਵਾਏ ਜਾਣਗੇ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸ੍ਰੀ ਕਰਤਾਰਪੁਰ ਸਾਹਿਬ ਕੋਰੀਡੋਰ ਵਿਖੇ ਜ਼ਿਲ੍ਹਾ ਪੱਧਰੀ ਯੋਗ ਸਮਾਗਮ ਤੋਂ ਇਲਾਵਾ ਜ਼ਿਲ੍ਹੇ ਦੇ ਹੋਰ ਭਾਗਾਂ ਵਿੱਚ ਵੀ ਪੂਰੇ ਉਤਸ਼ਾਹ ਨਾਲ ਯੋਗ ਦਿਵਸ ਮਨਾਇਆ ਜਾਵੇਗਾ। ਉਨ੍ਹਾਂ ਸਮੂਹ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਅੰਤਰ-ਰਾਸ਼ਟਰੀ ਯੋਗ ਦਿਵਸ ਮੌਕੇ ਆਪਣੇ ਘਰਾਂ, ਗਲੀ, ਮੁਹੱਲਿਆਂ, ਪਿੰਡਾਂ ਅਤੇ ਸ਼ਹਿਰਾਂ ਵਿੱਚ ਯੋਗ ਸਮਾਗਮ ਕਰਨ। ਉਨ੍ਹਾਂ ਕਿਹਾ ਕਿ ਯੋਗ ਨਿਰੋਗ ਤੇ ਤੰਦਰੁਸਤ ਜੀਵਨ ਦਾ ਅਧਾਰ ਹੈ ਅਤੇ ਸਾਨੂੰ ਯੋਗ ਨੂੰ ਆਪਣੀ ਰੋਜ਼ਮਰਾਂ ਦੀ ਜ਼ਿੰਦਗੀ ਦਾ ਹਿੱਸਾ ਬਣਾਉਣਾ ਚਾਹੀਦਾ ਹੈ।