ਕੈਨੇਡਾ 'ਚ ਭਗਵਤ ਗੀਤਾ ਪਾਰਕ 'ਚ ਭੰਨਤੋੜ, ਮੇਅਰ ਪੈਟ੍ਰਿਕ ਬ੍ਰਾਊਨ ਨੇ ਘਟਨਾਵਾਂ ਦੀ ਨਿੰਦਾ ਕੀਤੀ

ਕੈਨੇਡਾ : ਕੈਨੇਡਾ 'ਚ ਭਗਵਤ ਗੀਤਾ ਪਾਰਕ 'ਚ ਭੰਨਤੋੜ ਦੀ ਘਟਨਾ ਹੋਈ ਤੇ ਸਥਾਨਕ ਅਧਿਕਾਰੀਆਂ ਨੇ ਵੀ ਇਸ ਦੀ ਪੁਸ਼ਟੀ ਕੀਤੀ ਹੈ। ਉੱਥੇ ਹੀ ਮੇਅਰ ਨੇ ਵੀ ਘਟਨਾ ਦਾ ਜ਼ਿਕਰ ਕੀਤਾ ਹੈ ਤੇ ਟਵਿੱਟਰ 'ਤੇ ਇਸ ਦੀ ਪੁਸ਼ਟੀ ਕੀਤੀ ਹੈ। ਮੇਅਰ ਅਨੁਸਾਰ ਹਾਲ ਹੀ 'ਚ ਖੋਲ੍ਹੇ ਗਏ ਭਗਵਤ ਗੀਤਾ ਪਾਰਕ 'ਚ ਤੋੜਭੰਨ ਦੀ ਘਟਨਾ ਹੋਈ ਹੈ। ਕੁਝ ਦਿਨ ਪਹਿਲਾਂ ਹੀ ਭਾਰਤ ਵਿਰੋਧੀ ਕੁਝ ਤੱਤਾਂ ਨੇ ਟੋਰਾਂਟੋ ਦੇ ਸਵਾਮੀ ਨਾਰਾਇਣ ਮੰਦਰ 'ਚ ਵੀ ਭੰਨਤੋੜ ਕੀਤੀ ਸੀ। ਇਸ ਦੇ ਪਿੱਛੇ ਦਲੀਲ ਦਿੱਤੀ ਜਾ ਰਹੀ ਹੈ ਕਿ ਇਹ ਲੋਕ ਮੋਦੀ ਸਰਕਾਰ ਦੀ ਉਸ ਐਡਵਾਈਜ਼ਰੀ ਦਾ ਵਿਰੋਧ ਕਰ ਰਹੇ ਹਨ ਜਿਹੜੇ ਕੈਨੇਡਾ ਰਹਿਣ ਵਾਲੇ ਭਾਰਤੀ ਵਿਦਿਆਰਥੀਆਂ ਲਈ ਜਾਰੀ ਕੀਤੀ ਗਈ ਹੈ। ਮੇਅਰ ਪੈਟ੍ਰਿਕ ਬ੍ਰਾਊਨ ਨੇ ਇਨ੍ਹਾਂ ਘਟਨਾਵਾਂ ਦੀ ਨਿੰਦਾ ਕੀਤੀ ਹੈ ਤੇ ਕਿਹਾ ਕਿ ਅਸੀਂ ਅਜਿਹੀਆਂ ਗਤੀਵਿਧੀਆਂ ਲਈ ਜ਼ੀਰੋ ਟੋਲਰੈਂਸ ਪਾਲਿਸੀ ਦੀ ਪਾਲਣਾ ਕਰਦੇ ਹਾਂ। ਉਨ੍ਹਾਂ ਕਿਹਾ ਕਿ ਇਹ ਮਾਮਲਾ ਪੀਲ ਰੀਜਨਲ ਪੁਲਿਸ ਨੂੰ ਅਗਲੇਰੀ ਜਾਂਚ ਲਈ ਸੌਂਪ ਦਿੱਤਾ ਗਿਆ ਹੈ। ਨਾਲ ਹੀ ਪਾਰਕ ਵਿਭਾਗ ਇਸ ਨੂੰ ਠੀਕ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਇਸ ਸਾਈਨ ਨੂੰ ਜਲਦ ਤੋਂ ਜਲਦ ਠੀਕ ਕਰ ਦਿੱਤਾ ਜਾਵੇਗਾ। ਇਕ ਯੂਜ਼ਰ ਦੇ ਕੁਮੈਂਟ ਨੂੰ ਰਿਪਲਾਈ ਕਰਦੇ ਹੋਏ ਬ੍ਰਾਊਨ ਨੇ ਇਕ ਹੋਰ ਟਵੀਟ ਕੀਤਾ ਤੇ ਲਿਖਿਆ ਕਿ ਪੀਲ ਰੀਜਨਲ ਪੁਲਿਸ ਦੇ ਮੁਖੀ ਨੇ ਭਰੋਸਾ ਦਿੱਤਾ ਹੈ ਕਿ ਅਜਿਹੀਆਂ ਘਟਨਾਵਾਂ ਨੂੰ ਗੰਭੀਰਤਾ ਨਾਲ ਲਿਆ ਜਾ ਰਿਹਾ ਹੈ। ਦਰਅਸਲ ਕੁਝ ਸਮਾਂ ਪਹਿਲਾਂ ਹੀ ਬ੍ਰੈਂਪਟਨ ਟ੍ਰਾਇਰਸ ਪਾਰਕ ਦਾ ਨਾਂ ਬਦਲ ਕੇ ਭਗਵਤ ਗੀਤਾ ਪਾਰਕ ਰੱਖਿਆ ਸੀ ਤੇ ਉਸ ਦਾ ਸਾਈਨ ਬੋਰਡ ਵੀ ਲਗਾਇਆ ਗਿਆ। ਇਹ ਸ਼ਹਿਰ ਵਿਚ ਰਹਿਣ ਵਾਲੀ ਹਿੰਦੂ ਕਮਿਊਨਿਟੀ ਦੇ ਚੰਗੇ ਕੰਮਾਂ ਤੇ ਸ਼ਹਿਰ ਦੇ ਵਿਕਾਸ 'ਚ ਯੋਗਦਾਨ ਸਦਕਾ ਸੰਭਵ ਹੋ ਸਕਿਆ ਸੀ। ਇਸ ਤੋਂ ਬਾਅਦ ਇਸ ਸਾਈਨ ਨੂੰ ਤੋੜਿਆ ਗਿਆ ਹੈ। ਕੁਝ ਸਮਾਂ ਪਹਿਲਾਂ ਹੀ ਟੋਰਾਂਟੋ ਦੇ ਸਵਾਮੀ ਨਾਰਾਇਣ ਮੰਦਰ 'ਚ ਵੀ ਭਾਰਤ ਵਿਰੋਧੀ ਤੱਤਾਂ ਨੇ ਇਸੇ ਤਰ੍ਹਾਂ ਭੰਨਤੋੜ ਕੀਤੀ ਸੀ। ਇਸ ਘਟਨਾ 'ਤੇ ਹਾਈ ਕਮੀਸ਼ਨ ਆਫ ਇੰਡੀਆ ਨੇ ਵਿਰੋਧ ਜਤਾਇਆ ਸੀ ਤੇ ਟੋਰਾਂਟੋ ਪ੍ਰਸ਼ਾਸਨ ਨੂੰ ਮਾਮਲੇ ਦੀ ਜਾਂਚ ਕਰਨ ਤੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਦੀ ਮੰਗ ਕੀਤੀ ਸੀ।