- ਜਿਲ੍ਹੇ ਨੂੰ ਨਸ਼ਾ ਮੁਕਤ ਕਰਨ ਲਈ ਡਿਪਟੀ ਕਮਿਸ਼ਨਰ ਨੇ ਜਾਰੀ ਕੀਤਾ ਆਪਣਾ ਨੰਬਰ
ਅੰਮ੍ਰਿਤਸਰ 17 ਜੁਲਾਈ 2024 : ਡਿਪਟੀ ਕਮਿਸ਼ਨਰ ਸ੍ਰੀ ਘਨਸ਼ਾਮ ਥੋਰੀ ਨੇ ਜੰਡਿਆਲਾ, ਵੇਰਕਾ ਅਤੇ ਇਸ ਦੇ ਨਾਲ ਲੱਗਦੇ ਪਿੰਡਾਂ ਤੋਂ ਆਏ ਮੋਹਤਬਰਾਂ ਨਾਲ ਨਸ਼ੇ ਦੀ ਸਮੱਸਿਆ ਨੂੰ ਲੈ ਕੇ ਗੱਲਬਾਤ ਕਰਦੇ ਹੋਏ ਆਪਣਾ ਫੋਨ ਨੰਬਰ ਦਿੰਦੇ ਕਿਹਾ ਕਿ ਜੇਕਰ ਤੁਹਾਡੀ ਸ਼ਿਕਾਇਤ ਉੱਤੇ ਪੁਲਿਸ ਕੋਈ ਕਾਰਵਾਈ ਨਹੀਂ ਕਰਦੀ ਤਾਂ ਤੁਸੀਂ ਮੈਨੂੰ ਇਸ ਨੰਬਰ ਉੱਤੇ ਸੰਦੇਸ਼ ਭੇਜੋ। ਉਹਨਾਂ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਸ ਭਗਵੰਤ ਸਿੰਘ ਮਾਨ ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਪੂਰੀ ਵਾਹ ਲਾ ਰਹੇ ਹਨ ਅਤੇ ਜ਼ਿਲਾ ਪ੍ਰਸ਼ਾਸਨ ਤੇ ਪੁਲਿਸ ਵੀ ਹਰ ਤਰ੍ਹਾਂ ਇਸ ਲਈ ਕੰਮ ਕਰ ਰਹੇ ਹਨ ਪਰ ਫਿਰ ਵੀ ਕਈ ਵਾਰ ਹੇਠਲੇ ਪੱਧਰ ਉੱਤੇ ਕਈ ਸਮੱਸਿਆਵਾਂ ਆ ਜਾਂਦੀਆਂ ਹਨ । ਉਹਨਾਂ ਕਿਹਾ ਕਿ ਹਾਲ ਹੀ ਵਿੱਚ ਜਿਲਾ ਪੁਲਿਸ ਨੇ ਅਜਿਹੇ ਤਿੰਨ ਪੁਲਿਸ ਕਰਮੀ ਜਿਨਾਂ ਦੀ ਨਸ਼ਾ ਸਮਗਲਰਾਂ ਨਾਲ ਸਾਂਝ ਸੀ ਨੂੰ ਨੌਕਰੀ ਤੋਂ ਫਾਰਗ ਕਰ ਦਿੱਤਾ ਹੈ ਅਤੇ ਹੁਣ ਉਹਨਾਂ ਦੀਆਂ ਜਾਇਦਾਤਾਂ ਵੀ ਜਪਤ ਕਰਨ ਦੀ ਕਾਰਵਾਈ ਚੱਲ ਰਹੀ ਹੈ। ਉਹਨਾਂ ਨੇ ਆਪਣਾ ਨੰਬਰ 7973867446 ਮੋਹਤਬਰਾਂ ਨੂੰ ਦਿੰਦੇ ਕਿਹਾ ਕਿ ਜੇਕਰ ਤੁਹਾਡੇ ਵੱਲੋਂ ਦਿੱਤੀ ਗਈ ਸੂਚਨਾ ਜਾਂ ਸ਼ਿਕਾਇਤ ਉੱਤੇ ਲੋਕਲ ਪੁਲਿਸ ਕੋਈ ਕਾਰਵਾਈ ਨਹੀਂ ਕਰਦੀ ਤਾਂ ਤੁਸੀਂ ਇਸ ਨੰਬਰ ਉੱਤੇ ਮੈਨੂੰ ਸੰਦੇਸ਼ ਭੇਜੋ ਮੈਂ ਤੁਹਾਡਾ ਨਾਂ ਦੱਸੇ ਬਿਨਾਂ ਜ਼ਿਲਾ ਪੁਲਿਸ ਮੁਖੀ ਨੂੰ ਭੇਜ ਕੇ ਉਸ ਸ਼ਿਕਾਇਤ ਉੱਤੇ ਕਾਰਵਾਈ ਕਰਨੀ ਯਕੀਨੀ ਬਣਾਵਾਂਗਾ। ਉਹਨਾਂ ਕਿਹਾ ਕਿ ਨਸ਼ੇ ਨੂੰ ਰੋਕਣ ਲਈ ਸਭ ਤੋਂ ਵੱਡਾ ਯੋਗਦਾਨ ਪੁਲਿਸ ਦਾ ਹੈ ਅਤੇ ਸਿਵਲ ਪ੍ਰਸ਼ਾਸਨ ਵੱਜੋਂ ਅਸੀਂ ਕੰਮ ਕਰ ਰਹੇ ਹਾਂ ਪਰ ਇਹ ਸਫਲਤਾ ਲੋਕਾਂ ਦੇ ਸਾਥ ਬਿਨਾਂ ਮਿਲਣੀ ਬਹੁਤ ਔਖੀ ਹੈ । ਉਹਨਾਂ ਚੰਗਾ ਕੰਮ ਕਰਨ ਲਈ ਪਿੰਡ ਦਾਓਕੇ ਦੀ ਕਮੇਟੀ ਨੂੰ ਸ਼ਾਬਾਸ਼ ਦਿੱਤੀ । ਉਹਨਾਂ ਸਕੂਲ ਅਧਿਆਪਕਾਂ ਨੂੰ ਵੀ ਕਿਹਾ ਕਿ ਉਹ ਅਜਿਹੇ ਬੱਚੇ ਜੋ ਲਗਾਤਾਰ ਛੁੱਟੀ ਕਰ ਰਹੇ ਹਨ , ਬਾਬਤ ਉਹਨਾਂ ਦੇ ਮਾਪਿਆਂ ਨੂੰ ਦੱਸਣ ਅਤੇ ਉਹ ਮਾਪੇ ਜਿਨਾਂ ਦੇ ਬੱਚਿਆਂ ਦੇ ਵਿਹਾਰ ਵਿੱਚ ਕੁਝ ਦਿਨਾਂ ਤੋਂ ਤਬਦੀਲੀ ਆਈ ਹੈ ਜਾਂ ਬਾਥਰੂਮ ਵਿੱਚ ਵੱਧ ਸਮਾਂ ਲਾਉਂਦੇ ਹਨ ਅਤੇ ਉਨ੍ਹਾਂ ਦੀਆਂ ਅੱਖਾਂ ਲਾਲ ਹਨ , ਉਹ ਵੀ ਆਪਣੇ ਬੱਚਿਆਂ ਉਤੇ ਨਸ਼ੇ ਨੂੰ ਲੈ ਕੇ ਨਿਗਾਹ ਰੱਖਣ। ਉਨਾ ਕਿਹਾ ਕਿ ਕਈ ਨਸ਼ੇ ਅਜਿਹੇ ਹੁੰਦੇ ਹਨ ਜੋ ਆਦਮੀ ਸੇਵਨ ਕਰਦਾ ਹੈ ਪਰ ਛੱਡ ਜਾਂਦਾ ਹੈ ਪਰ ਚਿੱਟਾ ਅਜਿਹਾ ਨਸ਼ਾ ਹੈ ਜੋ ਇੱਕ ਵਾਰ ਲੈਂਦਾ ਹੈ ਉਹ ਇਸ ਦੀ ਗ੍ਰਿਫਤ ਵਿੱਚ ਆ ਜਾਂਦਾ ਹੈ। ਉਸ ਨੂੰ ਫਿਰ ਡਾਕਟਰਾਂ ਦੇ ਨਿਗਰਾਨੀ ਤੋਂ ਬਿਨਾਂ ਛੱਡਣਾ ਸੰਭਵ ਨਹੀਂ ਹੈ । ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕੀਤੀ ਕਿ ਜੇਕਰ ਤੁਹਾਡੇ ਪਿੰਡੋਂ , ਗਵਾਂਢੋਂ ਜਾਂ ਪਰਿਵਾਰਾਂ ਵਿੱਚੋਂ ਅਜਿਹਾ ਕੋਈ ਬੱਚਾ ਜਾਂ ਆਦਮੀ ਹੈ, ਜੋ ਨਸ਼ਾ ਕਰਦਾ ਹੈ ਤਾਂ ਉਸ ਨੂੰ ਸਰਕਾਰ ਵੱਲੋਂ ਬਣਾਏ ਨਸ਼ਾ ਛਡਾਊ ਕੇਂਦਰ ਵਿੱਚ ਲਿਆਓ ਅਤੇ ਉਸ ਦਾ ਮੁਫਤ ਇਲਾਜ ਕਰਾਓ। ਇਸ ਮੌਕੇ ਐਸਡੀਐਮ ਸ੍ਰੀ ਮਨਕਵੰਲ ਸਿੰਘ ਚਾਹਲ ਨੇ ਆਏ ਹੋਏ ਮੋਹਤਵਰਾਂ ਕੋਲੋਂ ਉਹਨਾਂ ਦੇ ਵਿਚਾਰ ਲਏ ਅਤੇ ਇਸ ਨੂੰ ਅੱਗੇ ਕਾਰਵਾਈ ਲਈ ਸਰਕਾਰ ਪਾਸ ਭੇਜਣ ਦੀ ਹਦਾਇਤ ਕੀਤੀ। ਇਸ ਮੌਕੇ ਡੀ ਐਸ੍ਰਪੀ ਗੁਰ ਪ੍ਰਤਾਪ ਸਿੰਘ ਨਾਗਰਾ, ਬੀਐਸਐਫ ਦੇ ਡਿਪਟੀ ਕਮਾਂਡੈਂਟ ਸ੍ਰੀ ਜਸਵੰਤ ਕੁਮਾਰ, ਵੇਰਕਾ ਅਤੇ ਜੰਡਿਆਲਾ ਤੋਂ ਕੌਂਸਲਰ ਸਾਹਿਬਾਨ ਅਤੇ ਕਈ ਪੰਚਾਇਤਾਂ ਦੇ ਆਗੂ ਪਟਵਾਰੀ ਪੰਚਾਇਤ ਸੈਕਟਰੀ ਅਤੇ ਬੀਡੀਪੀਓ ਹਾਜ਼ਰ ਸਨ