- ਵੱਡੀ ਗਿਣਤੀ ਵਿੱਚ ਖਿਡਾਰੀਆਂ, ਨੌਜਵਾਨਾਂ ਤੇ ਦਰਸ਼ਕਾਂ ਨੇ ਮੈਚ ਦਾ ਅਨੰਦ ਮਾਣਿਆ
- 19 ਨਵੰਬਰ ਨੂੰ ਵਿਸ਼ਵ ਕ੍ਰਿਕਟ ਕੱਪ ਦਾ ਫਾਈਨਲ ਮੈਚ ਵੀ ਸਟੇਡੀਅਮ ’ਚ ਵੱਡੀ ਸਕਰੀਨ ’ਤੇ ਦਿਖਾਇਆ ਜਾਵੇਗਾ - ਡਿਪਟੀ ਕਮਿਸ਼ਨਰ
ਗੁਰਦਾਸਪੁਰ, 16 ਨਵੰਬਰ : ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਦੀ ਯੋਗ ਅਗਵਾਈ ਹੇਠ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਦੇ ਉਪਰਾਲੇ ਤਹਿਤ ਬੀਤੀ ਸ਼ਾਮ ਸਰਕਾਰੀ ਕਾਲਜ ਗੁਰਦਾਸਪੁਰ ਦੇ ਸ਼ਹੀਦ ਲੈਫਟੀਨੈਂਟ ਨਵਦੀਪ ਸਿੰਘ ਸਟੇਡੀਅਮ ਵਿਖੇ ਭਾਰਤ-ਨਿਊਜ਼ੀਲੈਂਡ ਦਰਮਿਆਨ ਕ੍ਰਿਕਟ ਵਿਸ਼ਵ ਕੱਪ ਦੇ ਸੈਮੀਫਾਈਨਲ ਮੈਚ ਨੂੰ ਵੱਡੀ ਸਕਰੀਨ ਲਗਾ ਕੇ ਲਾਈਵ ਦਿਖਾਇਆ ਗਿਆ। ਖਿਡਾਰੀਆਂ, ਨੌਜਵਾਨਾਂ ਦੇ ਨਾਲ ਵੱਡੀ ਗਿਣਤੀ ਵਿੱਚ ਸ਼ਹਿਰ ਵਾਸੀਆਂ ਨੇ ਇਸ ਮੈਚ ਨੂੰ ਸਟੇਡੀਅਮ ਵਿੱਚ ਵੱਡੀ ਸਕਰੀਨ `ਤੇ ਲਾਈਵ ਦੇਖਿਆ ਅਤੇ ਮੈਚ ਦਾ ਪੂਰਾ ਅਨੰਦ ਮਾਣਿਆ। ਇਸ ਦੌਰਾਨ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਅਤੇ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਸ੍ਰੀ ਰਮਨ ਬਹਿਲ ਵੀ ਮੈਚ ਦੇਖਣ ਲਈ ਵਿਸ਼ੇਸ਼ ਤੌਰ `ਤੇ ਸਟੇਡੀਅਮ ਵਿੱਚ ਪਹੁੰਚੇ। ਵੱਡੀ ਸਕਰੀਨ ਰਾਹੀਂ ਜਦੋਂ ਦਰਸ਼ਕ ਕ੍ਰਿਕਟ ਵਿਸ਼ਵ ਕੱਪ ਦਾ ਸੈਮੀਫਾਈਨਲ ਮੈਚ ਦੇਖ ਰਹੇ ਸਨ ਤਾਂ ਜਦੋਂ ਵੀ ਚੌਕਾ, ਛੱਕਾ ਜਾਂ ਵਿਕਟ ਡਿੱਗਦੀ ਸੀ ਤਾਂ ਦਰਸ਼ਕਾਂ ਵੱਲੋਂ ਪੂਰੀ ਖੁਸ਼ੀ ਮਨਾਈ ਜਾਂਦੀ ਸੀ। ਗੁਰਦਾਸਪੁਰ ਦੇ ਸਟੇਡੀਅਮ ਵਿੱਚ ਦਰਸ਼ਕ ਏਵੇਂ ਮਹਿਸੂਸ ਕਰ ਰਹੇ ਸਨ ਜਿਵੇਂ ਉਹ ਖੁਦ ਸੈਮੀਫਾਈਨਲ ਮੈਚ ਵਾਲੇ ਸਟੇਡੀਅਮ ਵਿੱਚ ਮੌਜੂਦ ਹੋਣ। ਇਸ ਮੌਕੇ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਹ ਸਕਰੀਨ ਲਗਾਉਣ ਦਾ ਮਕਸਦ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾ ਕੇ ਖੇਡਾਂ ਨਾਲ ਜੋੜਨਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਖੇਡ ਸੱਭਿਆਚਾਰ ਪੈਦਾ ਕਰਨ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ ਜਿਸਦੇ ਫਲਸਰੂਪ ਚੰਗੇ ਨਤੀਜੇ ਵੀ ਸਾਹਮਣੇ ਆ ਰਹੇ ਹਨ। ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਪੜ੍ਹਾਈ ਦੇ ਨਾਲ ਖੇਡ ਗਤੀਵਿਧੀਆਂ ਵਿੱਚ ਵੀ ਭਾਗ ਲੈਣ। ਇਸ ਮੌਕੇ ਉਨ੍ਹਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਖਿਡਾਰੀਆਂ ਨੂੰ ਕ੍ਰਿਕਟ ਦੀ ਕਿੱਟ ਵੀ ਦਿੱਤੀ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ 19 ਨਵੰਬਰ ਦਿਨ ਐਤਵਾਰ ਨੂੰ ਕ੍ਰਿਕਟ ਵਿਸ਼ਵ ਕੱਪ ਦਾ ਫਾਈਨਲ ਮੈਚ ਵੀ ਸਟੇਡੀਅਮ ਵਿੱਚ ਵੱਡੀ ਸਕਰੀਨ ਉੱਪਰ ਦਿਖਾਇਆ ਜਾਵੇਗਾ। ਉਨ੍ਹਾਂ ਜ਼ਿਲ੍ਹੇ ਦੇ ਖਿਡਾਰੀਆਂ ਅਤੇ ਨੌਜਵਾਨਾਂ ਨੂੰ ਸੱਦਾ ਦਿੱਤਾ ਹੈ ਕਿ ਉਹ ਫਾਈਨਲ ਮੈਚ ਨੂੰ ਦੇਖਣ ਲਈ ਸਰਕਾਰੀ ਕਾਲਜ ਗੁਰਦਾਸਪੁਰ ਦੇ ਸ਼ਹੀਦ ਲੈਫਟੀਨੈਂਟ ਨਵਦੀਪ ਸਿੰਘ ਸਟੇਡੀਅਮ ਵਿਖੇ ਜਰੂਰ ਪਹੁੰਚਣ।