ਯੂਕਰੇਨ - ਭਾਰਤ ਵਿੱਚ ਕੰਪਨੀਆਂ ਸਥਾਪਤ ਕਰਨ ਵਿੱਚ ਦਿਲਚਸਪੀ ਰੱਖਦਾ ਹੈ : ਰਾਸ਼ਟਰਪਤੀ ਜ਼ੇਲੈਂਸਕੀ 

  • ਪੀਐਮ ਮੋਦੀ ਨੇ ਯੂਕਰੇਨ ਦੇ ਰਾਸ਼ਟਰਪਤੀ ਵਲੋਦੋਮੀਰ ਜ਼ੇਲੈਂਸਕੀ ਨਾਲ ਕੀਤੀ ਮੁਲਾਕਾਤ 

ਕੀਵ, 24 ਅਗਸਤ 2024 : ਮੋਦੀ ਦੇ ਯੂਕਰੇਨ ਦੌਰੇ 'ਤੇ ਪੂਰੀ ਦੁਨੀਆ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ। ਪੀਐਮ ਮੋਦੀ ਨੇ ਕੱਲ੍ਹ ਯੂਕਰੇਨ ਦੇ ਰਾਸ਼ਟਰਪਤੀ ਵਲੋਦੋਮੀਰ ਜ਼ੇਲੈਂਸਕੀ ਨਾਲ ਮੁਲਾਕਾਤ ਕੀਤੀ ਅਤੇ ਰੂਸ-ਯੂਕਰੇਨ ਯੁੱਧ ਨੂੰ ਖ਼ਤਮ ਕਰਨ ਦਾ ਸੰਦੇਸ਼ ਦਿੱਤਾ। ਇਸ ਦੌਰਾਨ ਪੀਐੱਮ ਮੋਦੀ ਨਾਲ ਮੁਲਾਕਾਤ ਤੋਂ ਬਾਅਦ ਜ਼ੇਲੈਂਸਕੀ ਨੇ ਕਿਹਾ ਕਿ ਯੂਕਰੇਨ ਭਾਰਤ ਵਿੱਚ ਕੰਪਨੀਆਂ ਸਥਾਪਤ ਕਰਨ ਵਿੱਚ ਦਿਲਚਸਪੀ ਰੱਖਦਾ ਹੈ। ਰਾਸ਼ਟਰਪਤੀ ਜ਼ੇਲੈਂਸਕੀ ਨੇ ਕਿਹਾ ਕਿ ਯੂਕਰੇਨ ਭਾਰਤ ਵਿੱਚ ਬਣੇ ਉਤਪਾਦ ਖ਼ਰੀਦ ਕੇ ਅਤੇ ਭਾਰਤੀ ਕੰਪਨੀਆਂ ਨੂੰ ਕੀਵ ਵਿੱਚ ਖੋਲ੍ਹਣ ਦੀ ਇਜਾਜ਼ਤ ਦੇ ਕੇ ਭਾਰਤ ਨਾਲ ਸਿੱਧੇ ਤੌਰ 'ਤੇ ਜੁੜਨ ਲਈ ਤਿਆਰ ਹੈ। ਜ਼ੇਲੈਂਸਕੀ ਨੇ ਕੀਵ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਤੋਂ ਬਾਅਦ ਇੱਕ ਪ੍ਰੈਸ ਕਾਨਫਰੰਸ ਵਿੱਚ ਭਾਰਤ ਵਿੱਚ ਬਣੇ ਉਤਪਾਦ ਖਰੀਦਣ ਲਈ ਵੀ ਸਹਿਮਤੀ ਪ੍ਰਗਟਾਈ। ਜ਼ੇਲੈਂਸਕੀ ਨੇ ਕਿਹਾ ਕਿ ਅਸੀਂ ਤੁਹਾਡੀਆਂ ਕੰਪਨੀਆਂ ਕੀਵ ਵਿੱਚ ਖੋਲ੍ਹਣ ਲਈ ਤਿਆਰ ਹਾਂ ਅਤੇ ਅਸੀਂ ਭਾਰਤ ਵਿੱਚ ਵੀ ਆਪਣੀਆਂ ਕੰਪਨੀਆਂ ਖੋਲ੍ਹਣ ਲਈ ਤਿਆਰ ਹਾਂ। ਇਸ ਲਈ ਅਸੀਂ ਇਸ ਤਰ੍ਹਾਂ ਦੀ ਗੱਲਬਾਤ ਅਤੇ ਇਸ ਤਰ੍ਹਾਂ ਦੇ ਕੰਮ ਲਈ ਪੂਰੀ ਤਰ੍ਹਾਂ ਤਿਆਰ ਹਾਂ। ਇਸ ਦੌਰਾਨ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਨ੍ਹਾਂ ਦੀ ਗੱਲਬਾਤ ਦੌਰਾਨ ਯੂਕਰੇਨ ਦੇ ਰਾਸ਼ਟਰਪਤੀ ਵਲੋਦੋਮੀਰ ਜ਼ੇਲੈਂਸਕੀ ਨੂੰ ਭਾਰਤ ਆਉਣ ਦਾ ਸੱਦਾ ਦਿੱਤਾ ਹੈ।

