ਅੰਮ੍ਰਿਤਸਰ, 24 ਜੂਨ : ਪੰਜਾਬ ਦੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਪ ਸਰਕਾਰ ਵੱਲੋਂ ਸਿੱਖ ਗੁਰਦੁਆਰਾ ਐਕਟ 1925 ਵਿਚ ਕੀਤੀਗਈ ਸੋਧ ਤੋਂ ਬਾਅਦ ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ 26 ਜੂਨ ਨੂੰ ਕਮੇਟੀ ਦੀ ਸਪੈਸ਼ਲ ਜਨਰਲ ਹਾਊਸ ਮੀਟਿੰਗ ਸੱਦੀ ਹੈ। ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਵਿਚ ਸਰਕਾਰ ਵੱਲੋਂ ਸਿੱਖਾਂ ਦੇ ਮਾਮਲੇ ਵਿਚ ਸਿੱਧਾ ਦਖਲ ਦੇਣ ਤੋਂ ਰੋਹ ਹੈ। ਉਹ ਅਦਾਲਤ ਰਾਹੀਂ ਸੋਧ ਨੂੰ ਰੋਕਣ ਦਾ ਮਤਾ ਪਾਸ ਕਰ ਸਕਦੇ ਹਨ। ਸਦਨ ਵਿਚ ਸ਼੍ਰੋਮਣੀ ਕਮੇਟੀ ਵੱਲੋਂ ਆਪਣਾ ਵੱਖਰਾ ਸੈਟੇਲਾਈਟ ਚੈਨਲ ਸ਼ੁਰੂ ਕਰਨ ਦਾ ਮਤਾ ਵੀ ਪਾਸ ਹੋ ਸਕਦਾ ਹੈ। ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਗੁਰਚਰਨ ਸਿੰਘ ਗਰੇਵਾਲ ਨੇ ਦੱਸਿਆ ਕਿ ਸ਼੍ਰੋਮਣੀ ਕਮੇਟੀ ਦਾ ਗਠਨ ਬਰਤਾਨਵੀ ਰਾਜ ਦੌਰਾਨ ਲੰਬੇ ਸੰਘਰਸ਼ ਤੋਂ ਬਾਅਦ ਕੀਤਾ ਗਿਆਸੀ। ਮੀਟਿੰਗ ਵਿਚ ਸਰਕਾਰ ਵੱਲੋਂ ਹਾਲ ਹੀ ਵਿਚ ਚੁੱਕੇ ਕਦਮ ਵਿਰੁੱਧ ਜਨਤਕ ਸੰਘਰਸ਼ ਸ਼ੁਰੂ ਕਰਨ ਬਾਰੇ ਫੈਸਲਾ ਲਿਆ ਜਾ ਸਕਦਾ ਹੈ। ਸ਼੍ਰੋਮਣੀ ਕਮੇਟੀ ਦੇ ਸਕੱਤਰ ਪ੍ਰਤਾਪ ਸਿੰਘ ਨੇ ਦੱਸਿਆਕਿ ਮੀਟਿੰਗ ਦੀਆਂ ਸਾਰੀਆਂ ਤਿਆਰੀਆਂ ਹੋ ਚੁੱਕੀਆਂ ਹਨ। ਸਾਰੇ 156 ਮੈਂਬਰਾਂ ਅਤੇ ਪੰਜ ਸਿੰਘ ਸਾਹਿਬਾਨ ਨੂੰ ਰਜਿਸਟਰਡ ਚਿੱਠੀਆਂ ਭੇਜ ਦਿੱਤੀਆਂ ਗਈਆਂ ਹਨ। ਸਪੈਸ਼ਲ ਜਨਰਲ ਇਜਲਾਸ ਪ੍ਰਧਾਨ ਹਰਜਿੰਦਰਸਿੰਘ ਧਾਮੀ ਨੇ ਸੱਦਿਆ ਹੈ।