
ਅੰਮ੍ਰਿਤਸਰ, 8 ਦਸੰਬਰ 2024 : ਪੰਥਕ ਆਗੂ ਬਾਬਾ ਸਰਬਜੋਤ ਸਿੰਘ ਬੇਦੀ ਅੰਸ਼ ਵੰਸ਼ਜ ਖਾਲਸਾ ਰਾਜ ਦੇ ਬਾਨੀ ਬਾਬਾ ਸਾਹਿਬ ਸਿੰਘ ਬੇਦੀ ਜਥੇਦਾਰ ਅਕਾਲ ਤਖਤ ਸਾਹਿਬ (ਅਠਾਰਵੀਂ ਸਦੀ) ਨੇ ਕਿਹਾ ਕਿ ਬਾਦਲ ਦਲ ਵਲੋਂ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜਥੇਦਾਰ ਦਮਦਮਾ ਸਾਹਿਬ ਦੀ ਕਿਰਦਾਰਕੁਸ਼ੀ ਘਟੀਆ ਮਿਥਾਂ ਘੜਕੇ ਤਾਂ ਕੀਤੀ ਜਾ ਰਹੀ ਹੈ ,ਕਿਉਂਕਿ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਪੰਥਕ ਸੋਚ ਉਪਰ ਅਟਲ ਰਹਿਕੇ ਬਾਕੀ ਸਿੰਘ ਸਾਹਿਬਾਨ ਨਾਲ ਸਹਿਮਤੀ ਬਣਾਕੇ ਸੁਖਬੀਰ ਸਿੰਘ ਬਾਦਲ ਤੇ ਉਸਦੀ ਅਗਵਾਈ ਵਿਚ ਚਲ ਰਹੇ ਗੁਨਾਹਗਾਰ ਆਗੂਆਂ ਦਾ ਅਕਾਲ ਤਖਤ ਸਾਹਿਬ ਤੋਂ ਪੁਰਾਤਨ ਇਤਿਹਾਸਕ ਵਿਧੀ ਅਨੁਸਾਰ ਪਰਦਾਫਾਸ਼ ਕੀਤਾ ਹੈ ,ਜਿਸ ਤੋਂ ਸਿਖ ਪੰਥ ਸੰਤੁਸ਼ਟ ਹੈ ਤੇ ਬਾਦਲ ਦਲ ਦੀ ਗੁਨਾਹਗਾਰ ਲੀਡਰਸ਼ਿਪ ਹਾਰੀ ਮਹਿਸੂਸ ਕਰ ਰਹੀ ਹੈ।ਅਕਾਲ ਤਖਤ ਸਾਹਿਬ ਦਾ ਇਹ ਹੁਕਮ ਇਤਿਹਾਸਕ ਹੈ ਕਿ ਗੁਨਾਹਗਾਰ ਬਾਦਲ ਦਲ ਦੀ ਲੀਡਰਸ਼ਿਪ ਸਿਖ ਪੰਥ ਤੇ ਅਕਾਲੀ ਦਲ ਬਾਦਲ ਦੀ ਅਗਵਾਈ ਦੇ ਯੋਗ ਨਹੀਂ ਰਹੀ। ਬਾਬਾ ਬੇਦੀ ਨੇ ਕਿਹਾ ਕਿ ਅਸੀਂ ਸਿੰਘ ਸਾਹਿਬ ਨੂੰ ਅਪੀਲ ਕੀਤੀ ਕਿਸੇ ਵੀ ਮਨਮੁਖੀ ਗੁਨਾਹਗਾਰ ਬਿਰਤੀ ਵਾਲੀ ਲੀਡਰਸ਼ਿਪ ਦੇ ਪ੍ਰਭਾਵ ਕਬੂਲ ਨਾ ਕਰਨ ,ਅਠਾਰਵੀ ਤੇ ਉਨੀਵੀਂ ਸਦੀ ਜਥੇਦਾਰਾਂ ਬਾਬਾ ਸਾਹਿਬ ਸਿੰਘ ਬੇਦੀ ਤੇ ਅਕਾਲੀ ਫੂਲਾ ਸਿੰਘ ਵਾਂਗ ਰੋਸ਼ਨ ਰਹਿਣ।ਸਮੁਚਾ ਪੰਥ ਉਨ੍ਹਾਂ ਨਾਲ ਖਲੌਤਾ ਹੈ।ਉਨ੍ਹਾਂ ਸਮੂਹ ਪੰਥਕ ਧਿਰਾਂ ਨੂੰ ਅਪੀਲ ਕੀਤੀ ਕਿ ਉਹ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀ ਢਾਲ ਬਣਕੇ ਪਹਿਰੇਦਾਰੀ ਕਰਨ ਤੇ ਬਾਦਲ ਪਰਿਵਾਰ ਦੀਆਂ ਤਖਤ ਸਾਹਿਬਾਨ ਨੂੰ ਗੁਲਾਮ ਬਣਾਉਣ ਦੀ ਮਸੰਦ ਪਰੰਪਰਾ ਨੂੰ ਰੋਕਣ।