ਪ੍ਰਧਾਨ ਮੰਤਰੀ ਮੋਦੀ ਦੇ ਸੱਦੇ ਬਾਰੇ
ਹਾਂ, ਮੈਂ ਭਾਰਤ ਦਾ ਦੌਰਾ ਕਰਨ ਦੀ ਯੋਜਨਾ ਬਣਾ ਰਿਹਾ ਹਾਂ, ਕਿਉਂਕਿ ਜਦੋਂ ਤੁਸੀਂ ਸਾਂਝੇਦਾਰੀ, ਰਣਨੀਤਕ ਸਾਂਝੇਦਾਰੀ ਸ਼ੁਰੂ ਕਰਦੇ ਹੋ ਅਤੇ ਤੁਸੀਂ ਕੁਝ ਗੱਲਬਾਤ ਸ਼ੁਰੂ ਕਰਦੇ ਹੋ ਤਾਂ ਮੈਨੂੰ ਲੱਗਦਾ ਹੈ ਕਿ ਤੁਹਾਨੂੰ ਸਮਾਂ ਬਰਬਾਦ ਕੀਤੇ ਬਿਨਾਂ ਮਿਲਦੇ ਰਹਿਣਾ ਚਾਹੀਦਾ ਹੈ। ਮੈਨੂੰ ਖੁਸ਼ੀ ਹੋਵੇਗੀ ਜੇਕਰ ਅਸੀਂ ਭਾਰਤ ਵਿੱਚ ਮਿਲਦੇ ਹਾਂ। ਮੈਂ ਤੁਹਾਡੇ ਵੱਡੇ ਅਤੇ ਮਹਾਨ ਦੇਸ਼ ਬਾਰੇ ਬਹੁਤ ਪੜ੍ਹਿਆ ਹੈ। ਇਹ ਬਹੁਤ ਦਿਲਚਸਪ ਹੈ। ਹਾਲਾਂਕਿ ਯੂਕਰੇਨ ਦੇ ਰਾਸ਼ਟਰਪਤੀ ਨੇ ਕਿਹਾ ਕਿ ਫਿਲਹਾਲ ਮੇਰੇ ਕੋਲ ਭਾਰਤ ਵਰਗੇ ਦੇਸ਼ ਨੂੰ ਦੇਖਣ ਦਾ ਸਮਾਂ ਨਹੀਂ ਹੋਵੇਗਾ। ਇਹ ਅਫ਼ਸੋਸ ਦੀ ਗੱਲ ਹੈ, ਕਿਉਂਕਿ ਯੁੱਧ ਦੌਰਾਨ ਮੇਰੇ ਕੋਲ ਦੇਖਣ ਅਤੇ ਸਮਝਣ ਦਾ ਸਮਾਂ ਨਹੀਂ ਸੀ।