ਰਾਵਲਪਿੰਡੀ, 20 ਫਰਵਰੀ : ਪਾਕਿਸਤਾਨ ਦੇ ਪੰਜਾਬ ਸੂਬੇ ‘ਚ ਵਿਆਹ ਸਮਾਗਮ ਤੋਂ ਵਾਪਸ ਪਰਤ ਰਹੀ ਬਰਾਤੀਆਂ ਨਾਲ ਭਰੀ ਬੱਸ ਡੂੰਘੀ ਖੱਡ ‘ਚ ਡਿੱਗਣ ਕਾਰਨ ਘੱਟੋ-ਘੱਟ 15 ਜਣਿਆਂ ਦੀ ਮੌਤ ਦੀ ਖ਼ਬਰ ਹੈ, ਇਸਦੇ ਨਾਲ ਹੀ 60 ਹੋਰ ਜ਼ਖਮੀ ਹੋ ਗਏ। ਇਨ੍ਹਾਂ ਵਿੱਚ 11 ਜਣਿਆਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਦੱਸਿਆ ਗਿਆ ਹੈ ਕਿ ਇਹ ਬੱਸ ਇਸਲਾਮਾਬਾਦ ਤੋਂ ਲਾਹੌਰ ਜਾ ਰਹੀ ਸੀ। ਇਹ ਹਾਦਸਾ ਐਤਵਾਰ ਦੇਰ ਰਾਤ, ਇਹ ਲਾਹੌਰ ਤੋਂ ਲਗਭਗ 240 ਕਿਲੋਮੀਟਰ ਦੂਰ ਕਲਾਰ ਕਹਰ ਸਾਲਟ ਰੇਂਜ ਖੇਤਰ ਵਿੱਚ ਵਾਪਰਿਆ ਹੈ। ਬਚਾਅ ਅਧਿਕਾਰੀ ਮੁਹੰਮਦ ਫਾਰੂਕ ਨੇ ਸੋਮਵਾਰ ਨੂੰ ਦੱਸਿਆ, ”ਬੱਸ ਡਿੱਗਣ ਤੋਂ ਪਹਿਲਾਂ ਉਲਟ ਦਿਸ਼ਾ ਤੋਂ ਆ ਰਹੇ ਤਿੰਨ ਵਾਹਨਾਂ ਨਾਲ ਟਕਰਾ ਗਈ ਅਤੇ ਫਿਰ ਖੱਡ ‘ਚ ਜਾ ਡਿੱਗੀ। ਬੱਸ ਇਕ ਵਿਆਹ ਸਮਾਗਮ ਤੋਂ ਵਾਪਸ ਆ ਰਹੇ ਬਰਾਤੀਆਂ ਨੂੰ ਲੈ ਕੇ ਜਾ ਰਹੀ ਸੀ। ਐਮਰਜੈਂਸੀ ਬਚਾਅ ਸੇਵਾ ‘ਰੇਸਕਿਊ 1122’ ਨੇ ਦੱਸਿਆ ਕਿ ਇਹ ਹਾਦਸਾ ਬ੍ਰੇਕ ਫੇਲ ਹੋਣ ਕਾਰਨ ਵਾਪਰਿਆ। ਫਾਰੂਕ ਨੇ ਦੱਸਿਆ ਕਿ ਮ੍ਰਿਤਕਾਂ ਅਤੇ ਕਈ ਜ਼ਖਮੀਆਂ ਨੂੰ ਬੱਸ ਦੇ ਕੱਟ ਕੇ ਬਾਹਰ ਲਿਆਂਦਾ ਗਿਆ। ਉਨ੍ਹਾਂ ਕਿਹਾ, “ਜ਼ਖ਼ਮੀਆਂ ਨੂੰ ਰਾਵਲਪਿੰਡੀ ਅਤੇ ਇਸਲਾਮਾਬਾਦ ਦੇ ਹਸਪਤਾਲਾਂ ਵਿੱਚ ਲਿਜਾਇਆ ਗਿਆ ਹੈ, ਮਰਨ ਵਾਲਿਆਂ ਵਿੱਚ ਛੇ ਔਰਤਾਂ ਵੀ ਸ਼ਾਮਲ ਹਨ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਇਸ ਹਾਦਸੇ ‘ਤੇ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਨੇ ਅਧਿਕਾਰੀਆਂ ਨੂੰ ਜ਼ਖਮੀਆਂ ਨੂੰ ਬਿਹਤਰ ਮੈਡੀਕਲ ਸਹੂਲਤਾਂ ਮੁਹੱਈਆ ਕਰਵਾਉਣ ਦੇ ਨਿਰਦੇਸ਼ ਦਿੱਤੇ।