ਅੰਮ੍ਰਿਤਸਰ, 17 ਮਾਰਚ : ਨਿਹੰਗ ਸਿੰਘਾਂ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦੇ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਨੇ ਮਿਸਲ ਸ਼ਹੀਦਾਂ ਤਰਨਾ ਦਲ ਬਾਬਾ ਬਕਾਲਾ ਸਾਹਿਬ ਦੇ 15ਵੇਂ ਮੁੱਖੀ ਬਾਬਾ ਗੱਜਣ ਸਿੰਘ ਦੇ ਅਕਾਲ ਚਲਾਣੇ ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਨਿਹੰਗ ਮੁਖੀ ਨੇ ਕਿਹਾ ਕਿ ਸਿੱਖ ਧਰਮ ਤੇ ਸਿੱਖ ਪਰੰਪਰਾਵਾਂ ਦੀ ਸੰਭਾਲ ਲਈ ਨਿਹੰਗ ਸਿੰਘ ਜਥੇਬੰਦੀਆਂ ਹੀ ਗੁਰਇਤਿਹਾਸ ਤੇ ਸੱਭਿਆਚਾਰ ਦਾ ਦਰਪਣ ਹਨ। ਉਨ੍ਹਾਂ ਕਿਹਾ ਕਿ ਜਥੇਦਾਰ ਬਾਬਾ ਗੱਜਣ ਸਿੰਘ ਖ਼ਾਲਸਾ ਵਿਰਾਸਤ ਨੂੰ ਪ੍ਰਚਾਰਨ ਲਈ ਸਦਾ ਯਤਨਸੀਲ ਰਹੇ ਹਨ ਅਤੇ ਉਨ੍ਹਾਂ ਨੇ ਨਿਹੰਗ ਸਿੰਘਾਂ ਦੀ ਚੜ੍ਹਦੀਕਲਾ ਲਈ ਹਮੇਸ਼ਾ ਸਰਬ ਸਾਂਝੇ ਗੁਰਮਤੇ ਅਨੁਸਾਰ ਹੀ ਰੋਲ ਅਦਾ ਕੀਤਾ। ਬਾਬਾ ਗੱਜਣ ਸਿੰਘ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸਮਰਪਿਤ ਸਨ। ਉਨ੍ਹਾਂ ਕਿਹਾ ਕਿ ਬੁੱਢਾ ਦਲ ਵੱਲੋਂ ਕਰਵਾਏ ਗਏ ਵੱਖ-ਵੱਖ ਸ਼ਤਾਬਦੀ ਸਮਾਗਮਾਂ ਅਤੇ ਪੰਥਕ ਕਾਰਜਾਂ ਲਈ ਵੀ ਬਾਬਾ ਗੱਜਣ ਸਿੰਘ ਦਾ ਵੱਡਾ ਸਹਿਯੋਗ ਰਿਹਾ ਹੈ। ਉਨ੍ਹਾਂ ਕਿਹਾ ਕਿ ਬਾਬਾ ਗੱਜਣ ਸਿੰਘ ਦਾ ਅਕਾਲ ਚਲਾਣਾ ਖਾਲਸਾ ਪੰਥ ਲਈ ਵੱਡਾ ਘਾਟਾ ਹੈ। ਨਿਹੰਗ ਮੁਖੀ ਨੇ ਬਾਬਾ ਗੱਜਣ ਸਿੰਘ ਦੇ ਚਲਾਣੇ ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆ ਕਿਹਾ ਕਿ ਨਿਹੰਗ ਸਿੰਘ ਦਲਪੰਥ ਨੂੰ ਨਾ ਪੂਰਿਆ ਜਾਣ ਵਾਲਾ ਘਾਟਾ ਪਿਆ ਹੈ। ਉਨ੍ਹਾਂ ਅਕਾਲ ਪੁਰਖ ਦੇ ਚਰਨਾਂ ‘ਚ ਅਰਦਾਸ ਕੀਤੀ ਕਿ ਵਿਛੜੀ ਆਤਮਾ ਨੂੰ ਆਪਣੇ ਚਰਨਾਂ ‘ਚ ਨਿਵਾਸ ਬਖਸ਼ਣ ਤੇ ਪਿਛੇ ਸਮੁੱਚੇ ਖਾਲਸਾ ਪੰਥ ਨੂੰ ਇਹ ਅਸਹਿ ਅਕਹਿ ਵਿਛੋੜਾ ਸਹਿਣ ਲਈ ਬਲ ਪ੍ਰਦਾਨ ਕਰਨ। ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਨੇ ਅੰਤਿਮ ਸਸਕਾਰ ਹੋਣ ਤੋਂ ਪਹਿਲਾਂ ਗ: ਬਾਬਾ ਨੋਧ ਸਿੰਘ ਵਿਖੇ ਅੰਤਿਮ ਦਰਸ਼ਨ ਕੀਤੇ ਅਤੇ ਉਨ੍ਹਾਂ ਦੀ ਦੇਹ ਤੇ ਫੁੱਲਮਾਲਾ ਤੇ ਦੁਸ਼ਾਲਾ ਭੇਟ ਕੀਤਾ। ਇਸ ਮੌਕੇ ਹਜ਼ਾਰਾ ਸੰਗਤਾਂ ਨੇ ਸ਼ੇਜਲ ਅੱਖਾਂ ਨਾਲ ਉਨ੍ਹਾਂ ਨੂੰ ਅੰਤਿਮ ਵਦਾਇਗੀ ਦਿਤੀ। ਨਿਹੰਗ ਸਿੰਘਾਂ ਦੀਆਂ ਵੱਖ-ਵੱਖ ਜਥੇਬੰਦੀਆਂ ਵੱਲੋਂ ਉਨ੍ਹਾਂ ਦੀ ਦੇਹ ਤੇ ਫੁੱਲ ਮਾਲਾ ਤੇ ਦੁਸ਼ਾਲੇ ਭੇਟ ਕੀਤੇ। ਉਨ੍ਹਾਂ ਦੇ ਪੰਜ ਤੱਤਕ ਭੂਤਕ ਦੇਹ ਨੂੰ ਅਗਨੀ ਬਾਬਾ ਜੋਗਾ ਸਿੰਘ ਨੇ ਅਰਦਾਸ ਉਪਰੰਤ ਦਿਤੀ। ਇਸ ਸਮੇਂ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਮੁਖੀ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ, ਬਾਬਾ ਨਿਹਾਲ ਸਿੰਘ ਹਰੀਆਂ ਵੇਲਾਂ, ਬਾਬਾ ਅਵਤਾਰ ਸਿੰਘ ਮੁਖੀ ਬਾਬਾ ਬਿਧੀਚੰਦ ਸਾਹਿਬ ਸੰਪਰਦਾਇ ਤਰਨਾ ਦਲ ਸੁਰ ਸਿੰਘ, ਬਾਬਾ ਨਰਿੰਦਰ ਸਿੰਘ ਹਜ਼ੂਰ ਸਾਹਿਬ ਵਾਲੇ, ਬਾਬਾ ਮੇਜਰ ਸਿੰਘ ਦਸ਼ਮੇਸ਼ ਤਰਨਾਦਲ, ਬਾਬਾ ਗੁਰਦੇਵ ਸਿੰਘ ਸ਼ਹੀਦੀ ਬਾਗ਼ ਵਾਲੇ, ਬਾਬਾ ਜੀਤ ਸਿੰਘ ਜੌਹਲਾਂ ਵਾਲੇ, ਸਰਦਾਰ ਮਨਜੀਤ ਸਿੰਘ ਭੌਮਾ ਧਰਮ ਪ੍ਰਚਾਰ ਕਮੇਟੀ ਦਿਲੀ, ਬਾਬਾ ਰਘੁਬੀਰ ਸਿੰਘ, ਬਾਬਾ ਬਲਵਿੰਦਰ ਸਿੰਘ ਮਹਿਤਾ ਚੌਂਕ, ਬਾਬਾ ਬੁੱਧ ਸਿੰਘ ਨਿੱਕੇ ਘੁੰਮਣ, ਬਾਬਾ ਹਰਜੀਤ ਸਿੰਘ ਮਹਿਤਾ ਚੌਂਕ, ਬਾਬਾ ਦਿਲਜੀਤ ਸਿੰਘ ਬੇਦੀ, ਬਾਬਾ ਬਲਦੇਵ ਸਿੰਘ ਢੋਡੀ ਵਿੰਡ, ਬਾਬਾ ਸੁਖਵਿੰਦਰ ਸਿੰਘ ਮੌਰ, ਬਾਬਾ ਸ਼ਿੰਦਾ ਸਿੰਘ ਭਿਖੀਵਿੰਡ, ਬਾਬਾ ਦਰਸ਼ਨ ਸਿੰਘ ਟਾਹਲਾ ਸਾਹਿਬ ਅਤੇ ਅਨੇਕਾਂ ਹੀ ਵੱਖ-ਵੱਖ ਜਥੇਬੰਦੀਆਂ ਦੇ ਨੁਮਾਇੰਦੇ ਬਾਬਾ ਗੱਜਣ ਸਿੰਘ ਦੀ ਅੰਤਿਮ ਯਾਤਰਾ ਸਮੇਂ ਹਾਜ਼ਰ ਸਨ। ਯਾਦ ਰਹੇ ਕਿ ਬਾਬਾ ਗੱਜਣ ਸਿੰਘ ਦਿਲ ਦੇ ਰੋਗ ਤੋਂ ਪੀੜ੍ਹਤ ਸਨ ਅਤੇ ਫੋਰਟਿਸ ਐਕਸਕਾਰਟ ਹਸਪਤਾਲ ਵਿਚ ਡਾਕਟਰਾਂ ਦੇ ਜੇਰੇ ਇਲਾਜ ਰਹੇ। ਇਥੇ ਹੀ ਉਨਾਂ੍ਹ ਨੇ ਆਪਣੇ ਅੰਤਿਮ ਸੁਆਸ ਲਏ।