ਅਮਰੀਕਾ : ਟੇਸਲਾ ਦੇ ਮੁਖੀ ਐਲੋਨ ਮਸਕ ਦੀ ਦੌਲਤ ਲਗਾਤਾਰ ਘਟ ਰਹੀ ਹੈ। ਹਾਲ ਹੀ ‘ਚ ਉਨ੍ਹਾਂ ਤੋਂ ਦੁਨੀਆ ਦੇ ਸਭ ਤੋਂ ਅਮੀਰ ਬੰਦੇ ਦਾ ਖਿਤਾਬ ਖੋਹ ਲਿਆ ਗਿਆ ਸੀ। ਟੇਸਲਾ ਦੇ ਸ਼ੇਅਰ ਮੰਗਲਵਾਰ ਨੂੰ ਲਗਭਗ 6 ਪ੍ਰਤੀਸ਼ਤ ਡਿੱਗ ਕੇ 140.86 ਡਾਲਰ ਦੇ ਦੋ ਸਾਲਾਂ ਦੇ ਹੇਠਲੇ ਪੱਧਰ ‘ਤੇ ਪਹੁੰਚ ਗਏ, ਜਦੋਂ ਕਈ ਰੇਟਿੰਗ ਏਜੰਸੀਆਂ ਨੇ ਆਪਣੇ ਮੁੱਲ ਟੀਚਿਆਂ ਵਿੱਚ ਕਟੌਤੀ ਕੀਤੀ। ਬ੍ਰੋਕਰੇਜ ਹਾਊਸਾਂ ਦਾ ਮੰਨਣਾ ਹੈ ਕਿ ਟੇਸਲਾ ਮੁਖੀ ਦਾ ਧਿਆਨ ਟਵਿੱਟਰ ਵੱਲ ਬਹੁਤ ਜ਼ਿਆਦਾ ਗਿਆ ਹੈ, ਜਿਸ ਨਾਲ ਟੇਸਲਾ ਨੂੰ ਨੁਕਸਾਨ ਹੋ ਰਿਹਾ ਹੈ। ਵਿਸ਼ਲੇਸ਼ਕ ਇਹ ਵੀ ਮੰਨ ਰਹੇ ਹਨ ਕਿ ਮਸਕ ਟਵਿੱਟਰ ਨੂੰ ਫੰਡ ਦੇਣ ਲਈ ਹੋਰ ਟੇਸਲਾ ਦੇ ਸ਼ੇਅਰ ਵੇਚ ਸਕਦੇ ਹਨ। ਇਨ੍ਹਾਂ ਸਾਰੇ ਕਾਰਨਾਂ ਕਾਰਨ ਈਵੀ ਨਿਰਮਾਤਾ ਦੇ ਸ਼ੇਅਰਾਂ ‘ਚ ਜ਼ਬਰਦਸਤ ਵਿਕਰੀ ਹੋਈ ਹੈ। ਬ੍ਰੋਕਰੇਜ ਐਵਰਕੋਰ ਆਈਐਸਆਈ ਨੇ ਟੇਸਲਾ ਸ਼ੇਅਰਾਂ ਦੀ ਟੀਚਾ ਕੀਮਤ ਨੂੰ 300 ਡਾਲਰ ਤੋਂ 200 ਡਾਲਰ ਤੱਕ ਘਟਾ ਦਿੱਤਾ ਹੈ। ਬ੍ਰੋਕਰੇਜ ਦਾ ਕਹਿਣਾ ਹੈ ਕਿ ਨਿਵੇਸ਼ਕਾਂ ਨੂੰ ਡਰ ਹੈ ਕਿ ਟੇਸਲਾ ਦੇ ਬ੍ਰਾਂਡ ਨੂੰ ਨੁਕਸਾਨ ਹੋ ਸਕਦਾ ਹੈ। ਉਥੇ ਹੀ ਇਕ ਹੋਰ ਬ੍ਰੋਕਰੇਜ ਦਿਵਾ ਕੈਪੀਟਲ ਮਾਰਕੀਟ ਨੇ ਕਿਹਾ ਕਿ ਟਵਿੱਟਰ ਕਰਕੇ ਭਟਕੇ ਧਿਆਨ ਨੇ ਟੇਸਲਾ ਲਈ ਜੋਖਮ ਵਧਾ ਦਿੱਤਾ ਹੈ ਅਤੇ ਇਸ ਲਈ ਟੀਚਾ ਕੀਮਤ 240 ਡਾਲਰ ਤੋਂ ਘਟਾ ਕੇ 177 ਡਾਲਰ ਕਰ ਦਿੱਤਾ ਗਿਆ ਹੈ। ਅਹਿਮ ਗੱਲ ਇਹ ਹੈ ਕਿ ਇਹ ਦੋਵੇਂ ਟੀਚੇ ਮੌਜੂਦਾ ਕੀਮਤ ਤੋਂ ਵੱਧ ਹਨ। ਬਲੂਮਬਰਗ ਬਿਲੀਨੇਅਰਜ਼ ਇੰਡੈਕਸ ਮੁਤਾਬਕ ਟੇਸਲਾ ਮੁਖੀ ਦੀ ਕੁੱਲ ਜਾਇਦਾਦ 147.7 ਬਿਲੀਅਨ ਡਾਲਰ ਹੋ ਗਈ ਹੈ। ਇਹ 2 ਸਾਲਾਂ ਵਿੱਚ ਉਨ੍ਹਾਂ ਦੀ ਕੁੱਲ ਜਾਇਦਾਦ ਦਾ ਸਭ ਤੋਂ ਘੱਟ ਪੱਧਰ ਹੈ। ਮੰਗਲਵਾਰ ਨੂੰ ਹੀ ਉਨ੍ਹਾਂ ਦੀ ਜਾਇਦਾਦ ‘ਚ 7.7 ਅਰਬ ਡਾਲਰ (63 ਹਜ਼ਾਰ ਕਰੋੜ ਰੁਪਏ ਤੋਂ ਜ਼ਿਆਦਾ) ਦੀ ਗਿਰਾਵਟ ਆਈ, ਜੋ ਪਿਛਲੇ ਅਕਤੂਬਰ ਤੋਂ ਬਾਅਦ ਇਕ ਦਿਨ ਦੀ ਸਭ ਤੋਂ ਵੱਡੀ ਗਿਰਾਵਟ ਹੈ। ਮਸਕ ਦੀ ਜ਼ਿਆਦਾਤਰ ਦੌਲਤ ਟੇਸਲਾ ਦੇ ਸਟਾਕਾਂ ਰਾਹੀਂ ਹੈ ਅਤੇ ਜੇ ਇਹ ਘਟਦੀ ਹੈ, ਤਾਂ ਉਨ੍ਹਾਂ ਦੀ ਦੌਲਤ ਵੀ ਘੱਟ ਜਾਵੇਗੀ। ਮਸਕ ਨੇ ਟਵਿੱਟਰ ਨੂੰ ਹਾਸਲ ਕਰਨ ਲਈ ਵੱਡੇ ਪੱਧਰ ‘ਤੇ ਟੇਸਲਾ ਦੇ ਸ਼ੇਅਰ ਵੇਚੇ। ਮਸਕ ਹੁਣ ਬਲੂਮਬਰਗ ਬਿਲੀਨੇਅਰਜ਼ ਇੰਡੈਕਸ ਵਿੱਚ ਦੂਜੇ ਨੰਬਰ ‘ਤੇ ਆ ਗਏ ਹਨ। ਪਹਿਲੇ ਸਥਾਨ ‘ਤੇ ਬਰਨਾਰਡ ਅਰਨੌਲਟ, ਲੁਈਸ ਵਿਟਨ ਮੋਏਟ ਹੈਨਸੀ (LVMH) ਦੇ ਚੇਅਰਮੈਨ ਹਨ, ਜਿਨ੍ਹਾਂ ਦੀ ਜਾਇਦਾਦ 161 ਬਿਲੀਅਨ ਡਾਲਰ ਹੈ। ਪਿਛਲੇ ਹਫ਼ਤੇ, ਮਸਕ ਨੇ ਟੇਸਲਾ ਦੇ 3.58 ਬਿਲੀਅਨ ਡਾਲਰ ਦੇ ਸ਼ੇਅਰ ਵੇਚੇ ਸਨ। ਇਸ ਸਾਲ ਹੁਣ ਤੱਕ ਮਸਕ ਨੇ ਟੇਸਲਾ ਦੇ 40 ਬਿਲੀਅਨ ਡਾਲਰ ਦੇ ਸ਼ੇਅਰ ਵੇਚੇ ਹਨ। ਟੇਸਲਾ ਦਾ ਬਾਜ਼ਾਰ ਮੁੱਲ ਨਵੰਬਰ 2020 ਤੋਂ ਬਾਅਦ ਪਹਿਲੀ ਵਾਰ 0.5 ਟ੍ਰਿਲੀਅਨ ਡਾਲਰ ‘ਤੇ ਆ ਗਿਆ ਹੈ। ਮਸਕ ਨੂੰ ਇਸ ਸਾਲ ਹੁਣ ਤੱਕ 122.6 ਬਿਲੀਅਨ ਡਾਲਰ ਦਾ ਨੁਕਸਾਨ ਹੋਇਆ ਹੈ।