
ਬਟਾਲਾ, 9 ਦਸੰਬਰ 2024 : ਪੰਜਾਬ ਸਰਕਾਰ ਦੇ ਉਚੇਰੀ ਸਿੱਖਿਆ ਅਤੇ ਭਾਸ਼ਾਵਾਂ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਗੁਰਦਾਸਪੁਰ ਦੇ ਜ਼ਿਲ੍ਹਾ ਭਾਸ਼ਾ ਅਫ਼ਸਰ ਡਾ. ਪਰਮਜੀਤ ਸਿੰਘ ਕਲਸੀ (ਨੈਸ਼ਨਲ ਐਵਾਰਡੀ) ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਜ਼ਿਲ੍ਹਾ ਭਾਸ਼ਾ ਦਫ਼ਤਰ, ਗੁਰਦਾਸਪੁਰ ਵਿੱਚ 01 ਜਨਵਰੀ , 2025 ਤੋਂ ਜੂਨ , 2025 ਤੱਕ ਛਿਮਾਹੀ ਸੈਸ਼ਨ ਲਈ ਦਫ਼ਤਰੀ ਸਮੇਂ ਤੋਂ ਬਾਅਦ (ਸ਼ਾਮ 5 ਵਜੇ ਤੋਂ 6 ਵਜੇ ਤੱਕ) ਰੋਜ਼ਾਨਾ ਇੱਕ ਘੰਟੇ ਲਈ ਉਰਦੂ ਆਮੋਜ਼ ਜਮਾਤ ਲਗਾਈ ਜਾ ਰਹੀ ਹੈ।ਉਨਾਂ ਅੱਗੇ ਦੱਸਿਆ ਕਿ ਛਿਮਾਹੀ ਉਰਦੂ ਜਮਾਤ ਦਾ ਕੋਰਸ ਪੂਰਾ ਕਰਨ ਵਾਲਿਆਂ ਨੂੰ ਵਿਭਾਗ ਵੱਲੋਂ ਪ੍ਰਮਾਣ-ਪੱਤਰ ਵੀ ਜਾਰੀ ਕੀਤਾ ਜਾਂਦਾ ਹੈ। ਇਸ ਵਿੱਚ ਕੋਈ ਵੀ ਉਮੀਦਵਾਰ, ਸਰਕਾਰੀ ਕਰਮਚਾਰੀ/ਅਧਿਕਾਰੀ, ਅਰਧ-ਸਰਕਾਰੀ ਕਰਮਚਾਰੀ, ਵਿਦਿਆਰਥੀ/ਕਾਰੋਬਾਰੀ ਦਾਖ਼ਲਾ ਲੈ ਸਕਦਾ ਹੈ। ਦਾਖ਼ਲਾ ਫ਼ਾਰਮ ਜ਼ਿਲ੍ਹਾ ਭਾਸ਼ਾ ਦਫ਼ਤਰ ਤੋਂ ਪ੍ਰਾਪਤ ਕੀਤੇ ਜਾ ਸਕਦੇ ਹਨ। ਉਰਦੂ ਜਮਾਤਾਂ ਦੇ ਚਾਹਵਾਨ ਉਮੀਦਵਾਰ ਫ਼ਾਰਮ, ਫੋਟੋ, ਆਧਾਰ ਕਾਰਡ ਤੇ ਵਿੱਦਿਅਕ ਯੋਗਤਾ ਦੇ ਦਸਤਾਵੇਜਾਂ ਦੀ ਕਾਪੀ ਸਮੇਤ ਮੁਕੰਮਲ ਮਿਸਲ ਕਮਰਾ ਨੰ. 501-502, ਬਲਾਕ-ਬੀ, ਚੌਥੀ ਮੰਜ਼ਿਲ, ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਜ਼ਿਲ੍ਹਾ ਭਾਸ਼ਾ ਦਫ਼ਤਰ, ਗੁਰਦਾਸਪੁਰ ਵਿਖੇ ਸੰਪਰਕ ਕਰਕੇ 10 ਜਨਵਰੀ, 2025 ਤੱਕ ਜਮ੍ਹਾਂ ਕਰਵਾ ਸਕਦੇ ਹਨ। ਉਨਾਂ ਦੱਸਿਆ ਕਿ ਇਸ ਉਰਦੂ ਜਮਾਤ ਦੇ ਛਿਮਾਹੀ ਕੋਰਸ ਲਈ ਕੇਵਲ 500/- ਰੁ. ਫ਼ੀਸ ਹੀ ਵਿਭਾਗ ਵੱਲੋਂ ਰੱਖੀ ਗਈ ਹੈ।