ਕੈਨੇਡਾ: ਗ਼ਜ਼ਲ ਮੰਚ ਸਰੀ ਵੱਲੋਂ ਆਸਟਰੇਲੀਆ ਅਤੇ ਅਮਰੀਕਾ ਤੋਂ ਆਏ ਸ਼ਾਇਰਾਂ ਦੇ ਮਾਣ ਵਿਚ ਵਿਸ਼ੇਸ਼ ਪ੍ਰੋਗਰਾਮ ਕਰਵਾਇਆ ਗਿਆ। ਮਹਿਮਾਨ ਸ਼ਾਇਰਾਂ ਨੂੰ ਜੀ ਆਖਦਿਆਂ ਮੰਚ ਦੇ ਸ਼ਾਇਰ ਰਾਜਵੰਤ ਰਾਜ ਨੇ ਗ਼ਜ਼ਲ ਮੰਚ ਸਰੀ ਦੀਆਂ ਸਰਗਰਮੀਆਂ ਬਾਰੇ ਕੁਝ ਸ਼ਬਦ ਸਾਂਝੇ ਕੀਤੇ। ਉਨ੍ਹਾਂ ਦੱਸਿਆ ਕਿ ਗ਼ਜ਼ਲ ਮੰਚ ਵੱਲੋਂ ਰਵਾਇਤੀ ਮੀਟਿੰਗਾਂ ਦੀ ਬਜਾਏ ਸਾਲ ਵਿਚ ਇਕ ਵੱਡਾ ਸ਼ਾਇਰਾਨਾ ਸਮਾਗਮ ਕਰਵਾਇਆ ਜਾਂਦਾ ਹੈ ਜਿਸ ਵਿਚ ਉੱਘੇ ਸ਼ਾਇਰ ਆਪਣਾ ਕਲਾਮ ਪੇਸ਼ ਕਰਦੇ ਹਨ ਅਤੇ ਇਸ ਵਿਚ ਸ਼ਾਇਰੀ ਨਾਲ ਲਗਾਓ ਰੱਖਣ ਵਾਲੇ ਸਰੋਤੇ, ਪਾਠਕ ਵੀ ਵੱਡੀ ਗਿਣਤੀ ਵਿਚ ਸ਼ਮੂਲੀਅਤ ਕਰਦੇ ਹਨ। ਇਸ ਵਾਰ ਇਹ ਪ੍ਰੋਗਰਾਮ ਦਿਲਕਸ਼ ਸੁਰੀਲੀ ਸ਼ਾਮ ਦੇ ਰੂਪ ਵਿਚ 22 ਅਕਤੂਬਰ ਨੂੰ ਕਰਵਾਇਆ ਜਾ ਰਿਹਾ ਹੈ, ਜਿਸ ਵਿਚ ਅਮਰੀਕਾ ਤੋਂ ਪ੍ਰਸਿੱਧ ਕਲਾਸੀਕਲ ਅਤੇ ਸੂਫ਼ੀਆਨਾ ਗਾਇਕ ਸੁਖਦੇਵ ਸਾਹਿਲ ਅਤੇ ਪ੍ਰੋ. ਸ਼ਰਨਦੀਪ ਕੌਰ ਆਪਣੀ ਸੁਰੀਲੀ ਆਵਾਜ਼ ਵਿਚ ਗ਼ਜ਼ਲ-ਗਾਇਣ ਕਰਨਗੇ ਅਤੇ ਨਾਮਵਰ ਸ਼ਾਇਰਾਂ ਦਾ ਖੂਬਸੂਰਤ ਕਲਾਮ ਹੋਵੇਗਾ। ਆਸਟਰੇਲੀਆ ਤੋਂ ਆਏ ਸ਼ਾਇਰ ਸਰਬਜੀਤ ਸੋਹੀ, ਬਿੱਕਰ ਬਾਈ, ਸੁਰਜੀਤ ਸੰਧੂ ਅਤੇ ਪਾਲ ਰਾਊਕੇ ਨੇ ਆਸਟਰੇਲੀਆ ਅਤੇ ਵਿਸ਼ੇਸ਼ ਕਰਕੇ ਬ੍ਰਿਸਬੇਨ ਅਤੇ ਮੈਲਬੌਰਨ ਵਿਚਲੀਆਂ ਸਾਹਿਤਕ, ਸੱਭਿਆਚਾਰਕ ਸਰਗਰਮੀਆਂ ਅਤੇ ਪੰਜਾਬੀ ਭਾਈਚਾਰੇ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਸਜੀ ਸ਼ਾਇਰੀ ਦੀ ਮਹਿਫ਼ਿਲ ਵਿਚ ਸਭ ਤੋਂ ਪਹਿਲਾਂ ਬਿੱਕਰ ਬਾਈ ਨੇ ਰਾਜਵੰਤ ਰਾਜ ਦੀ ਗ਼ਜ਼ਲ ਆਪਣੇ ਖੂਬਸੂਰਤ ਅੰਦਾਜ਼ ਵਿਚ ਪੇਸ਼ ਕੀਤੀ, ਅਮਰੀਕਾ ਤੋਂ ਆਏ ਪ੍ਰਸਿੱਧ ਸ਼ਾਇਰ ਰਵਿੰਦਰ ਸਹਿਰਾਅ ਨੇ ਚੜ੍ਹਦੇ ਲਹਿੰਦੇ ਪੰਜਾਬ ਦੀ ਗੱਲ ਕਰਦਿਆਂ ਬਹੁਤ ਹੀ ਪਿਆਰੀ ਅਤੇ ਭਾਵਪੂਰਤ ਨਜ਼ਮ ਪੇਸ਼ ਕੀਤੀ, ਪਾਲ ਰਾਊਕੇ ਨੇ ਦੋ ਗੀਤ ‘ਮੈਂ ਤੇਰੇ ਕੁਰਬਾਨ ਵੇ ਵਿਹੜੇ ਆ ਵੜ ਮੇਰੇ’ ਅਤੇ ‘ਏਧਰ ਕਣਕਾਂ ਓਧਰ ਕਣਕਾਂ, ਵਿਚ ਕਣਕਾਂ ਦੇ ਬੂਰ ਪਿਆ, ਮੁਟਿਆਰੇ ਜਾਣਾ ਦੂਰ ਪਿਆ’ ਬਹੁਤ ਹੀ ਸੁਰੀਲੀ ਆਵਾਜ਼ ਵਿਚ ਪੇਸ਼ ਕੀਤੇ। ਅੰਤ ਵਿਚ ਗ਼ਜ਼ਲ ਮੰਚ ਦੇ ਪ੍ਰਧਾਨ ਜਸਵਿੰਦਰ ਨੇ ਸਾਰੇ ਮਹਿਮਾਨਾ, ਸ਼ਾਇਰਾਂ ਦਾ ਧੰਨਵਾਦ ਕੀਤਾ। ਇਸ ਮਹਿਫ਼ਿਲ ਦਾ ਆਨੰਦ ਮਾਣਨ ਵਾਲ਼ਿਆਂ ਵਿਚ ਭੁਪਿੰਦਰ ਮੱਲ੍ਹੀ, ਕਾਮਰੇਡ ਨਵਰੂਪ ਸਿੰਘ, ਗੁਰਮੇਲ ਸਿੰਘ ਰਾਏ, ਮਿਸਜ਼ ਰਵਿੰਦਰ ਸਹਿਰਾਅ ਸ਼ਾਮਲ ਸਨ।