ਅਦਾਲਤ ਵੱਲੋਂ ਸੁਧੀਰ ਸੂਰੀ ਦੇ ਕਤਲ ਦੇ ਮੁਲਜ਼ਮ ਸੰਦੀਪ ਸਿੰਘ ਸੰਨੀ ਨੂੰ ਸੱਤ ਦਿਨ ਦੇ ਰਿਮਾਂਡ ਤੇ ਭੇਜਿਆ

ਅੰਮ੍ਰਿਤਸਰ : ਅੱਜ ਹਿੰਦੂ ਸ਼ਿਵ ਸੈਨਾ ਦੇ ਨੇਤਾ ਸੁਧੀਰ ਸੂਰੀ ਦੇ ਕਤਲ ਦੇ ਮੁਲਜ਼ਮ ਸੰਦੀਪ ਸਿੰਘ ਸੰਨੀ ਨੂੰ ਇਕ ਵਾਰ ਫਿਰ ਅਦਾਲਤ ਵਿਚ ਪੇਸ਼ ਕੀਤਾ ਗਿਆ। ਇਸ ਤੋਂ ਪਹਿਲਾਂ ਵੀ ਅਦਾਲਤ ਵੱਲੋਂ ਸੰਦੀਪ ਸਿੰਘ ਸੰਨੀ ਨੂੰ ਸੱਤ ਦਿਨ ਦੇ ਰਿਮਾਂਡ ਉਤੇ ਭੇਜਿਆ ਗਿਆ ਸੀ ਜਿਸ ਦਾ ਅੱਜ ਰਿਮਾਂਡ ਖਤਮ ਹੋ ਗਿਆ ਸੀ ਉਸ ਨੂੰ ਲੈ ਕੇ ਇਕ ਵਾਰ ਫਿਰ ਪੁਲਿਸ ਵੱਲੋਂ ਸੰਦੀਪ ਸਿੰਘ ਸੰਨੀ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਇਸ ਤੋਂ ਪਹਿਲਾਂ ਸੁਰੱਖਿਆ ਵਿਵਸਥਾ ਨੂੰ ਲੈ ਕੇ ਪੁਲਿਸ ਵੱਲੋਂ ਪੁਖਤਾ ਪ੍ਰਬੰਧ ਕੀਤੇ ਗਏ। ਅੱਜ ਸਿੱਖ ਜਥੇਬੰਦੀਆਂ ਨੂੰ ਜਿਸ ਤਰ੍ਹਾਂ ਹੀ ਪਤਾ ਲੱਗਾ ਕਿ ਸੰਦੀਪ ਸਿੰਘ ਸੰਨੀ ਨੂੰ ਅਦਾਲਤ ਵਿੱਚ ਪੇਸ਼ ਕਰਨ ਲੈ ਕੇ ਆ ਰਹੇ ਹਨ ਤਾਂ ਸਿੱਖ ਜਥੇਬੰਦੀਆਂ ਵੀ ਅਦਾਲਤ ਦੇ ਬਾਹਰ ਪਹੁੰਚ ਗਈਆਂ ਪਰ ਪੁਲਿਸ ਨੇ ਮੁਸਤੈਦੀ ਨਾਲ ਸਥਿਤੀ ਨੂੰ ਕਾਬੂ ਹੇਠ ਰੱਖਿਆ। ਇਸ ਮੌਕੇ ਪੁਲਿਸ ਅਧਿਕਾਰੀ ਜਗਜੀਤ ਸਿੰਘ ਵਾਲੀਆ ਨੇ ਕਿਹਾ ਕਿ ਅਦਾਲਤ ਵੱਲੋਂ ਸੰਦੀਪ ਸਿੰਘ ਸੰਨੀ ਦਾ ਤਿੰਨ ਦਿਨ ਦਾ ਰਿਮਾਂਡ ਹਾਸਲ ਹੋਇਆ ਹੈ। ਉੱਥੇ ਹੀ ਸੰਦੀਪ ਸਿੰਘ ਸੰਨੀ ਦੇ ਵਕੀਲ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਜੋ ਉਸ ਕੋਲੋਂ ਪਿਸਤੌਲ ਬਰਾਮਦ ਹੋਇਆ ਹੈ ਉਹ ਵੀ ਸੰਦੀਪ ਸਿੰਘ ਸੰਨੀ ਦਾ ਆਪਣਾ ਲਾਇਸੈਂਸੀ ਰਿਵਾਲਵਰ ਹੈ। ਹੁਣ ਸੰਦੀਪ ਸਿੰਘ ਸੰਨੀ ਨੂੰ 15 ਨਵੰਬਰ ਨੂੰ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ। ਇਸ ਮੌਕੇ ਸਿੱਖ ਜਥੇਬੰਦੀ ਦੇ ਆਗੂ ਪਰਮਜੀਤ ਸਿੰਘ ਅਕਾਲੀ ਨੇ ਕਿਹਾ ਕਿ ਪੁਲਿਸ ਵੱਲੋਂ ਭਾਈਚਾਰਕ ਸਾਂਝ ਨੂੰ ਲੈ ਕੇ ਸੁਰੱਖਿਆ ਪ੍ਰਬੰਧ ਪੁਖਤਾ ਕੀਤੇ ਹੋਏ ਸਨ। ਇਸ ਦੌਰਾਨ ਸਿੱਖ ਜਥੇਬੰਦੀਆਂ ਨੇ ਸੰਦੀਪ ਸਿੰਘ ਸੰਨੀ ਵਾਲੀ ਵੈਨ ਉਤੇ ਫੁੱਲਾਂ ਦੀ ਵਰਖਾ ਕਰਨ ਦੀ ਵੀ ਕੋਸ਼ਿਸ਼ ਕੀਤੀ। ਕਾਬਿਲੇਗੌਰ ਹੈ ਕਿ ਸੁਧੀਰ ਸੂਰੀ ਦੀ 4 ਅਕਤੂਬਰ ਨੂੰ ਹੱਤਿਆ ਕਰ ਦਿੱਤੀ ਗਈ ਸੀ, ਜਦੋਂ ਉਹ ਮੂਰਤੀਆਂ ਦੀ ਭੰਨਤੋੜ ਖਿਲਾਫ਼ ਗੋਪਾਲ ਮੰਦਰ ਦੇ ਸਾਹਮਣੇ ਪ੍ਰਦਰਸ਼ਨ ਕਰ ਰਹੇ ਸਨ। ਇਲਜ਼ਾਮ ਹੈ ਕਿ ਸੰਦੀਪ ਉਸੇ ਸਮੇਂ ਇਕ ਕਾਰ ਵਿੱਚ ਉੱਥੇ ਪੁੱਜਿਆ ਤੇ ਆਪਣੇ ਪਿਸਤੌਲ ਨਾਲ ਸੂਰੀ ਉੱਤੇ ਪਿੱਛਿਓਂ ਕਈ ਗੋਲ਼ੀਆਂ ਚਲਾਈਆਂ। ਹਸਪਤਾਲ ਲਿਜਾਂਦੇ ਸਮੇਂ ਸੂਰੀ ਦੀ ਮੌਤ ਹੋ ਗਈ।