- ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਅਤੇ ਡਾਇਰੈਕਟਰ ਭਰਤੀ ਬੋਰਡ ਦੇ ਕਰਨਲ ਚੇਤਨ ਪਾਂਡੇ ਵੱਲੋਂ ਭਰਤੀ ਰੈਲੀ ਦੀਆਂ ਤਿਆਰੀਆਂ ਦਾ ਜਾਇਜ਼ਾ
ਗੁਰਦਾਸਪੁਰ, 15 ਜੁਲਾਈ 2024 : ਭਾਰਤੀ ਫ਼ੌਜ ਦੇ ਭਰਤੀ ਬੋਰਡ ਅੰਮ੍ਰਿਤਸਰ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਗੁਰਦਾਸਪੁਰ ਦੇ ਸਹਿਯੋਗ ਨਾਲ ਸਰਕਾਰੀ ਕਾਲਜ ਗੁਰਦਾਸਪੁਰ ਦੇ ਸ਼ਹੀਦ ਲੈਫ਼ਟੀਨੈਂਟ ਨਵਦੀਪ ਸਿੰਘ ਸਟੇਡੀਅਮ ਵਿਖੇ ਮਿਤੀ 16 ਜੁਲਾਈ ਤੋਂ 23 ਜੁਲਾਈ 2024 ਤੱਕ ਅਗਨੀਵੀਰ ਭਰਤੀ ਕਰਵਾਈ ਜਾ ਰਹੀ ਹੈ। ਇਸ ਭਰਤੀ ਰੈਲੀ ਵਿੱਚ ਅਗਨੀਵੀਰ ਜਨਰਲ ਡਿਊਟੀ, ਅਗਨੀਵੀਰ ਟੈਕਨੀਕਲ, ਅਗਨੀਵੀਰ ਕਲਰਕ/ਸਟੋਰ ਕੀਪਰ ਅਤੇ ਅਗਨੀਵੀਰ ਟਰੇਡਸਮੈਨ (10ਵੀਂ ਅਤੇ 8ਵੀਂ) ਭਰਤੀ ਕੀਤੇ ਜਾਣਗੇ। ਡਿਪਟੀ ਕਮਿਸ਼ਨਰ ਗੁਰਦਾਸਪੁਰ ਸ੍ਰੀ ਵਿਸ਼ੇਸ਼ ਸਾਰੰਗਲ ਅਤੇ ਭਰਤੀ ਬੋਰਡ ਅੰਮ੍ਰਿਤਸਰ ਦੇ ਡਾਇਰੈਕਟਰ ਕਰਨਲ ਚੇਤਨ ਪਾਂਡੇ ਵੱਲੋਂ ਸ਼ਹੀਦ ਲੈਫ਼ਟੀਨੈਂਟ ਨਵਦੀਪ ਸਿੰਘ ਸਟੇਡੀਅਮ ਵਿਖੇ ਭਰਤੀ ਰੈਲੀ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ ਗਿਆ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਸ੍ਰੀ ਸੁਭਾਸ਼ ਚੰਦਰ, ਐੱਸ.ਡੀ.ਐੱਮ. ਗੁਰਦਾਸਪੁਰ ਡਾ. ਕਰਮਜੀਤ ਸਿੰਘ ਤੋਂ ਇਲਾਵਾ ਹੋਰ ਵਿਭਾਗਾਂ ਦੇ ਅਧਿਕਾਰੀ ਵੀ ਹਾਜ਼ਰ ਸਨ।
ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰੀ ਵਿਸ਼ੇਸ਼ ਸਾਰੰਗਲ ਨੇ ਦੱਸਿਆ ਕਿ ਸ਼ਹੀਦ ਲੈਫ਼ਟੀਨੈਂਟ ਨਵਦੀਪ ਸਿੰਘ ਸਟੇਡੀਅਮ, ਸਰਕਾਰੀ ਕਾਲਜ ਗੁਰਦਾਸਪੁਰ ਵਿਖੇ ਮਿਤੀ 16 ਜੁਲਾਈ ਤੋਂ 23 ਜੁਲਾਈ 2024 ਤੱਕ ਅਗਨੀਵੀਰ ਭਰਤੀ ਕਰਵਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਸ ਭਰਤੀ ਰੈਲੀ ਵਿੱਚ ਭਾਰਤੀ ਫ਼ੌਜ ਦਾ ਪੂਰਾ ਸਹਿਯੋਗ ਕੀਤਾ ਜਾ ਰਿਹਾ ਹੈ ਅਤੇ ਭਰਤੀ ਰੈਲੀ ਸਬੰਧੀ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਇਸ ਭਰਤੀ ਰੈਲੀ ਨੂੰ ਸਫਲ ਬਣਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਦੀ ਡਿਊਟੀ ਲਗਾਈ ਗਈ ਹੈ ਅਤੇ ਭਰਤੀ ਵਿੱਚ ਭਾਗ ਲੈਣ ਵਾਲੇ ਨੌਜਵਾਨਾਂ ਦੀ ਸਹੂਲਤ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ। ਇਸ ਮੌਕੇ ਭਰਤੀ ਬੋਰਡ ਦੇ ਡਾਇਰੈਕਟਰ ਕਰਨਲ ਚੇਤਨ ਪਾਂਡੇ ਨੇ ਦੱਸਿਆ ਹੈ ਕਿ ਇਸ ਗੁਰਦਾਸਪੁਰ ਦੀ ਭਰਤੀ ਰੈਲੀ ਵਿੱਚ ਜ਼ਿਲ੍ਹਾ ਗੁਰਦਾਸਪੁਰ, ਅੰਮ੍ਰਿਤਸਰ ਅਤੇ ਪਠਾਨਕੋਟ ਦੇ ਉਮੀਦਵਾਰ ਜੋ ਕਿ ਭਰਤੀ ਪ੍ਰੀਕ੍ਰਿਆ ਦੇ ਪਹਿਲੇ ਪੜਾਅ ਵਿੱਚ ਸਫਲ ਹੋਏ ਹਨ, ਉਨ੍ਹਾਂ ਦਾ ਫਿਜ਼ੀਕਲ ਫਿਟਨੈੱਸ, ਮੈਡੀਕਲ ਫਿਟਨੈੱਸ ਦੇ ਨਾਲ-ਨਾਲ ਡਾਕੂਮੈਂਟੇਸ਼ਨ ਦੀ ਸਕਰੀਨਿੰਗ ਵੀ ਕੀਤੀ ਜਾਵੇਗੀ। ਕਰਨਲ ਚੇਤਨ ਪਾਂਡੇ ਨੇ ਕਿਹਾ ਕਿ ਸਾਰੇ ਉਮੀਦਵਾਰਾਂ ਜਿਸ ਦਿਨ ਉਨ੍ਹਾਂ ਨੂੰ ਬੁਲਾਇਆ ਜਾਂਦਾ ਹੈ ਉਹ ਰਾਤ 1:00 ਵਜੇ ਭਰਤੀ ਗਰਾਊਂਡ ਵਿੱਚ ਪਹੁੰਚ ਜਾਣ। ਉਨ੍ਹਾਂ ਕਿਹਾ ਕਿ ਉਮੀਦਵਾਰ ਆਪਣੇ ਨਾਲ ਐਡਮਿਟ ਕਾਰਡ ਦੀ ਰੰਗਦਾਰ ਕਾਪੀ ਅਤੇ ਬਿਨਾਂ ਮੋੜੇ ਹੋਏ ਲੈ ਕੇ ਆਉਣ ਜਿਸ ਨੂੰ ਐਂਟਰੀ ਗੇਟ ਉੱਪਰ ਸਕੈਨ ਕੀਤਾ ਜਾਵੇਗਾ। ਉਨ੍ਹਾਂ ਉਮੀਦਵਾਰਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਪਾਣੀ ਅਤੇ ਤਰਲ ਪਦਾਰਥ ਚੰਗੀ ਤਰ੍ਹਾਂ ਪੀਣ ਤਾਂ ਜੋ ਉਨ੍ਹਾਂ ਨੂੰ ਫਿਜ਼ੀਕਲ ਟੈੱਸਟ ਦੌਰਾਨ ਡੀ-ਹਾਈਡਰੇਸ਼ਨ ਨਾ ਹੋਵੇ। ਉਨ੍ਹਾਂ ਕਿਹਾ ਕਿ ਨਸ਼ਾ ਕਰਕੇ ਆਉਣ ਵਾਲੇ ਉਮੀਦਵਾਰਾਂ ਨੂੰ ਡਿਸਕੁਆਲੀਫਾਈ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਭਰਤੀ ਰੈਲੀ ਦੌਰਾਨ ਉਮੀਦਵਾਰਾਂ ਨੂੰ ਮੋਬਾਈਲ ਫ਼ੋਨ ਲਿਆਉਣ ਦੀ ਆਗਿਆ ਨਹੀਂ ਹੋਵੇਗੀ ਅਤੇ ਐਂਟਰੀ ਗੇਟ ਉੱਪਰ ਹੀ ਉਨ੍ਹਾਂ ਦੀ ਚੈਕਿੰਗ ਕਰ ਲਈ ਜਾਵੇਗੀ। ਉਨ੍ਹਾਂ ਉਮੀਦਵਾਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਭਰਤੀ ਰੈਲੀ ਵਿੱਚ ਸ਼ਾਮਲ ਹੋਣ ਮੌਕੇ ਆਪਣੇ ਸਾਰੇ ਲੋੜੀਂਦੇ ਅਸਲੀ ਸਰਟੀਫਿਕੇਟ ਨਾਲ ਲੈ ਕੇ ਆਉਣ। ਇਸਦੇ ਨਾਲ ਹੀ ਉਮੀਦਵਾਰ ਇੱਕ ਐਫ਼ੀਡੇਵਿਟ ਦੇਣਗੇ ਕਿ ਉਹ ਭਰਤੀ ਰੈਲੀ ਦੌਰਾਨ ਕਿਸੇ ਤਰਾਂ ਦੀ ਗੜਬੜੀ ਨਹੀਂ ਕਰਨਗੇ ਅਤੇ ਨਾ ਹੀ ਸਰਕਾਰੀ ਜਾਇਦਾਦ ਨੂੰ ਨੁਕਸਾਨ ਪਹੁੰਚਾਉਣਗੇ। ਇਸਦੇ ਨਾਲ ਹੀ ਭਰਤੀ ਬੋਰਡ ਦੇ ਡਾਇਰੈਕਟਰ ਕਰਨਲ ਚੇਤਨ ਪਾਂਡੇ ਨੇ ਭਰਤੀ ਰੈਲੀ ਵਿੱਚ ਹਿੱਸਾ ਲੈਣ ਵਾਲੇ ਉਮੀਦਵਾਰਾਂ ਨੂੰ ਚੌਕਸ ਕੀਤਾ ਹੈ ਕਿ ਉਹ ਦਲਾਲਾਂ ਤੋਂ ਸਾਵਧਾਨ ਰਹਿਣ ਅਤੇ ਆਪਣੀ ਯੋਗਤਾ ਅਤੇ ਮਿਹਨਤ ਉੱਪਰ ਵਿਸ਼ਵਾਸ ਰੱਖਣ। ਉਨ੍ਹਾਂ ਕਿਹਾ ਕਿ ਭਾਰਤੀ ਫ਼ੌਜ ਵਿੱਚ ਭਰਤੀ ਨਿਰੋਲ ਮੈਰਿਟ ਦੇ ਅਧਾਰ ਉੱਪਰ ਹੀ ਕੀਤੀ ਜਾਂਦੀ ਹੈ।