ਜੋ ਲੰਬੇ ਸਮੇਂ ਤੋਂ ਵਰਤੇ ਨਹੀਂ ਗਏ, ਉਨ੍ਹਾਂ ਖਾਤਿਆਂ ਨੂੰ ਰੱਦ ਕਰੇਗਾ ਟਵਿਟਰ : ਐਲੋਨ ਮਸਕ 

ਵਾਸਿੰਗਟਨ, 09 ਮਈ : ਐਲੋਨ ਮਸਕ ਨੇ ਟਵਿਟਰ ਨੂੰ ਲੈ ਕੇ ਇੱਕ ਨਵਾਂ ਐਲਾਨ ਕੀਤਾ ਹੈ। ਮਸਕ ਹੁਣ ਉਨ੍ਹਾਂ ਟਵਿਟਰ ਖਾਤਿਆਂ ਨੂੰ ਰੱਦ ਕਰੇਗਾ ਜੋ ਲੰਬੇ ਸਮੇਂ ਤੋਂ ਨਹੀਂ ਵਰਤੇ ਗਏ ਹਨ। ਉਸ ਨੇ ਅੱਗੇ ਕਿਹਾ ਕਿ ਮਾਈਕ੍ਰੋ-ਬਲੌਗਿੰਗ ਪਲੇਟਫਾਰਮ 'ਤੇ ਉਪਭੋਗਤਾਵਾਂ ਨੂੰ ਫਾਲੋਅਰਜ਼ ਦੀ ਗਿਣਤੀ ਵਿਚ ਕਮੀ ਦੇਖੀ ਜਾ ਸਕਦੀ ਹੈ। ਹਾਲਾਂਕਿ ਇਹ ਕਦੋਂ ਤੱਕ ਕੀਤਾ ਜਾਵੇਗਾ, ਇਸ ਦੀ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਇਸ ਨਵੀਂ ਅਤੇ ਨਵੀਨਤਾਕਾਰੀ ਪਹਿਲ ਨੂੰ ਦੇਖਦੇ ਹੋਏ ਉਨ੍ਹਾਂ ਨੇ ਟਵੀਟ 'ਚ ਲਿਖਿਆ ਕਿ ਅਸੀਂ ਉਨ੍ਹਾਂ ਖਾਤਿਆਂ ਨੂੰ ਹਟਾ ਰਹੇ ਹਾਂ, ਜਿਨ੍ਹਾਂ 'ਚ ਕਈ ਸਾਲਾਂ ਤੋਂ ਕੋਈ ਗਤੀਵਿਧੀ ਨਹੀਂ ਦਿਖਾਈ ਦਿੱਤੀ, ਜਿਸ ਕਾਰਨ ਤੁਹਾਨੂੰ ਫਾਲੋਅਰਜ਼ ਦੀ ਗਿਣਤੀ 'ਚ ਕਮੀ ਦਿਖਾਈ ਦੇ ਸਕਦੀ ਹੈ। ਇਸ ਤੋਂ ਪਹਿਲਾਂ ਮਸਕ ਨੇ ਕਰੋੜਾਂ ਨਾ-ਸਰਗਰਮ ਟਵਿਟਰ ਅਕਾਊਂਟਸ ਨੂੰ ਹਟਾਉਣ ਦਾ ਐਲਾਨ ਕੀਤਾ ਸੀ। ਮਸਕ ਨੇ 9 ਦਸੰਬਰ 2022 ਨੂੰ ਇੱਕ ਟਵੀਟ ਵਿਚ ਲਿਖਿਆ, 'ਟਵਿਟਰ ਜਲਦੀ ਹੀ 1.5 ਬਿਲੀਅਨ (150 ਕਰੋੜ) ਖਾਤਿਆਂ ਦੀ ਨੇਮ ਸਪੇਸ ਖ਼ਾਲੀ ਕਰਨਾ ਸ਼ੁਰੂ ਕਰ ਦੇਵੇਗਾ।'ਮਸਕ ਦੇ ਇਸ ਫੈਸਲੇ ਨਾਲ ਉਨ੍ਹਾਂ ਉਪਭੋਗਤਾਵਾਂ ਨੂੰ ਫਾਇਦਾ ਹੋਵੇਗਾ ਜੋ ਇੱਕ ਖ਼ਾਸ ਉਪਭੋਗਤਾ ਨਾਮ ਚਾਹੁੰਦੇ ਹਨ ਪਰ ਇਸਨੂੰ ਪ੍ਰਾਪਤ ਕਰਨ ਵਿਚ ਅਸਮਰੱਥ ਹਨ ਕਿਉਂਕਿ ਕੋਈ ਇਸ ਨੂੰ ਪਹਿਲਾਂ ਹੀ ਲੈ ਚੁਕਾ ਹੈ ਅਤੇ ਇਸ ਦਾ ਉਪਯੋਗ ਨਹੀਂ ਕਰ ਰਿਹਾ ਹੈ। ਮਸਕ ਦੇ ਇਸ ਕਦਮ ਨਾਲ ਸਪੇਸ ਖ਼ਾਲੀ ਹੋ ਜਾਵੇਗਾ, ਪਰ ਇਸ ਨਾਲ ਟਵਿਟਰ ਦਾ ਯੂਜ਼ਰ ਬੇਸ ਵੀ ਘੱਟ ਜਾਵੇਗਾ।