ਉਨ੍ਹਾਂ ਕਿਹਾ ਕਿ ਤਖਤ ਸਾਹਿਬਾਨਾਂ ਦੀ ਖੁਦਮੁਖਤਿਆਰੀ ਲਈ ਗੁਰੂ ਪੰਥ ਨੂੰ ਪਹਿਰਾ ਦੇਣਾ ਪਵੇਗਾ। ਬਾਬਾ ਬੇਦੀ ਨੇ ਕਿਹਾ ਕਿ ਬਾਦਲ ਦਲ ਦੀ ਲੀਡਰਸ਼ਿਪ ਤੇ ਸੁਖਬੀਰ ਸਿੰਘ ਬਾਦਲ ਨੇ ਅਕਾਲ ਤਖ਼ਤ ਸਾਹਿਬ ਦੇ ਆਦੇਸ਼ਾਂ ਤੋਂ ਭਗੌੜਾ ਹੋਣ ਦਾ ਸਬੂਤ ਪੇਸ਼ ਕੀਤਾ ਹੈ, ਜਿਹੜਾ ਕਿ ਗੁਰੂ ਖਾਲਸਾ ਪੰਥ ਦੀ ਤੌਹੀਨ ਹੈ। ਉਨ੍ਹਾਂ ਕਿਹਾ ਕਿ ਸਿੰਘ ਸਾਹਿਬਾਨਾਂ ਵਲੋਂ ਆਦੇਸ਼ ਹੋਏ ਸੀ ਅਸਤੀਫ਼ਾ ਦੇ ਚੁੱਕੇ ਲੀਡਰਾਂ ਦਾ ਤਿੰਨ ਦਿਨ ਅੰਦਰ ਅਸਤੀਫ਼ਾ ਸਵੀਕਾਰ ਕਰਕੇ ਸਕੱਤਰੇਤ ਅਕਾਲ ਤਖ਼ਤ ਸਾਹਿਬ ਨੂੰ ਜਾਣਕਾਰੀ ਭੇਜੀ ਜਾਵੇ ਪਰ ਅਕਾਲ ਤਖਤ ਸਾਹਿਬ ਦੇ ਸੰਦੇਸ਼ ਉਲਟ ਜਾਕੇ ਵਰਕਿੰਗ ਕਮੇਟੀ ਦੇ ਮੁਖੀ ਬਲਵਿੰਦਰ ਸਿੰਘ ਭੂੰਦੜ ਨੇ ਅਕਾਲ ਤਖਤ ਸਾਹਿਬ ਤੇ ਖਾਲਸਾ ਪੰਥ ਨੂੰ ਬੇਦਾਵਾ ਦਿਤਾ ਹੈ । ਉਨ੍ਹਾਂ ਕਿਹਾ ਕਿ ਅਕਾਲੀ ਦਲ ਦੀ ਲੀਡਰਸ਼ਿਪ ਨੇ ਹਾਲੇ ਤੱਕ ਵੀ ਪੰਥਕ ਗੁਨਾਹਾਂ ਤੋਂ ਸਬਕ ਨਹੀਂ ਲਿਆ ਅਤੇ ਖਾਲਸਾ ਪੰਥ ਤੇ ਅਕਾਲ ਤਖਤ ਸਾਹਿਬ ਨਾਲ ਟਕਰਾਅ ਦੇ ਰਾਹੇ ਪਏ ਹੋਏ ਚੁਤਰਾਈਆਂ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਲੋਕ ਅਕਾਲ ਤਖਤ ਸਾਹਿਬ ਤੋਂ ਅਕਾਲੀ ਦਲ ਦੀ ਪੁਨਰ ਸਿਰਜਣਾ ਦੇ ਹੱਕ ਵਿਚ ਨਹੀਂ ਹਨ ,ਤੇ ਸੁਖਬੀਰ ਸਿੰਘ ਬਾਦਲ ਨੂੰ ਅਕਾਲੀ ਦਲ ਦੇ ਪ੍ਰਧਾਨ ਵਜੋਂ ਉਭਾਰਨ ਦੀਆਂ ਕੁਚਜੀਆਂ ਚਾਲਾਂ ਚਲ ਰਹੇ ਹਨ।ਬਾਬਾ ਬੇਦੀ ਨੇ ਅਕਾਲ ਤਖਤ ਦੇ ਜਥੇਦਾਰ ਨੂੰ ਅਪੀਲ ਕਰਦਿਆਂ ਕਿਹਾ ਕਿ ਇਹਨਾਂ ਸਭਨਾਂ ਨੂੰ ਪੰਥਕ ਪਰੰਪਰਾਵਾਂ ਦੀ ਉਲੰਘਣਾ ਕਾਰਣ ਤਲਬ ਕੀਤਾ ਜਾਵੇ।ਜੇਕਰ ਇਹ ਅਕਾਲ ਤਖਤ ਸਾਹਿਬ ਦਾ ਹੁਕਮ ਨਹੀਂ ਮੰਨਦੇ ਤਾਂ ਅਠਾਰਵੀਂ ਸਦੀ ਵਾਂਗ ਪੰਥ ਦਾ ਨੁਮਾਇੰਦਾ ਇਕਠ ਸਦਕੇ ਫੈਸਲੇ ਲਏ ਜਾਣ ਤੇ ਅਕਾਲੀ ਦਲ ਪੁਨਰ ਸਿਰਜਣਾ ਲਈ ਕਮੇਟੀ ਵਿਚ ਪੰਥਕ ਧਿਰਾਂ ਦੇ ਨੁਮਾਇੰਦੇ ਲਏ ਜਾਣ।