- ਪੂਰੇ ਉਤਸ਼ਾਹ ਤੇ ਢੋਲ ਢਮੱਕਾ ਨਾਲ ਕੱਢੀ ਪ੍ਰਭਾਵਸ਼ਾਲੀ ਜਾਗੋ- ਕਿਸਾਨਾਂ ਨੂੰ ਕੀਤਾ ਜਾਗਰੂਕ
- ਜ਼ਿਲ੍ਹਾ ਗੁਰਦਾਸਪੁਰ ਨੂੰ ਪ੍ਰਦੂਸ਼ਣ ਮੁਕਤ ਕਰਨ ਲਈ ਕਿਸਾਨਾਂ ਨੂੰ ਅੱਗੇ ਆਉਣ ਦੀ ਕੀਤੀ ਅਪੀਲ
ਬਟਾਲਾ, 10 ਅਕਤੂਬਰ : ਡਾ. ਹਿਮਾਂਸ਼ੂ ਅਗਰਵਾਲ, ਡਿਪਟੀ ਕਮਿਸ਼ਨਰ ਵਲੋਂ ਜਿਲੇ ਅੰਦਰ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾਉਣ ਲਈ ਇੱਕ ਹੋਰ ਸ਼ਾਨਦਾਰ ਨਿਵੇਕਲਾ ਉਪਰਾਲਾ ਕਰਦਿਆਂ, ਬਲਾਕ ਸ੍ਰੀ ਹਰਗੋਬਿੰਦਪੁਰ ਦੇ ਪਿੰਡ ਬੱਦੋਵਾਲ ਤੋਂ ਸ਼ਾਮ ਵੇਲੇ ਇਕ ਪ੍ਰਭਾਵਸ਼ਾਲੀ ਜਾਗੋ, ਪੂਰੇ ਉਤਸ਼ਾਹ ਤੇ ਢੋਲ ਢਮੱਕੇ ਨਾਲ ਕੱਢੀ ਗਈ। ਡਾ. ਹਿਮਾਂਸ਼ੂ ਅਗਰਵਾਲ, ਡਿਪਟੀ ਕਮਿਸ਼ਨਰ, ਜਾਗੋ ਵਿੱਚ ਖੁਦ ਮੌਜੂਦ ਰਹੇ, ਉਥੇ ਬਟਾਲਾ ਦੇ ਐਸਡੀਐਮ ਸ੍ਰੀਮਤੀ ਸ਼ਾਇਰੀ ਮਲਹੋਤਰਾ, ਮੁੱਖ ਖੇਤੀਬਾੜੀ ਅਫਸਰ ਡਾ. ਕਿਰਪਾਲ ਸਿੰਘ ਢਿੱਲੋ, ਡੇਰਾ ਬਾਬਾ ਨਾਨਕ ਦੇ ਐਸ.ਡੀ.ਐਮ ਅਸ਼ਵਨੀ ਅਰੋੜਾ, ਜਿਲਾ ਸ਼ਿਖਲਾਈ ਅਫਸਰ ਡਾ. ਅਮਰੀਕ ਸਿੰਘ, ਤਹਿਸੀਲਦਾਰ ਅਭਿਸ਼ੇਕ ਵਰਮਾ, ਡੀਡੀਪੀਓ ਸਤੀਸ਼ ਕੁਮਾਰ, ਪਰਮਬੀਰ ਸਿੰਘ ਕਾਹਲੋਂ ਬਲਾਕ ਅਫਸਰ, ਸਮੇਤ ਹੋਰ ਅਧਿਕਾਰੀ ਵੱਡੀ ਗਿਣਤੀ ਵਿਚ ਮੌਜੂਦ ਸਨ। ਇਹ ਜਾਗੋ, ਬੱਦੋਵਾਲ ਤੋਂ ਸ਼ੁਰੂ ਹੋਈ, ਜੋ ਪਿੰਡ ਸਦਾਰੰਗ, ਚੋਣੇ, ਗੰਡੇਕੇ, ਭੋਮਾ, ਬੋਝਾ, ਅਠਵਾਲ,ਸਠਿਆਲਾ ਹੁੰਦੀ ਹੋਈ ਦੇਰ ਸ਼ਾਮ ਘੁੰਮਾਣ ਵਿਖੇ ਸੰਪੰਨ ਹੋਈ। ਇਸ ਰੈਲੀ ਵਿੱਚ ਵੱਖ-ਵੱਖ ਪਿੰਡਾਂ ਦੇ ਪੰਚ ਸਰਪੰਚ, ਕਿਸਾਨ ਅਤੇ ਹੋਰ ਆਪਣੀਆਂ ਟਰੈਕਟਰ ਟਰਾਲੀਆਂ ਤੇ ਕਾਰਾਂ ਤੇ ਸਵਾਰ ਹੋ ਕੇ ਸ਼ਾਮਲ ਹੋਏ। ਇਸ ਮੌਕੇ ਸਰਕਾਰੀ ਸਕੂਲ ਬੱਦੋਵਾਲ ਦੇ ਬੱਚਿਆਂ ਅਤੇ ਵੱਖ ਵੱਖ ਪਿੰਡਾਂ ਦੇ ਕਿਸਾਨਾਂ ਵਲੋਂ ਡਿਪਟੀ ਕਮਿਸ਼ਨਰ ਦਾ ਭਰਵਾਂ ਤੇ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ। ਇਸ ਮੌਕੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਕਿਹਾ ਕਿ ਜਾਗੋ ਕੱਢਣ ਦਾ ਮੁੱਖ ਮੰਤਵ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਲਈ ਜਾਗਰੂਕ ਕਰਨਾ ਹੈ। ਉਨ੍ਹਾਂ ਕਿਹਾ ਕਿ ਸਮੂਹਿਕ ਸਹਿਯੋਗ ਨਾਲ ਜ਼ਿਲ੍ਹਾਾ ਗੁਰਦਾਸਪੁਰ ਨੂੰ ਪ੍ਰਦੂਸ਼ਣ ਮੁਕਤ ਕੀਤਾ ਜਾ ਸਕਦਾ ਹੈ ਅਤੇ ਇਸ ਲਈ ਕਿਸਾਨ ਸਾਥੀਆਂ ਨੂੰ ਅੱਗੇ ਆਉਣਾ ਚਾਹੀਦਾ ਹੈ। ਉਨਾਂ ਕਿਹਾ ਕਿ ਜ਼ਿਲ੍ਹੇ ਅੰਦਰ ਬਹੁਤ ਸਾਰੇ ਅਗਾਂਹਵਧੂ ਕਿਸਾਨ, ਜ਼ਿਲਾ ਪ੍ਰਸ਼ਾਸਨ ਨਾਲ ਸਹਿਯੋਗ ਕਰ ਰਹੇ ਹਨ ਅਤੇ ਉਨਾਂ ਨੂੰ ਪੂਰੀ ਆਸ ਹੈ ਕਿ ਸਮੂਹ ਕਿਸਾਨ ਆਪਣਾ ਬਣਦਾ ਯੋਗਦਾਨ ਜਰੂਰ ਪਾਉਣਗੇ। ਡਿਪਟੀ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਜਿਲਾ ਪ੍ਰਸ਼ਾਸਨ ਵਲੋਂ ਪਿਛਲੇ ਕਈ ਸਾਲਾਂ ਤੋਂ ਫਸਲੀ ਰਹਿੰਦ-ਖੂੰਹਦ ਨੂੰ ਅੱਗ ਨਾ ਲਗਾਉਣ ਵਾਲੇ ਜ਼ਿਲ੍ਹੇ ਦੇ ਅਗਾਂਹਵਧੂ 25 ਕਿਸਾਨਾਂ ਦਾ ‘ਵਾਤਾਵਰਨ ਦੇ ਰਾਖੇ’ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ।