ਅੰਮ੍ਰਿਤਸਰ 'ਚ ਬੀਐੱਸਐੱਫ ਨੇ 8.5 ਕਿਲੋ ਹੈਰੋਇਨ ਕੀਤੀ ਬਰਾਮਦ 

ਅੰਮ੍ਰਿਤਸਰ, 15 ਜਨਵਰੀ, 2025 : ਅੰਮ੍ਰਿਤਸਰ ਸੈਕਟਰ ਦੇ ਪਿੰਡ ਬੱਲੜਵਾਲ ਵਿਚ ਸਥਾਨਕ ਤਸਕਰਾਂ ਦੀਆਂ ਗਤੀਵਿਧੀਆਂ 'ਤੇ ਸੀਮਾ ਸੁਰੱਖਿਆ ਬਲ ਵੱਲੋਂ ਨਜ਼ਰ ਰੱਖੀ ਜਾ ਰਹੀ ਹੈ। ਇਸ ਦੌਰਾਨ ਸਵੇਰੇ ਲਗਭਗ 7:45 ਵਜੇ ਪਿੰਡ ਬੱਲੜਵਾਲ ਵਿਚ ਖੇਤ ਵਿਚ ਕਿਸੇ ਚੀਜ਼ ਦੇ ਡਿੱਗਣ ਦੀ ਆਵਾਜ਼ ਸੁਣਾਈ ਦਿੱਤੀ। ਫੋਰਸ ਦੇ ਜਵਾਨਾਂ ਨੇ ਤੁਰੰਤ ਕਾਰਵਾਈ ਕੀਤੀ ਅਤੇ ਇਸ ਪੈਕੇਟ ਨੂੰ ਬਰਾਮਦ ਕਰ ਲਿਆ। ਪੈਕੇਟ ਖੋਲ੍ਹਣ 'ਤੇ ਪੰਦਰਾਂ ਛੋਟੇ ਪੈਕੇਟ ਬਰਾਮਦ ਹੋਏ ਜਿਨ੍ਹਾਂ ਵਿਚ 8.560 ਗ੍ਰਾਮ ਹੈਰੋਇਨ ਸੀ। ਡਰੋਨ ਰਾਹੀਂ ਭੇਜੀ ਜਾਣ ਵਾਲੀ ਹੈਰੋਇਨ ਦੀ ਮਾਤਰਾ ਕਾਫ਼ੀ ਜ਼ਿਆਦਾ ਹੈ। ਆਮ ਤੌਰ 'ਤੇ ਪਾਕਿਸਤਾਨੀ ਤਸਕਰਾਂ ਵੱਲੋਂ ਛੋਟੇ ਡਰੋਨਾਂ ਦੀ ਵਰਤੋਂ ਕਰਕੇ ਸਰਹੱਦ ਪਾਰ ਹੈਰੋਇਨ ਦੀਆਂ ਛੋਟੀਆਂ ਖੇਪਾਂ ਭੇਜਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਇਸ ਵਾਰ ਸ਼ਾਇਦ ਇਕ ਵੱਡਾ ਡਰੋਨ ਵਰਤਿਆ ਗਿਆ ਹੈ। ਇਸ ਪੈਕੇਟ ਵਿਚੋਂ ਪੰਜ ਲਾਈਟ ਸਟ੍ਰਿਪਸ ਅਤੇ ਇੱਕ ਅੰਗੂਠੀ ਵੀ ਮਿਲੀ। ਸੀਮਾ ਸੁਰੱਖਿਆ ਬਲ ਨੇ ਪਿੰਡ ਵਿਚ ਇਕ ਵਿਸ਼ਾਲ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਇੱਥੇ ਪੁਲਿਸ ਨੇ ਕੁਝ ਸਥਾਨਕ ਤਸਕਰਾਂ ਨੂੰ ਪੁੱਛਗਿੱਛ ਲਈ ਗ੍ਰਿਫ਼ਤਾਰ ਕੀਤਾ ਹੈ।