ਬਟਾਲਾ, 11 ਅਗਸਤ : ਆਯੂਸ਼ਮਾਨ ਭਾਰਤ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਦੇ ਪ੍ਰਚਾਰ ਮੁਹਿੰਮ ਤਹਿਤ ਅੱਜ ਬਲਾਕ ਕਾਹਨੂੰਵਾਨ ਦੇ ਪਿੰਡ ਨਾਨੋਵਾਲ ਜਿੰਦੜ ਤੇ ਪਿੰਡ ਭੈਣੀ ਮੀਆਂ ਖਾਂ ਵਿਖੇ ਸ. ਜਗਰੂਪ ਸਿੰਘ ਸੇਖਵਾਂ, ਚੇਅਰਮੈਨ ਜ਼ਿਲ੍ਹਾ ਯੋਜਨਾ ਕਮੇਟੀ ਗੁਰਦਾਸਪੁਰ ਵਲੋਂ ਇਸ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ। ਇਸ ਮੌਕੇ ਡਾ. ਲਲਿਤ ਮੋਹਨ, ਐਸ.ਐਮ.ਓ ਭੈਣੀ ਮੀਆਂ ਖਾਂ ਵੀ ਮੋਜਦੂ ਸਨ। ਚੇਅਰਮੈਨ ਸੇਖਵਾਂ ਨੇ ਲੋਕਾਂ ਨੂੰ ਆਯੂਸ਼ਮਾਨ ਕਾਰਡ ਬਣਾਉਣ ਲਈ ਜਾਗਰੂਕ ਕਰਦਿਆਂ ਕਿਹਾ ਕਿ ‘ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਤਹਿਤ’ ਪੰਜਾਬ ਦੇ ਲੋਕਾਂ ਨੂੰ 5 ਲੱਖ ਰੁਪਏ ਦੇ ਮੁਫਤ ਇਲਾਜ ਦੀ ਸਹੂਲਤ ਦਿੱਤੀ ਜਾ ਰਹੀ ਹੈ। ਆਯੂਸ਼ਮਾਨ ਕਾਰਡ ਨਾਲ ਸਾਰੇ ਸਰਕਾਰੀ ਹਸਪਤਾਲ ਵਿੱਚ ਇਲਾਜ ਮੁਫ਼ਤ ਕੀਤਾ ਜਾਂਦਾ ਹੈ। ਉਨਾਂ ਕਿਹਾ ਕਿ ਸਿਹਤ ਬੀਮਾ ਅੱਜ ਦੇ ਸਮੇਂ ਵਿਚ ਅਹਿਮ ਜਰੂਰਤ ਹੈ ਇਸ ਸਮੇਂ ਬਿਮਾਰੀਆਂ ਵੱਧ ਰਹੀਆਂ ਹਨ ਤੇ ਇਲਾਜ ਦੇ ਮਹਿੰਗੇ ਹੋਣ ਕਾਰਨ ਬਹੁਤ ਲੋਕ ਇਲਾਜ ਤੋ ਵਾਂਝੇ ਰਹਿ ਜਾਂਦੇ ਹਨ। ਸਿਹਤ ਬੀਮਾ ਸਮੇਂ ਤੇ ਵਧੀਆ ਅਤੇ ਕੈਸ਼ਲੈਸ ਇਲਾਜ ਦੀ ਸਹੂਲਤ ਦਿੰਦਾ ਹੈ। ਉਨਾਂ ਦੱਸਿਆ ਕਿ ਲੋਕਾਂ ਨੂੰ ਜਾਗਰੂਕ ਕਰਨ ਦੇ ਮੰਤਵ ਨਾਲ ਹੀ ਸਿਹਤ ਵਿਭਾਗ ਵਲੋ ਪ੍ਰਚਾਰ ਵੈਨ ਦੇ ਨਾਲ-ਨਾਲ ਸਿਹਤ ਬੀਮਾ ਕਾਰਡ ਬਣਾਉਣ ਦੀ ਸ਼ੁਰੂਆਤ ਕੀਤੀ ਗਈ ਹੈ। ਉਨਾਂ ਕਿਹਾ ਕਿ ਲੋਕ ਕਾਰਡ ਬਣਾ ਕੇ ਇਸ ਸਹੂਲਤ ਦਾ ਵੱਧ ਤੋਂ ਵੱਧ ਫਾਇਦਾ ਲੈਣ। ਇਸ਼ ਮੌਕੇ ਐਸ.ਐਮ.ਓ ਲਲਿਤ ਮੋਹਨ ਨੇ ਦੱਸਿਆ ਕਿ ਕਾਰਡ ਧਾਰਕ ਇਸ ਯੋਜਨਾ ਤਹਿਤ ਪੰਜਾਬ ਵਿਚ 900 ਤੋਂ ਵੱਧ ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲਾਂ ਵਿੱਚ ਆਪਣਾ ਇਲਾਜ ਕਰਵਾ ਸਕਦੇ ਹਨ। ਉਨਾਂ ਕਿਹਾ ਕਿ ਸਿਹਤ ਵਿਭਾਗ ਵਲੋਂ ਪਿੰਡਾਂ ਵਿੱਚ ਜਾ ਕੇ ਲੋਕਾਂ ਨੂੰ ਕਾਰਡ ਬਣਾਉਣ ਲਈ ਜਾਗਰੂਕ ਕੀਤਾ ਜਾ ਰਿਹਾ ਹੈ। ਉਨਾਂ ਸਾਰੇ ਗੈਰ-ਸਰਕਾਰੀ ਸੰਸਥਾਵਾਂ, ਪੰਚ-ਸਰਪੰਚਾਂ, ਐਮ.ਸੀ ਅਹੁਦੇਦਾਰਾਂ ਨੂੰ ਅਪੀਲ ਕੀਤੀ ਕਿ ਉਹ ਆਯੂਸ਼ਮਾਨ ਕਾਰਡ ਬਨਾਉਣ ਵਿਚ ਵੱਧ-ਚੜ੍ਹ ਕੇ ਸਹਿਯੋਗ ਕਰਨ। ਇਸ ਮੌਕੇ ਡਾ. ਮੁਕੇਸ਼ ਭਗਤ, ਰਛਪਾਲ ਸਿੰਘ ਸਹਾਇਕ ਮਲੇਰੀਆਂ ਅਫ਼ਸਰ, ਮਹਿੰਦਰਪਾਲ ਐਚ.ਆਈ, ਭੁਪਿੰਦਰ ਸਿੰਘ ਕੰਮ ਬੀ.ਈ.ਈ, ਸ੍ਰੀਮਤੀ ਕੰਵਲਜੀਤ ਕੌਰ ਐਮ. ਐਲ. ਟੀ , ਬਲਜਿੰਦਰ ਸਿੰਘ, ਪਰਮਜੀਤ ਕੌਰ ਆਰੋਗਿਆ ਮਿੱਤਰ ਆਦਿ ਹਾਜ਼ਰ ਸਨ।