- ਜ਼ਿਲ੍ਹਾ ਪ੍ਰਸ਼ਾਸਨ ਤੇ ਸਿਹਤ ਵਿਭਾਗ ਤਰਨ ਤਾਰਨ ਲੋਕਾਂ ਨੂੰ ਮਿਆਰੀ ਸਿਹਤ ਸੁਵਿਧਾਵਾਂ ਉਪਲੱਬਧ ਕਰਵਾਉਣ ਲਈ ਦ੍ਰਿੜ ਸੰਕਲਪ
ਤਰਨ ਤਾਰਨ, 17 ਜੁਲਾਈ 2024 : ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਸੰਦੀਪ ਕੁਮਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਤਰਨ ਤਾਰਨ ਵੱਲੋਂ ਜ਼ਿਲ੍ਹੇ ਵਿੱਚ ਹੈਜੇ ਸਮੇਤ ਹੋਰ ਮੌਸਮੀ ਬਿਮਾਰੀਆਂ ਦੇ ਕਿਸੇ ਵੀ ਫੈਲਾਅ ਨੂੰ ਰੋਕਣ ਲਈ ਅਗੇਤੇ ਪ੍ਰਬੰਧ ਕੀਤੇ ਜਾ ਰਹੇ ਹਨ।ਉਹਨਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਤੇ ਸਿਹਤ ਵਿਭਾਗ ਤਰਨ ਤਾਰਨ ਲੋਕਾਂ ਨੂੰ ਮਿਆਰੀ ਸਿਹਤ ਸੁਵਿਧਾਵਾਂ ਉਪਲੱਬਧ ਕਰਵਾਉਣ ਲਈ ਦ੍ਰਿੜ ਸੰਕਲਪ ਹੈ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਮੌਸਮੀ ਬਿਮਾਰੀਆਂ ਦੇ ਕਿਸੇ ਵੀ ਫੈਲਾਅ ਨੂੰ ਰੋਕਣ ਲਈ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਨੂੰ ਪੀਣ ਵਾਲੇ ਪਾਣੀ ਦੇ ਨਿਯਮਤ ਤੌਰ ‘ਤੇ ਸੈਂਪਲ ਲੈ ਕੇ ਜਾਂਚ ਲਈ ਭੇਜੇ ਜਾਣ ਹਦਾਇਤ ਕੀਤੀ ਗਈ ਹੈ।ਉਨ੍ਹਾਂ ਕਿਹਾ ਕਿ ਸੀਵਰੇਜ ਵਿਭਾਗ ਅਤੇ ਨਗਰ ਕੌਂਸਲਾਂ ਨੂੰ ਵੀ ਹਦਾਇਤ ਕੀਤੀ ਗਈ ਹੈ ਕਿ ਸੀਵਰੇਜ ਬੰਦ ਨਾ ਹੋਣ ਅਤੇ ਇਹ ਯਕੀਨੀ ਬਣਾਇਆ ਜਾਵੇ ਕਿ ਕਿਤੇ ਵੀ ਸੀਰਵੇਜ ਦਾ ਗੰਦਾ ਪਾਣੀ ਪੀਣ ਦੇ ਪਾਣੀ ਵਿੱਚ ਨਾ ਮਿਲੇ। ਡਿਪਟੀ ਕਮਿਸ਼ਨਰ ਵੱਲੋਂ ਸਿਹਤ ਵਿਭਾਗ ਨੂੰ ਵੀ ਹਦਾਇਤ ਕੀਤੀ ਗਈ ਹੈ ਕਿ ਉਹ ਲੋਕਾਂ ਨੂੰ ਮੌਸਮੀ ਬਿਮਾਰੀਆਂ ਤੋਂ ਸੁਚੇਤ ਰੱਖਣ ਲਈ ਜਾਗਰੂਕਤਾ ਗਤੀਵਿਧੀਆਂ ਕਰਵਾਉਣ ਅਤੇ ਇਹ ਯਕੀਨੀ ਬਣਾਇਆ ਜਾਵੇ ਕਿ ਜੇਕਰ ਕਿਤੇ ਇਸ ਬਿਮਾਰੀ ਦੇ ਲੱਛਣਾਂ ਵਾਲੇ ਲੋਕ ਆਉਣ ਤਾਂ ਉਨ੍ਹਾਂ ਦਾ ਤੇਜ਼ੀ ਨਾਲ ਇਲਾਜ ਹੋਵੇ। ਉਨ੍ਹਾਂ ਵੱਲੋਂ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਨੂੰ ਵੀ ਹਦਾਇਤ ਕੀਤੀ ਗਈ ਕਿ ਪਿੰਡਾਂ ਵਿਚ ਵੀ ਬਰਸਾਤ ਰੁੱਤ ਦੌਰਾਨ ਸਫਾਈ ਅਤੇ ਜਲ ਨਿਕਾਸੀ ਦੀ ਵਿਵਸਥਾ ਕੀਤੀ ਜਾਵੇ ਅਤੇ ਛੱਪੜਾਂ ਆਦਿ ਦਾ ਪਾਣੀ ਓਵਰ ਫਲੋ ਹੋ ਕੇ ਲੋਕਾਂ ਦੇ ਘਰਾਂ ਅੰਦਰ ਨਾ ਜਾਵੇ।