ਅੰਮ੍ਰਿਤਸਰ 14 ਜਨਵਰੀ : ਮੁੱਖ ਮੰਤਰੀ ਭਗਵੰਤ ਮਾਨ ਦੇ ਯਤਨਾ ਸਦਕਾ ਕੇਂਦਰ ਸਰਕਾਰ ਕੰਡਿਆਲੀ ਤਾਰ ਨੂੰ ਅੱਗੇ ਲੈ ਕੇ ਜਾ ਰਹੀ ਹੈ। ਜਿਸ ਨਾਲ ਕਿਸਾਨਾਂ ਨੂੰ ਵੱਡਾ ਫਾਇਦਾ ਹੋਵੇਗਾ ਅਤੇ ਕੇਂਦਰ ਸਰਕਾਰ ਦਾ ਇਹ ਫੈਸਲਾ ਬਹੁਤ ਹੀ ਸ਼ਲਾਘਾਯੋਗ ਹੈ। ਇਨਾਂ ਸ਼ਬਦਾਂ ਦਾ ਪ੍ਰਗਟਾਵਾ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਸ: ਕੁਲਦੀਪ ਸਿੰਘ ਧਾਲੀਵਾਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮਾਨ ਸਰਕਾਰ ਵਲੋਂ ਭਾਰਤ ਸਰਕਾਰ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਧਿਆਨ ਵਿਚ ਕੰਡਿਆਲੀ ਤਾਰ ਦਾ ਮੁੱਦਾ ਚੁੱਕਿਆ ਸੀ ਕਿ ਇਸ ਤਾਰ ਨੂੰ ਕੁੱਝ ਅੱਗੇ ਲੈ ਕੇ ਜਾਇਆ ਜਾਵੇ ਤਾਂ ਜੋ ਕਿਸਾਨਾਂ ਨੂੰ ਫਾਇਦਾ ਮਿਲ ਸਕੇ। ਉਨਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਦੇ ਮੰਤਰੀਆਂ ਨੇ ਕੇਵਲ ਆਪਣੇ ਹਿੱਤ ਦੇ ਮੁੱਦੇ ਹੀ ਚੁੱਕੇ ਸਨ। ਜਦਕਿ ਇਹ ਕੰਮ ਅੱਜ ਤੋਂ 50 ਸਾਲ ਪਹਿਲਾਂ ਹੀ ਹੋ ਜਾਣੇ ਚਾਹੀਦੇ ਸਨ। ਉਨਾਂ ਕਿਹਾ ਕਿ ਅਸੀਂ ਇਕ ਸਾਲ ਦੇ ਅੰਦਰ-ਅੰਦਰ ਹੀ ਕਿਸਾਨਾਂ ਦੇ ਹਿੱਤਾਂ ਲਈ ਕਈ ਅਹਿਮ ਫੈਸਲੇ ਕੀਤੇ ਹਨ ਅਤੇ ਕਿਸਾਨਾਂ ਨੂੰ ਕਿਸੇ ਕਿਸਮ ਦੀ ਕੋਈ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ। ਸ: ਧਾਲੀਵਾਲ ਨੇ ਦੱਸਿਆ ਕਿ ਭੱਲਾ ਪਿੰਡ ਦੀ ਸ਼ੂਗਰ ਮਿੱਲ ਦਾ ਯਾਰਡ ਜੋ ਕਿ ਪਿਛਲੇ ਕਾਫ਼ੀ ਸਮੇਂ ਤੋਂ ਬਦਤਰ ਹਾਲਤ ਵਿੱਚ ਸੀ ਅਤੇ ਕਿਸਾਨਾਂ ਨੂੰ ਇਥੇ ਟਰੈਕਟਰ ਟਰਾਲੀਆਂ ਖੜ੍ਹੀ ਕਰਨ ਵਿੱਚ ਕਾਫ਼ੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ। ਉਨਾਂ ਕਿਹਾ ਕਿ ਇਹ ਯਾਰਡ ਦੋ ਮਹੀਨੇ ਵਿਚ ਹੀ ਨਵਾਂ ਬਣਾਇਆ ਜਾਵੇਗਾ ਅਤੇ ਕੰਕਰੀਟ ਦਾ ਵਧੀਆ ਫਰਸ਼ ਪਾਇਆ ਜਾਵੇਗਾ ਤਾਂ ਜੋ ਕਿਸਾਨਾਂ ਨੂੰ ਕਿਸੇ ਕਿਸਮ ਦੀ ਮੁਸ਼ਕਿਲ ਪੇਸ਼ ਨਾ ਆਵੇ ਉਨਾਂ ਕਿਹਾ ਕਿ ਕਿਸਾਨਾਂ ਨੂੰ ਇਕ ਹਫ਼ਤੇ ਦੇ ਅੰਦਰ ਹੀ ਗੰਨੇ ਦੀ ਅਦਾਇਗੀ ਕਰ ਦਿੱਤੀ ਜਾਂਦੀ ਹੈ। ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਨੇ ਦੱਸਿਆ ਕਿ ਅੱਜ ਰਾਵੀ ਦਰਿਆ ਤੋਂ ਪਾਰ ਖੇਤੀ ਕਰਨ ਵਾਲੇ ਕਿਸਾਨਾਂ ਨੂੰ ਆਪਣੇ ਸੰਦ ਲੈ ਕੇ ਜਾਣ ਲਈ ਤਿੰਨ ਬੇੜੇ ਮੁਹੱਈਆ ਕਰਵਾਏ ਗਏ ਹਨ। ਉਨਾਂ ਦੱਸਿਆ ਕਿ ਸੁਰੱਖਿਆ ਕਾਰਨਾਂ ਕਰਕੇ ਇਥੇ ਪੱਕੇ ਪੁੱਲ ਨਹੀਂ ਬਣਾਏ ਜਾ ਸਕਦੇ। ਪਰ ਜਲਦ ਹੀ ਇਥੇ ਕਿਸਾਨਾਂ ਦੇ ਫਾਇਦਾ ਲਈ ਪਲਟੂਨ ਪੁੱਲ ਬਣਾਏ ਜਾਣਗੇ। ਉਨਾਂ ਦੱਸਿਆ ਕਿ ਅਜਨਾਲੇ ਹਲਕੇ ਦਾ ਵਿਕਾਸ ਤੇਜੀ ਨਾਲ ਹੋ ਰਿਹਾ ਹੈ ਅਤੇ ਵਿਕਾਸ ਦੇ ਕਾਰਜਾਂ ਲਈ ਫੰਡਾਂ ਦੀ ਕੋਈ ਕਮੀ ਨਹੀਂ ਹੈ । ਉਨਾਂ ਕਿਹਾ ਕਿ 19 ਮਾਰਚ ਨੂੰ ਸਰਕਾਰ ਦਾ ਇਕ ਸਾਲ ਪੂਰਾ ਹੋਣ ਜਾ ਰਿਹਾ ਹੈ। ਇਸ ਮੌਕੇ ਹਲਕਾ ਨਿਵਾਸੀਆਂ ਨੂੰ ਇਕ ਸਾਲ ਦੇ ਵਿਕਾਸ ਕਾਰਜਾਂ ਦਾ ਬਿਓਰਾ ਵੀ ਦਿੱਤਾ ਜਾਵੇਗਾ।