ਵਟਸਐਪ ਨੇ ਭਾਰਤ ’ਚ 26 ਲੱਖ ਤੋਂ ਵੱਧ ਇਤਰਾਜ਼ਯੋਗ ਖਾਤਿਆਂ ਨੂੰ ਕੀਤਾ ਪਾਬੰਦੀਸ਼ੁਦਾ

ਨਵੀਂ ਦਿੱਲੀ : ਮੈਟਾ ਦੀ ਮਾਲਕੀ ਵਾਲੇ ਵਟਸਐਪ ਨੇ ਕਿਹਾ ਹੈ ਕਿ ਉਸਨੇ ਸਤੰਬਰ ਮਹੀਨੇ ’ਚ ਭਾਰਤ ’ਚ 26 ਲੱਖ ਤੋਂ ਵੱਧ ਇਤਰਾਜ਼ਯੋਗ ਖਾਤਿਆਂ ਨੂੰ ਪਾਬੰਦੀਸ਼ੁਦਾ ਕਰ ਦਿੱਤਾ ਹੈ। ਅਜਿਹਾ ਉਸਨੇ ਨਵੇਂ ਆਈਟੀ ਕਾਨੂੰਨ 2021 ਦੀ ਪਾਲਣਾ ਕਰਦੇ ਹੋਏ ਕੀਤਾ ਹੈ। ਕੰਪਨੀ ਦੇ ਬੁਲਾਰੇ ਨੇ ਇਕ ਬਿਆਨ ’ਚ ਕਿਹਾ ਹੈ ਕਿ ਆਈਟੀ ਨਿਯਮ 2021 ਅਨੁਸਾਰ, ਸਤੰਬਰ 2022 ’ਚ ਇਕ ਰਿਪੋਰਟ ਪ੍ਰਕਾਸ਼ਿਤ ਕੀਤੀ ਗਈ ਹੈ। ਇਸ ਯੂਜ਼ਰ ਸੇਫਟੀ ਰਿਪੋਰਟ ’ਚ ਮਿਲੀਆਂ ਸ਼ਿਕਾਇਤਾਂ ਤੇ ਵ੍ਹਾਟਸਐਪ ਵੱਲੋਂ ਕੀਤੀ ਗਈ ਕਾਰਵਾਈ ਦਾ ਵੇਰਵਾ ਹੈ। ਨਾਲ ਹੀ, ਇਸ ਪਲੇਟਫਾਰਮ ਦੀ ਦੁਰਵਰਤੋਂ ਨੂੰ ਰੋਕਣ ਲਈ ਕੀਤੀ ਗਈ ਕਾਰਵਾਈ ਰਾਹੀਂ ਇਸ਼ਾਰਾ ਦਿੱਤਾ ਗਿਆ ਹੈ। ਇਸ ਨੇ ਅਗਸਤ ’ਚ ਭਾਰਤ ’ਚ ਕਰੀਬ 23 ਲੱਖ ਤੋਂ ਵੱਧ ਖਾਤਿਆਂ ’ਤੇ ਪਾਬੰਦੀ ਲਾਈ ਸੀ। ਆਈਟੀ ਨਿਯਮ 2021 ਅਨੁਸਾਰ, ਮੁੱਖ ਡਿਜੀਟਲ ਤੇ ਇੰਟਰਨੈੱਟ ਮੀਡੀਆ ਪਲੇਟਫਾਰਮ, ਜਿਸ ਵਿਚ 50 ਲੱਖ ਤੋਂ ਵੱਧ ਯੂਜ਼ਰ ਹਨ, ਉਨ੍ਹਾਂ ਨੂੰ ਪਾਲਣਾ ਰਿਪੋਰਟ ਪ੍ਰਕਾਸ਼ਿਤ ਕਰਨੀ ਹੁੰਦੀ ਹੈ। ਇਸ ਵਿਚਾਲੇ, ਇਲੈਕਟ੍ਰਾਨਿਕਸ ਤੇ ਆਈਟੀ ਮੰਤਰਾਲੇ ਨੇ ਡਿਜੀਟਲ ਨਾਗਰਿਕਾਂ ਦੇ ਅਧਿਕਾਰਾਂ ਦੀ ਰੱਖਿਆ ਦੇ ਮੰਤਵ ਨਾਲ ਕੁਝ ਸੋਧਾਂ ਦੇ ਨੋਟਿਸ ਦਿੱਤੇ ਹਨ। ਕੇਂਦਰੀ ਮੰਤਰੀ ਰਾਜੀਵ ਚੰਦਰਸ਼ੇਖਰ ਨੇ ਕਿਹਾ ਹੈ ਕਿ ਭਾਰਤੀ ਨਾਗਰਿਕਾਂ ਦੇ ਸੰਵਿਧਾਨਕ ਅਧਿਕਾਰਾਂ ਦੀ ਰੱਖਿਆ ਜ਼ਰੂਰੀ ਹੈ। ਮੰਤਰਾਲੇ ਵੱਲੋਂ ਸਾਰੇ ਸਟੇਕਹੋਲਡਰਾਂ ਨੂੰ ਸ਼ਾਮਲ ਕਰਦੇ ਹੋਏ ਇਕ ਵਿਸਥਾਰਤ ਜਨਤਕ ਸਲਾਹ ਪ੍ਰਕਿਰਿਆ ਦਾ ਪਾਲਣ ਕਰਨ ਤੋਂ ਬਾਅਦ ਸੋਧਾਂ ਨੂੰ ਲਾਗੂ ਕੀਤਾ ਹੈ।

ਟਵਿੱਟਰ ਨੇ 52 ਹਜ਼ਾਰ ਤੋਂ ਵੱਧ ਖਾਤਿਆਂ ਵਿਰੁੱਧ ਕੀਤੀ ਕਾਰਵਾਈ
ਟਵਿੱਟਰ ਨੇ ਵੀ ਬਾਲ ਜਿਨਸੀ ਸ਼ੋਸ਼ਣ, ਗੈਰ ਸਹਿਮਤੀ ਨਾਲ ਨੰਗੇਜ਼ਪੁਣੇ ਤੇ ਇਸ ਨਾਲ ਸਬੰਧਤ ਹੋਰ ਕੰਟੈਂਟ ਨੂੰ ਹੁਲਾਰਾ ਦੇਣ ਵਾਲੇ ਭਾਰਤ ਦੇ 52141 ਖਾਤਿਆਂ ’ਤੇ ਪਾਬੰਦੀ ਲਾ ਦਿੱਤੀ ਹੈ। ਮਾਈਕ੍ਰੋਬਲਾਗਿੰਗ ਪਲੇਟਫਾਰਮ ਨੇ ਅੱਤਵਾਦ ਨੂੰ ਬੜ੍ਹਾਵਾ ਦੇਣ ’ਤੇ 1982 ਖਾਤਿਆਂ ’ਤੇ ਵੀ ਪਾਬੰਦੀ ਲਾ ਦਿੱਤੀ ਹੈ। ਟਵਿੱਟਰ ਨੇ ਨਵੇਂ ਆਈਟੀ ਕਾਨੂੰਨ 2021 ਦੀ ਪਾਲਣਾ ’ਚ ਆਪਣੀ ਮਹੀਨਾਵਾਰ ਰਿਪੋਰਟ ’ਚ ਕਿਹਾ ਹੈ ਕਿ ਉਸ ਨੂੰ ਆਪਣੀ ਸ਼ਿਕਾਇਤ ਨਿਵਾਰਣ ਤੰਤਰ ਰਾਹੀਂ ਇਕ ਹੀ ਸਮੇਂ ਸੀਮਾ ’ਚ ਭਾਰਤ ਤੋਂ 157 ਸ਼ਿਕਾਇਤਾਂ ਮਿਲੀਆਂ। ਇਨ੍ਹਾਂ ’ਚ 129 ’ਤੇ ਕਾਰਵਾਈ ਕੀਤੀ ਗਈ। ਕਿਹਾ ਗਿਆ ਹੈ ਕਿ ਹਾਲਾਤ ਦੀ ਸਮੀਖਿਆ ਕਰਨ ਤੋਂ ਬਾਅਦ ਕਿਸੇ ਵੀ ਖਾਤੇ ਦੀ ਮੁਅੱਤਲੀ ਨੂੰ ਵਾਪਸ ਨਹੀਂ ਲਿਆ ਗਿਆ। ਸਾਰੇ ਖਾਤੇ ਮੁਅੱਤਲ ਹਨ।