ਅੰਮ੍ਰਿਤਸਰ 'ਚ ਮੋਟਰਸਾਈਕਲ ਸਵਾਰਾਂ ਨੇ ਘਰ ਦੇ ਬਾਹਰ ਖੜ੍ਹੀ ਲੜਕੀ ਨੂੰ ਮਾਰੀ ਗੋਲੀ, ਹਾਲਤ ਗੰਭੀਰ

ਅੰਮ੍ਰਿਤਸਰ, 28 ਜਨਵਰੀ : ਅੰਮ੍ਰਿਤਸਰ 'ਚ ਮੋਟਰਸਾਈਕਲ ਸਵਾਰਾਂ ਨੇ ਘਰ ਦੇ ਬਾਹਰ ਖੜ੍ਹੀ ਲੜਕੀ ਨੂੰ ਗੋਲੀਆਂ ਮਾਰ ਦਿੱਤੀਆਂ। ਲੜਕੀ ਹਸਪਤਾਲ ਵਿੱਚ ਦਾਖਲ ਹੈ। ਉਸ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਇਸ ਦੇ ਨਾਲ ਹੀ ਸ਼ਿਕਾਇਤ ਮਿਲਣ ਤੋਂ ਬਾਅਦ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਪਰਿਵਾਰ ਦੇ ਬਿਆਨਾਂ ਦੇ ਆਧਾਰ 'ਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਲੜਕੀ ਦੇ ਘਰ ਵਾਲਿਆਂ ਨੇ ਕਿਹਾ ਕਿ ਪਿਆਰ 'ਚ ਨਿਰਾਸ਼ ਹੋ ਕੇ ASI ਦੇ ਬੇਟੇ ਨੇ ਉਨ੍ਹਾਂ ਦੀ ਲੜਕੀ ਨੂੰ ਗੋਲੀਆਂ ਮਾਰੀਆਂ ਹਨ।ਮਿਲੀ ਜਾਣਕਾਰੀ ਅਨੁਸਾਰ ਇਹ ਘਟਨਾ ਅੰਮ੍ਰਿਤਸਰ ਦੀ ਫਰੈਂਡਜ਼ ਕਲੋਨੀ ਦੀ ਹੈ। ਕਲੋਨੀ ਵਿੱਚ ਰਹਿਣ ਵਾਲੀ ਅਮੋਲਦੀਪ ਕੌਰ ਘਰ ਦੇ ਬਾਹਰ ਖੜ੍ਹੀ ਸੀ। ਉਦੋਂ ਦੋ ਨੌਜਵਾਨ ਮੋਟਰਸਾਈਕਲ 'ਤੇ ਆਏ ਅਤੇ ਲੜਕੀ ਨੂੰ ਤਿੰਨ ਗੋਲੀਆਂ ਮਾਰ ਕੇ ਫਰਾਰ ਹੋ ਗਏ। ਲੜਕੀ ਦੇ ਪਰਿਵਾਰਕ ਮੈਂਬਰਾਂ ਨੇ ਤੁਰੰਤ ਉਸ ਨੂੰ ਅਮਨਦੀਪ ਹਸਪਤਾਲ ਵਿਖੇ ਦਾਖਲ ਕਰਵਾਇਆ। ਜਿੱਥੇ ਉਸ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।ਪਰਿਵਾਰਕ ਮੈਂਬਰਾਂ ਨੇ ਪੁਲੀਸ ਨੂੰ ਦਿੱਤੇ ਬਿਆਨਾਂ ਵਿੱਚ ਅੰਮ੍ਰਿਤਸਰ ਪੁਲੀਸ ਲਾਈਨ ਵਿੱਚ ਤਾਇਨਾਤ ਏਐਸਆਈ ਦੇ ਲੜਕੇ ਦਾ ਨਾਮ ਲਿਆ ਹੈ। ਅਮੋਲਦੀਪ ਦੇ ਦਾਦਾ ਨੇ ਦੱਸਿਆ ਕਿ ਪਹਿਲਾਂ ਮੁਲਜ਼ਮ ਅਤੇ ਉਸ ਦੀ ਪੋਤੀ ਵਿਚਕਾਰ ਦੋਸਤੀ ਸੀ ਪਰ ਮੁਲਜ਼ਮ ਦੀਆਂ ਹਰਕਤਾਂ ਦੇਖ ਕੇ ਉਹ ਪਿੱਛੇ ਹਟ ਗਈ।ਐਸਐਚਓ ਖੁਸ਼ਬੂ ਸ਼ਰਮਾ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪੀੜਤ ਪਰਿਵਾਰ ਦਾ ਪਹਿਲਾਂ ਹੀ ਲੜਾਈ-ਝਗੜਾ ਚੱਲ ਰਿਹਾ ਹੈ ਅਤੇ ਇਸ ਸਬੰਧੀ ਥਾਣੇ ਵਿੱਚ ਸ਼ਿਕਾਇਤਾਂ ਪੈਂਡਿੰਗ ਹਨ, ਪਰ ਇਸ ਘਟਨਾ ਦਾ ਉਨ੍ਹਾਂ ਸ਼ਿਕਾਇਤਾਂ ਨਾਲ ਕੀ ਸਬੰਧ ਹੈ, ਇਹ ਜਾਂਚ ਤੋਂ ਬਾਅਦ ਹੀ ਪਤਾ ਲੱਗੇਗਾ। ਫਿਲਹਾਲ ਪਰਿਵਾਰ ਦੇ ਬਿਆਨਾਂ ਦੇ ਆਧਾਰ 'ਤੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।