- ਪਸ਼ੂ ਪਾਲਣ ਵਿਭਾਗ ਦੀਆਂ 16 ਵੈਟਨਰੀ ਟੀਮਾਂ ਹੜ੍ਹ ਪ੍ਰਭਾਵਤ ਖੇਤਰ ਵਿੱਚ ਪਸ਼ੂਆਂ ਦਾ ਕਰ ਰਹੀਆਂ ਹਨ ਇਲਾਜ
- ਪਸ਼ੂਆਂ ਲਈ ਫੀਡ ਦੇ ਨਾਲ ਸੁੱਕੇ ਤੇ ਹਰੇ ਚਾਰੇ ਦੀ ਵੀ ਕੀਤੀ ਜਾ ਰਹੀ ਹੈ ਵੰਡ
ਗੁਰਦਾਸਪੁਰ, 22 ਅਗਸਤ : ਹੜ੍ਹਾਂ ਪ੍ਰਭਾਵਤ ਖੇਤਰ ਵਿੱਚ ਪਸ਼ੂ ਪਾਲਣ ਵਿਭਾਗ ਦੀਆਂ ਟੀਮਾਂ ਵੱਲੋਂ ਪਸ਼ੂ ਧੰਨ ਨੂੰ ਬਚਾਉਣ ਦੇ ਉਪਰਾਲੇ ਲਗਾਤਾਰ ਜਾਰੀ ਹਨ। ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਪਸ਼ੂ ਪਾਲਣ ਵਿਭਾਗ ਦੇ ਡਿਪਟੀ ਡਾਇਰੈਕਟਰ ਡਾ. ਸ਼ਾਮ ਸਿੰਘ ਦੀ ਅਗਵਾਈ ਹੇਠ ਵੈਟਨਰੀ ਡਾਕਟਰਾਂ ਤੇ ਸਟਾਫ਼ ਦੀਆਂ ਟੀਮਾਂ ਵੱਲੋਂ ਹੜ੍ਹ ਪ੍ਰਭਾਵਤ ਖੇਤਰਾਂ ਵਿੱਚ ਪਹੁੰਚ ਕਰਕੇ ਪਸ਼ੂਆਂ ਦਾ ਇਲਾਜ ਕੀਤਾ ਜਾ ਰਿਹਾ ਹੈ। ਪਸ਼ੂ ਪਾਲਣ ਵਿਭਾਗ ਦੇ ਡਿਪਟੀ ਡਾਇਰੈਕਟਰ ਡਾ. ਸ਼ਾਮ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪੁਰਾਣਾ ਸ਼ਾਲਾ ਵਿਖੇ ਸਥਾਪਤ ਕੀਤੇ ਗਏ ਰੀਲੀਫ ਸੈਂਟਰ ਵਿਖੇ ਪਸ਼ੂ ਪਾਲਣ ਵਿਭਾਗ ਵੱਲੋਂ ਵੀ ਪਸ਼ੂਆਂ ਦੀ ਭਲਾਈ ਲਈ ਵਿਸ਼ੇਸ਼ ਸੈਂਟਰ ਸਥਾਪਤ ਕੀਤਾ ਗਿਆ ਹੈ ਜਿਥੇ ਵੈਟਨਰੀ ਡਾਕਟਰ ਦਿਨ-ਰਾਤ ਆਪਣੀਆਂ ਸੇਵਾਵਾਂ ਦੇ ਰਹੇ ਹਨ। ਡਾ. ਸ਼ਾਮ ਸਿੰਘ ਨੇ ਦੱਸਿਆ ਕਿ ਪਸ਼ੂ ਪਾਲਣ ਵਿਭਾਗ ਵੱਲੋਂ ਹੜ੍ਹ ਪ੍ਰਭਾਵਤ ਖੇਤਰ ਲਈ 16 ਵੈਟਨਰੀ ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ ਜਿਨ੍ਹਾਂ ਵੱਲੋਂ ਕੱਲ ਸ਼ਾਮ ਤੱਕ ਪ੍ਰਭਾਵਤ ਖੇਤਰ ਦੇ 925 ਪਸ਼ੂਆਂ ਦਾ ਇਲਾਜ ਕੀਤਾ ਗਿਆ ਹੈ। ਉਨਾਂ ਕਿਹਾ ਕਿ ਹੜ੍ਹ ਪ੍ਰਭਾਵਤ ਇਲਾਕੇ ਵਿਚੋਂ ਵੈਟਨਰੀ ਟੀਮਾਂ ਵੱਲੋਂ ਪਸ਼ੁਆਂ ਦੇ ਵਿਸ਼ੇਸ਼ ਟੀਕਾਕਰਨ ਦੇ ਨਾਲ ਮੁਫ਼ਤ ਦਵਾਈਆਂ ਵੀ ਦਿੱਤੀਆਂ ਜਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਵਿਭਾਗ ਵੱਲੋਂ ਅੱਜ ਤੱਕ 26.5 ਕਇੰਟਲ ਫੀਡ ਪ੍ਰਭਾਵਤ ਖੇਤਰ ’ਚ ਵੰਡੀ ਗਈ ਹੈ ਜਦਕਿ 1820 ਕੁਇੰਟਲ ਸੁੱਕਾ ਤੇ ਹਰਾ ਚਾਰਾ ਵੰਡਿਆ ਗਿਆ ਹੈ। ਉਨ੍ਹਾਂ ਕਿਹਾ ਕਿ ਸੁੱਕੇ ਤੇ ਹਰੇ ਚਾਰੇ ਦੀ ਸਮਾਜ ਸੇਵੀ ਸੰਸਥਾਵਾਂ ਵੱਲੋਂ ਵੀ ਮਦਦ ਕੀਤੀ ਜਾ ਰਹੀ ਹੈ। ਡਾ. ਸ਼ਾਮ ਸਿੰਘ ਨੇ ਕਿਹਾ ਕਿ ਪਸ਼ੂ ਪਾਲਣ ਵਿਭਾਗ ਪਸ਼ੂ ਧੰਨ ਦੀ ਸੇਵਾ ਵਿੱਚ ਹਰ ਸਮੇਂ ਹਾਜ਼ਰ ਹੈ ਅਤੇ ਜਿਥੇ ਵੀ ਪਸ਼ੂਆਂ ਦੀ ਮਦਦ ਦੀ ਲੋੜ ਹੁੰਦੀ ਹੈ ਪਸ਼ੂ ਪਾਲਣ ਵਿਭਾਗ ਦੀਆਂ ਟੀਮਾਂ ਤੁਰੰਤ ਓਥੇ ਪਹੁੰਚ ਕਰਦੀਆਂ ਹਨ। ਉਨਾਂ ਕਿਹਾ ਕਿ ਇਸ ਔਖੀ ਘੜੀ ਵਿੱਚ ਪਸ਼ੂ ਪਾਲਣ ਵਿਭਾਗ ਪਸ਼ੂ ਧੰਨ ਦੀ ਸੁਰੱਖਿਆ ਤੇ ਸੇਵਾ ਲਈ ਵਚਨਬੱਧ ਹੈ।