ਟੋਰਾਂਟੋ, 28 ਅਕਤੂਬਰ : ਕੈਨੇਡੀਅਨ ਸਰਕਾਰ ਨੇ ਫਰਜ਼ੀ ਅੰਤਰ ਰਾਸ਼ਟਰੀ ਵਿਦਿਆਰਥੀਆਂ ਨੂੰ ਕੈਨੇਡਾ ‘ਚ ਦਾਖਲ ਹੋਣ ਤੋਂ ਰੋਕਣ ਲਈ ਨਿਯਮਾਂ ਨੂੰ ਸਖ਼ਤ ਕਰਨਾ ਸ਼ੁਰੂ ਕਰ ਦਿੱਤਾ ਹੈ। ਟਰੂਡੋ ਸਰਕਾਰ ਵੱਲੋਂ ਦਾਖਲਾ ਪੱਤਰਾਂ ਦੀ ਪਛਾਣ ਲਈ ਟਾਸਕ ਫੋਰਸ ਤਿਆਰ ਕੀਤੀ ਗਈ ਹੈ। ਆਈਆਰਸੀਸੀ ਟਾਸਕ ਫੋਰਸ ਵੱਲੋਂ 1500 ਤੋਂ ਜਿਆਦਾ ਵਿਦਿਆਰਥੀਆਂ ਦੇ ਵੀਜਾ ਐਪੀਕੇਸ਼ਨਾਂ ਦੀ ਸ਼ਨਾਖ਼ਤ ਕਰ ਲਈ ਹੈ, ਜਾਂਚ ਦੌਰਾਨ ਪਤਾ ਲੱਗਾ ਹੈ ਕਿ ਇੰਨ੍ਹਾਂ ਵਿੱਚੋਂ 450 ਵਿਦਿਆਰਥੀ ਫਰਜ਼ੀ ਦਾਖਲਾ ਪੱਤਰਾਂ ਨਾਲ ਕਿਸੇ ਤਰ੍ਹਾਂ ਕੈਨੇਡਾ ਪਹੁੰਚ ਚੁੱਕੇ ਹਨ। 263 ਕੇਸ਼ਾਂ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ। 63 ਕੇਸ ਸਹੀ ਪਾਏ ਗਏ ਹਨ ਅਤੇ 103 ਫਰਜ਼ੀ। ਇਸ ਜਾਂਚ ਪੜਤਾਲ ਕੀਤੇ ਗਏ ਕੇਸ਼ਾਂ ਵਿੱਚ 25 ਦੇ ਕਰੀਬ ਪੰਜਾਬ ਨਾਲ ਸਬੰਧਿਤ ਵਿਦਿਆਰਥੀ ਹਨ। ਸਰਕਾਰ ਵੱਲੋਂ ਜਲਦੀ ਹੀ ਫਰਜ਼ੀ ਵਿਦਿਆਰਥੀਆਂ ਨੂੰ ਡਿਪੋਰਟ ਕੀਤਾ ਜਾ ਰਿਹਾ ਹੈ। ਭਾਵੇਂ ਕਿ ਟਾਸਕ ਫੋਰਸ ਵੱਲੋਂ ਜਾਂਚ ਜਾਰੀ ਹੈ, ਫਿਰ ਵੀ 1500 ਭਾਰਤੀ ਵਿਦਿਆਰਥੀਆਂ ਤੇ ਡਿਪੋਰਟੇਸ਼ਨ ਦੀ ਤਲਵਾਰ ਲਟਕ ਗਈ ਹੈ। ਸਰਕਾਰ ਵੱਲੋਂ ਵਿਥਿਆਰਥੀਆਂ ਨੂੰ ਭਰੋਸਾ ਵੀ ਦਿਵਾਇਆ ਗਿਆ ਹੈ, ਕਿ ਅਜਿਹੇ ਵਿੱਚ ਕਈ ਵਿਦਿਆਰਥੀਆਂ ਨੂੰ ਧੋਖਾਧੜੀ ਬਾਰੇ ਪਤਾ ਨਹੀਂ ਹੁੰਦਾ, ਉਨ੍ਹਾਂ ਦੀ ਸਰਕਾਰ ਮੱਦਦ ਵੀ ਕਰੇਗੀ। ਅਤੇ ਜਿਹੜੇ ਵਿਦਿਆਰਥੀਆਂ ਦੀ ਕੋਈ ਗਲਤੀ ਨਹੀਂ ਹੋਵੇਗੀ ਉਨ੍ਹਾਂ ਨੂੰ ਅਸਥਾਈ ਪੜ੍ਹਾਈ ਵੀਜ਼ਾ ਵੀ ਜਾਰੀ ਕੀਤਾ ਜਾਵੇਗਾ। ਬੀਤੇ ਦਿਨੀਂ ਕੈਨੇਡਾ ਸਰਕਾਰ ਵੱਲੋਂ ਨਵੇਂ ਵੀਜ਼ਾ ਨਿਯਮਾਂ ਦਾ ਐਲਾਨ ਕੀਤਾ ਗਿਆ। ਨਵੇਂ ਨਿਯਮਾਂ ਦਾ ਐਲਾਨ ਕਰਦੇ ਹੋਏ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੇ ਕਿਹਾ ਕਿ ਜੋ ਕਾਲਜ ਤੇ ਯੂਨੀਵਰਸਿਟੀ ਕੌਮਾਂਤਰੀ ਵਿਦਿਆਰਥੀਆਂ ਨੂੰ ਮਨਜ਼ੂਰੀ ਪੱਤਰ ਜਾਰੀ ਕਰਨਗੇ, ਉਨ੍ਹਾਂ ਨੂੰ ਫੈਡਰਲ ਇਮੀਗ੍ਰੇਸ਼ਨ ਵਿਭਾਗ ਦੁਆਰਾ ਪੁਸ਼ਟੀ ਕੀਤੇ ਗਏ ਸਾਰੇ ਮਨਜ਼ੂਰੀ ਪੱਤਰ ਪ੍ਰਾਪਤ ਕਰਨੇ ਪੈਣਗੇ। ਜ਼ਿਕਰਯੋਗ ਹੈ ਕਿ ਵਿਭਾਗ ਨੇ ਜੂਨ 2017 ਵਿੱਚ ਇੱਕ ਟਾਸਕ ਫੋਰਸ ਬਣਾਈ ਸੀ, ਜਿਸ ਦੀ ਜਾਂਚ ਵਿੱਚ ਸਾਹਮਣੇ ਆਇਆ ਸੀ ਕਿ ਟਰੈਵਲ ਏਜੰਟਾਂ ਨੇ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਕੈਨੇਡਾ ਲਿਆਉਣ ਲਈ ਫਰਜ਼ੀ ਪ੍ਰਵਾਨਗੀ ਪੱਤਰ ਜਾਰੀ ਕੀਤੇ ਸਨ। ਹੁਣ ਤੱਕ ਜਿਹੜੇ 103 ਕੇਸਾਂ ਦੀ ਸਮੀਖਿਆ ਕੀਤੀ ਗਈ ਹੈ, ਉਨ੍ਹਾਂ ਵਿੱਚੋਂ ਸਿਰਫ਼ 40 ਫ਼ੀਸਦੀ ਵਿਦਿਆਰਥੀ ਹੀ ਸਰਕਾਰੀ ਸਕੀਮ ਤਹਿਤ ਕੈਨੇਡਾ ਆਏ ਹਨ ਜਦਕਿ ਬਾਕੀ ਧੋਖੇ ਦਾ ਸ਼ਿਕਾਰ ਹੋਏ ਹਨ।ਮੰਤਰੀ ਨੇ ਕਿਹਾ ਕਿ ਇੱਥੇ ਸਾਡਾ ਉਦੇਸ਼ ਧੋਖਾਧੜੀ ਕਰਨ ਵਾਲੇ ਤੱਤਾਂ ਨੂੰ ਸਜ਼ਾ ਦੇਣਾ ਹੈ ਤਾਂ ਜੋ ਉਨ੍ਹਾਂ ਨੂੰ ਜਵਾਬਦੇਹ ਬਣਾਇਆ ਜਾ ਸਕੇ।