- ਸਮੱਸਿਆਵਾਂ ਨੂੰ ਸਮਝਾਉਣ ਦਾ ਦਿੱਤਾ ਭਰੋਸਾ
ਤਰਨ ਤਾਰਨ, 23 ਫ਼ਰਵਰੀ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਯੋਗ ਅਗਵਾਈ ਅਤੇ ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਲੋਕਾਂ ਨੂੰ ਨਿਰਵਿਘਨ ਬਿਜਲੀ ਦੀ ਸਪਲਾਈ ਮੁਹਈਆ ਕਰਵਾਉਣ ਦੇ ਉਦੇਸ਼ ਨਾਲ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਿਟਡ (ਪੀਐਸਪੀਸੀਐਲ) ਦੇ ਡਾਇਰੈਕਟਰ ਐਡਮਿਨ ਜਸਵੀਰ ਸਿੰਘ ਸੁਰ ਸਿੰਘ ਵੱਲੋਂ ਇੱਟ ਭੱਠਾ ਮਾਲਕਾਂ ਨਾਲ ਮੀਟਿੰਗ ਕਰਕੇ ਉਹਨਾਂ ਦੀਆਂ ਸਮੱਸਿਆਵਾਂ ਜਾਣੀਆਂ ਗਈਆਂ। ਇਸ ਮੌਕੇ ਇੱਟ ਭੱਠਾ ਐਸੋਸੀਏਸ਼ਨ ਦੇ ਨੁਮਾਇੰਦਿਆਂ ਨੇ ਡਾਇਰੈਕਟਰ ਐਡਮਿਨ ਨੂੰ ਦੱਸਿਆ ਹੈ ਕਿ ਦਿਹਾਤੀ ਇਲਾਕਿਆਂ ਵਿੱਚ ਬਿਜਲੀ ਦੇ ਕਾਫੀ ਕੱਟ ਲੱਗਦੇ ਹਨ, ਜਿਸ ਕਰਕੇ ਉਹਨਾਂ ਨੂੰ ਬਹੁਤ ਪਰੇਸ਼ਾਨੀ ਆਉਂਦੀ ਹੈ, ਕਿਉਂਕਿ ਜ਼ਿਆਦਾਤਰ ਭੱਠੇ ਹੁਣ ਬਿਜਲੀ ਨਾਲ ਹੀ ਚਲਦੇ ਹਨ। ਇਸ ਤੋਂ ਇਲਾਵਾ ਉਹਨਾਂ ਦੀਆਂ ਹੋਰਨਾਂ ਵਿਭਾਗਾਂ ਨਾਲ ਵੀ ਬਹੁਤ ਸਾਰੀਆਂ ਸਮੱਸਿਆਵਾਂ ਸਨ, ਜਿਸ ਸੰਬੰਧ ਵਿੱਚ ਉਹਨਾਂ ਨੇ ਮਾਨਯੋਗ ਮੁੱਖ ਮੰਤਰੀ ਨਾਲ ਮੁਲਾਕਾਤ ਕਰਵਾਏ ਜਾਣ ਦੀ ਅਪੀਲ ਵੀ ਕੀਤੀ। ਜਿਸ ਬਾਰੇ ਉਹਨਾਂ ਨੇ ਭਰੋਸਾ ਦਿੱਤਾ ਕਿ ਪੀਐਸਪੀਸੀਐਲ ਦੇ ਪੱਧਰ ਦੀਆਂ ਸਮੱਸਿਆਵਾਂ ਨੂੰ ਸੁਲਝਾਉਣ ਦੇ ਨਾਲ-ਨਾਲ ਜਲਦੀ ਹੀ ਸੂਬਾ ਪੱਧਰ 'ਤੇ ਇੱਟ ਭੱਠਾ ਐਸੋਸੀਏਸ਼ਨ ਦੇ ਨੁਮਾਇੰਦਿਆਂ ਦੀ ਮੁੱਖ ਮੰਤਰੀ ਨਾਲ ਮੀਟਿੰਗ ਕਰਵਾਈ ਜਾਵੇਗੀ। ਇਸ ਮੌਕੇ ਇੱਟ ਭੱਠਾ ਐਸੋਸੀਏਸ਼ਨ ਦੇ ਨੁਮਾਇੰਦਿਆਂ ਵਿੱਚ ਅੰਮ੍ਰਿਤਸਰ ਇੱਟ ਭੱਠਾ ਐਸੋਸੀਏਸ਼ਨ ਦੇ ਪ੍ਰਧਾਨ ਐਸ ਐਸ ਨੰਦਾ, ਚੇਅਰਮੈਨ ਸਤਪਾਲ ਸਿੰਘ, ਕੁਲਵੰਤ ਸਿੰਘ, ਬੇਦੀ ਸਾਹਿਬ, ਸਤੀਸ਼ ਭੱਲਾ, ਆਸ਼ੂ ਭੱਲਾ ਖਜਾਨਚੀ ਸਣੇ ਵੱਖ-ਵੱਖ ਇੱਟ ਭੱਠਿਆਂ ਦੇ ਮਾਲਕ ਮੌਜੂਦ ਰਹੇ।