ਲਾਸ ਏਂਜਲਸ, 2 ਮਾਰਚ : ਸੰਯੁਕਤ ਰਾਜ ਦੀ ਇੱਕ ਜਿਊਰੀ ਨੇ ਪੰਜ ਭਾਰਤੀ ਮੂਲ ਦੇ ਭਰਾਵਾਂ ਨਾਲ ਜੁੜੇ ਇੱਕ ਕਾਨੂੰਨੀ ਝਗੜੇ ਵਿੱਚ ਹਰਜਾਨੇ ਵਿੱਚ ਬਹੁ-ਬਿਲੀਅਨ ਡਾਲਰ ਦੀ ਰਕਮ ਦਾ ਹੁਕਮ ਦਿੱਤਾ ਹੈ। ਬਲੂਮਬਰਗ ਦੀ ਰਿਪੋਰਟ ਦੇ ਅਨੁਸਾਰ, ਇਹ ਫੈਸਲਾ 21 ਸਾਲ ਪੁਰਾਣੇ ਜ਼ਮੀਨੀ ਵਿਵਾਦ ਵਿੱਚ ਆਇਆ ਹੈ, ਜਿਸ ਵਿਚ ਹਰੇਸ਼ ਜੋਗਾਨੀ ਨੂੰ ਆਪਣੇ ਚਾਰ ਭਰਾਵਾਂ ਨੂੰ 2,000 ਕਰੋੜ ਰੁਪਏ ਤੋਂ ਵਧ ਦਾ ਹਰਜਾਨਾ ਦੇਣ ਤੇ ਦੱਕਣੀ ਕੈਲੀਫੋਰਨੀਆ ਵਿਚ ਆਪਣੀ ਜਾਇਦਾਦ ਦੇ ਸ਼ੇਅਰਾਂ ਦੀ ਵੰਡ ਕਰਨ ਦਾ ਹੁਕਮ ਦਿੱਤਾ ਗਿਆ। ਜਾਇਦਾਦ ਦੀ ਗੱਲ ਕੀਤੀ ਜਾਵੇ ਤਾਂ ਅਰਬਾਂ ਅਮਰੀਕੀ ਡਾਲਰ ਤੋਂ ਵੱਧ ਕੀਮਤ ਦੇ ਲਗਭਗ 17000 ਅਪਾਰਟਮੈਂਟ ਸ਼ਾਮਲ ਹਨ। ਮੁਕੱਦਮਾ 2003 ਵਿਚ ਦਾਇਰ ਕੀਤਾ ਗਿਆ ਸੀ ਤੇ ਇਸ ਦਾ ਨਿਪਟਾਰਾ ਅਰਬਾਂ ਦੇ ਭੁਗਤਾਨ ਤੇ ਜਾਇਦਾਦ ਦੀ ਵੰਡ ਦੇ ਫੈਸਲੇ ਨਾਲ ਹੋਇਆ। ਲਾਸ ਏਂਜਲਸ ਕੋਰਟ ਵਿਚ 18 ਅਪੀਲਾਂ ਦਾਇਰ ਹੋਈਆਂ। ਵਕੀਲਾਂ ਦੀਆਂ ਪੀੜ੍ਹੀਆਂ ਤੇ 5 ਜੱਜਾਂ ਨੇ ਇਸ ਦੌਰਾਨ ਮਾਮਲੇ ਦੀ ਸੁਣਵਾਈ ਕੀਤੀ। ਮੁਕੱਦਮਾ ਇਸ ਦੋਸ਼ ‘ਤੇ ਸ਼ੁਰੂ ਹੋਇਆ ਕਿ ਹਰੇਸ਼ ਜੋਗਾਨੀ ਨੇ ਆਪਣੇ ਭਰਾ-ਭੈਣਾਂ ਨਾਲ ਲੰਬੇ ਸਮੇਂ ਤੋਂ ਚੱਲੀ ਆ ਰਹੀ ਪਾਰਟਨਰਸ਼ਿਪ ਨੂੰ ਤੋੜ ਦਿੱਤਾ ਸੀ। ਸਜ਼ਾ ਵਜੋਂ ਉਨ੍ਹਾਂ ਨੂੰ 2000 ਕਰੋੜ ਰੁਪਏ ਦਾ ਜੁਰਮਾਨਾ ਭਰਨਾ ਪਵੇਗਾ। ਦੱਸ ਦੇਈਏ ਕਿ ਗੁਜਰਾਤ ਦੇ ਮੂਲ ਵਾਸੀ ਜੋਗਾਨੀ ਬੰਧੂਆਂ ਨੇ ਯੂਰਪ, ਅਫਰੀਕਾ, ਉੱਤਰੀ ਅਮਰੀਕਾ ਤੇ ਮੱਧ ਪੂਰਬ ਵਿਚ ਹੀਰਾ ਵਪਾਰ ਜ਼ਰੀਏ ਬਹੁਤ ਪੈਸਾ ਕਮਾਇਆ। 2003 ਵਿਚ ਦਰਜ ਕੀਤੀ ਸ਼ਿਕਾਇਤ ਮੁਤਾਬਕ ਸ਼ਸ਼ੀਕਾਂਤ ਜੋਗਾਨੀ 1969 ਵਿਚ ਕੈਲੀਫੋਰਨੀਆ ਚਲੇ ਗਏ ਤੇ ਗਹਿਣਿਆਂ ਦਾ ਕਾਰੋਬਾਰ ਕਰਨ ਲੱਗੇ ਤੇ ਫਿਰ ਪ੍ਰਾਪਰਟੀ ਦਾ ਕੰਮ ਸ਼ੁਰੂ ਕਰਦੇ ਹੋਏ ਆਪਣੀ ਫਰਮ ਸ਼ੁਰੂ ਕੀਤੀ। 1990 ਦੇ ਦਹਾਕੇ ਦੀ ਸ਼ੁਰੂਆਤ ਵਿਚ ਜਦੋਂ ਮੰਦੀ ਕਾਰਨ ਜਾਇਦਾਦ ਨੂੰ ਘਾਟਾ ਪਿਆ ਤਾਂ ਸ਼ਸ਼ੀਕਾਂਤ ਜੋਗਾਨੀ ਆਪਣੇ ਭਰਾਵਾਂ ਨੂੰ ਆਪਣੇ ਨਾਲ ਲਿਆਏ ਤੇ ਉਨ੍ਹਾਂ ਨੂੰ ਫਰਮ ਵਿਚ ਪਾਰਟਨਰ ਬਣਾ ਲਿਆ। ਸ਼ਿਕਾਇਤ ਮੁਤਾਬਕ ਹਰੇਸ਼ ਜੋਗਾਨੀ ਨੇ ਬਾਅਦ ਵਿਚ ਪਾਰਟਨਰਸ਼ਿਪ ਖਤਮ ਕਰ ਦਿੱਤੀ ਤੇ ਆਪਣੇ ਭਰਾ ਨੂੰ ਫਰਮ ਵਿਚ ਮੈਨੇਜਮੈਂਟ ਤੋਂ ਜ਼ਬਰਦਸਤੀ ਹਟਾ ਦਿੱਤਾ ਤੇ ਉਨ੍ਹਾਂ ਨੂੰ ਪੈਸਿਆਂ ਦਾ ਭੁਗਤਾਨ ਕਰਨ ਤੋਂ ਇਨਕਾਰ ਕਰ ਦਿੱਤਾ। ਦੂਜੇ ਪਾਸੇ ਹਰੇਸ਼ ਜੋਗਾਨੀ ਨੇ ਹਰਕ ਦਿੱਤਾ ਕਿ ਲਿਖਿਤ ਸਮਝੌਤੇ ਦੇ ਬਿਨਾਂ ਉਨ੍ਹਾਂ ਦੇ ਭੈਣ ਭਰਾ ਇਹ ਸਾਬਤ ਨਹੀਂ ਕਰ ਸਕਦੇ ਕਿ ਉਨ੍ਹਾਂ ਨਾਲ ਸਾਂਝੇਦਾਰੀ ਸੀ ਪਰ ਲਾਸ ਏਂਜਲਸ ਅਦਾਲਤ ਨੇ ਪਾਇਆ ਕਿ ਹਰੇਸ਼ ਨੇ ਮੌਖਿਕ ਐਗਰੀਮੈਂਟ ਦਾ ਉਲੰਘਮ ਕੀਤਾ ਹੈ।