ਅੰਮ੍ਰਿਤਸਰ : ਆਲ ਇੰਡੀਆ ਐਂਟੀ ਟੈਰਰਿਸਟ ਫਰੰਟ ਦੇ ਚੇਅਰਮੈਨ ਮਨਿੰਦਰਜੀਤ ਸਿੰਘ ਬਿੱਟਾ ਨੇ ਅੰਮ੍ਰਿਤਸਰ ਪਹੁੰਚ ਕੇ ਖ਼ਾਲਿਸਤਾਨ ਦੀ ਮੰਗ ਕਰਨ ਵਾਲੇ ਤੱਤਾਂ ਅਤੇ ਭਾਰਤ ਵਿਚ ਰਹਿ ਕੇ ਖ਼ੁਦ ਨੂੰ ਗ਼ੁਲਾਮ ਦੱਸਣ ਵਾਲੀਆਂ ਅਖੌਤੀ ਜਥੇਬੰਦੀਆਂ ਨੂੰ ਨਿਸ਼ਾਨੇ ’ਤੇ ਲਿਆ। ਬਿੱਟਾ ਨੇ ਕਿਹਾ ਕਿ ਜਿਹੜੇ ਵਿਅਕਤੀ ਖ਼ਾਲਿਸਤਾਨ ਦੇ ਨਾਂ ’ਤੇ ਅਖੌਤੀ ਆਜ਼ਾਦੀ ਮੰਗ ਰਹੇ ਹਨ, ਉਨ੍ਹਾਂ ਨੂੰ ਪੁੱਛਣਾ ਚਾਹੀਦਾ ਹੈ ਕਿ ਉਹ ਕਿਹੜੀ ਆਜ਼ਾਦੀ ਚਾਹੁੰਦੇ ਹਨ? ਜਦਕਿ ਭਾਰਤ ਨੇ ਸਾਨੂੰ ਸਭ ਕੁਝ ਦਿੱਤਾ ਹੈ। ਭਾਰਤ ਵਿਚ ਪ੍ਰਧਾਨ ਮੰਤਰੀ, ਰਾਸ਼ਟਰਪਤੀ, ਨੇਵੀ ਦਾ ਚੀਫ, ਫ਼ੌਜ ਦਾ ਮੁਖੀ, ਸਾਰੇ ਉੱਚ ਅਹੁਦਿਆਂ ’ਤੇ ਸਿੱਖ ਸੇਵਾਵਾਂ ਦੇ ਚੁੱਕੇ ਹਨ। ਇਸ ਦੇ ਬਾਵਜੂਦ ਕੁਝ ਤੱਤ ਸ਼ਾਂਤ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਵੀ ਇਕ ਵਾਰ ਕੁਝ ਸ਼ਰਾਰਤੀ ਅਨਸਰਾਂ ਨੇ ਸਿਆਸੀ ਦੁਕਾਨਦਾਰੀ ਚਲਾਉਣ ਲਈ ਭੜਕਾਊ ਭਾਸ਼ਣ ਦਿੱਤੇ ਸਨ। ਜਿਸ ਕਾਰਨ 18-20 ਸਾਲਾਂ ਦੇ ਨੌਜਵਾਨਾਂ ਕੋਲ ਹਥਿਆਰ ਆ ਗਏ ਸਨ ਤੇ ਸੈਂਕੜੇ ਘਰਾਂ ਦੇ ਚਿਰਾਗ਼ ਬੁਝ ਗਏ ਸਨ ਪੰਜਾਬ ਅੱਤਵਾਦ ਦੀ ਲਪੇਟ ’ਚ ਆ ਗਿਆ। ਹੁਣ ਫਿਰ ਖ਼ਾਲਿਸਤਾਨ ਦੇ ਨਾਂ ’ਤੇ ਇਹ ਲੋਕ ਪੰਜਾਬ ਦੀ ਜਵਾਨੀ ਦਾ ਘਾਣ ਕਰਵਾਉਣ ਦੀ ਕੋਸ਼ਿਸ਼ ਕਰ ਰਹੇ ਹਨ।