ਕਨੇਡਾ, ਕਲੋਨਾ ( ਬਲਜਿੰਦਰ ਭਨੋਹੜ ) : ਕਨੇਡਾ ਸਰਕਾਰ ਨੇ ਦੇਸ਼ ਦੀ ਇਮੀਗ੍ਰੇਸ਼ਨ ਨੀਤੀ ਵਿੱਚ ਕੁਝ ਵੱਡੇ ਬਦਲਾਅ ਕਰਨ ਦਾ ਫੈਸਲਾ ਲਿਆ ਹੈ, ਜਿਸ ਨਾਲ ਕਨੇਡਾ ਜਾਣ ਵਾਲੇ ਪੰਜਾਬੀਆਂ ਨੂੰ ਵੱਡਾ ਝਟਕਾ ਲੱਗਿਆ ਹੈ। ਹੁਣ ਜਿਹੜੇ ਪੰਜਾਬੀਆਂ ਨੇ ਆਪਣੇ ਕਨੇਡਾ ਵੀਜੇ ਲਈ ਫਾਈਲਾਂ ਲਗਾਈਆਂ ਹੋਈਆਂ ਹਨ, ਹੁਣ ਉਹਨਾਂ ਨੂੰ ਆਪਣੇ ਕਨੇਡਾ ਦੇ ਵੀਜੇ ਦਾ ਹੋਰ ਲੰਮਾ ਇੰਤਜ਼ਾਰ ਕਰਨਾ ਹੋਵੇਗਾ। ਕਿਉਂਕਿ ਕਨੇਡਾ ਸਰਕਾਰ ਨੇ ਨਵੇਂ ਇਮੀਗ੍ਰੇਸ਼ਨ ਵੀਜਾ ਨਿਯਮਾਂ ਵਿੱਚ ਤਬਦੀਲੀ ਕਰਦੇ ਹੋਏ ਤੁਰੰਤ ਨਵੇਂ ਨਿਯਮ ਲਾਗੂ ਕਰ ਦਿੱਤੇ ਹਨ। ਸੋ, ਨਵੇਂ ਜਾਰੀ ਕੀਤੇ ਨਵੇਂ ਵੀਜਾ ਨਿਯਮਾਂ ਤਹਿਤ ਹੁਣ ਕਨੇਡਾ ਜਾਣ ਲਈ ਕਿਸੇ ਵੀ ਦੇਸ਼ ਦੇ ਵਿਦੇਸ਼ੀ ਨੂੰ ਮਹੀਨਿਆਂ ਬੱਧੀ ਲੰਮਾ ਇੰਤਜ਼ਾਰ ਕਰਨਾ ਪਵੇਗਾ । ਇੰਨ੍ਹਾਂ ਤਬਦੀਲੀਆਂ ਦਾ ਜਿਆਦਾ ਅਸਰ ਪੰਜਾਬੀਆਂ ‘ਤੇ ਪਵੇਗਾ, ਕਿਉਂਕਿ ਪੰਜਾਬ ਤੋਂ ਵੱਡੀ ਗਿਣਤੀ ਵਿੱਚ ਲੋਕ ਵੱਖ-ਵੱਖ ਵੀਜਾ ਕੈਟਾਗਿਰੀਆਂ ਤਹਿਤ ਕਨੇਡਾ ਜਾਂਦੇ ਹਨ ਜਾਂ ਆਪਣੇ ਕਨੇਡਾ ਇੰਮੀਗ੍ਰੇਸ਼ਨ ਤੋਂ ਮਿਲਣ ਵਾਲੇ ਵੀਜਿਆਂ ਦਾ ਬੇਸਬਰੀ ਨਾਲ ਇੰਤਜਾਰ ਕਰ ਰਹੇ ਹਨ ।
ਕਨੇਡਾ ਸਰਕਾਰ ਵੱਲੋਂ ਬਣਾਏ ਨਵੇਂ ਨਿਯਮਾਂ ਤਹਿਤ ਸਟੂਡੈਂਟਸ ਦੀ ਕਨੇਡਾ ਪੜਾਈ ਕਰਨ ਲਈ ਵੀਜਾ ਐਪਲੀਕੇਸ਼ਨ ਦੀ ਪ੍ਰਕਿਰਿਆ ਹੁਣ 12 ਮਹੀਨਿਆਂ ਵਿੱਚ ਮੁਕੰਮਲ ਹੋਵੇਗੀ। ਇਸੇ ਤਰਾਂ ਹੀ ਪੰਜਾਬੀਆਂ ਨੂੰ ਕਨੇਡਾ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ, ਖੁਸ਼ੀ ਅਤੇ ਗ਼ਮੀ ਦੇ ਕਿਸੇ ਵੀ ਸਮਾਗਮ ‘ਚ ਸ਼ਾਮਲ ਹੋਣ ਜਾਂ ਸੈਰ-ਸਪਾਟੇ ਦੇ ਮਕਸਦ ਨਾਲ ਵਿਜ਼ਟਰ ਵੀਜਾ ਲੈਣ ਲਈ ਹੁਣ 12 ਮਹੀਨੇ ਦੀ ਬਜਾਏ 16 ਮਹੀਨੇ ਦਾ ਇੰਤਜ਼ਾਰ ਕਰਨਾ ਹੋਵੇਗਾ । ਵਰਕ ਪਰਮਿਟ ਲੈਣ ਲਈ ਹੁਣ 23 ਮਹੀਨੇ, ਸੈਲਫ ਇੰਪਲਾਇਡ ਵਰਕ ਪਰਮਿਟ ਲਈ 41 ਮਹੀਨੇ ਅਤੇ ਸਕਿੱਲਡ ਵਰਕ ਪਰਮਿਟ ਦੀ ਅਰਜ਼ੀ ਦਾ ਨਿਪਟਾਰਾ 44 ਮਹੀਨੇ ਵਿੱਚ ਪੂਰਾ ਹੋ ਸਕਿਆ ਕਰੇਗਾ । ਸਪਾਊਸ ਭਾਵ ਪਤੀ-ਪਤਨੀ ਦੀ ਪੀ ਆਰ ਹੋਣ ਦੀ ਪ੍ਰੋਸੈਸਿੰਗ ਹੁਣ 23 ਮਹੀਨੇ ‘ਚ ਪੂਰੀ ਹੋਵੇਗੀ, ਜਦਕਿ ਸਿੱਧੀ ਪੀਆਰ ਦੀ 12 ਮਹੀਨੇ ਦੀ ਜਗ੍ਹਾ 18 ਮਹੀਨੇ ਵਿੱਚ ਪੂਰੀ ਹੋਵੇਗੀ । ਕਨੇਡਾ ਦੇ ਪੱਕੇ ਵਸਨੀਕ ਹੁਣ ਨਵੇਂ ਨਿਯਮਾਂ ਅਨੁਸਾਰ ਆਪਣੇ ਮਾਪਿਆਂ, ਦਾਦਾ- ਦਾਦੀ ਜਾਂ ਨਾਨਾ-ਨਾਨੀ ਦੀ ਪੀਆਰ 24 ਮਹੀਨੇ ਦੀ ਥਾਂ 36 ਮਹੀਨੇ ਬਾਦ ਲੈ ਸਕਣਗੇ । ਹੁਣ ਕਨੇਡਾ ਵਸਦੇ ਸਥਾਈ ਲੋਕਾਂ ਨੂੰ ਭਾਰਤ ਵਿੱਚ ਰਹਿੰਦੇ ਆਪਣੇ ਬੱਚਿਆਂ ਲਈ ਪੀਆਰ ਲੈਣ ਵਾਸਤੇ 12 ਮਹੀਨੇ ਹੋਰ ਇੰਤਜ਼ਾਰ ਕਰਨਾ ਪਵੇਗਾ । ਇਸੇ ਤਰਾਂ ਸਿਹਤ ਸੇਵਾਵਾਂ ਨਾਲ ਸਬੰਧਤ ਵਰਕ ਪਰਮਿਟ ਦੀ ਪ੍ਰੋਸੈਸਿੰਗ ਵੀ ਹੁਣ 26 ਮਹੀਨੇ ‘ਚ ਪੂਰੀ ਹੋਵੇਗੀ। ਕਨੇਡਾ ਵਿੱਚ ਰਹਿੰਦੇ ਲੋਕਾਂ ਦੇ ਰਫ਼ਿੳਜ਼ੀ ਕਲੇਮਾਂ ਦਾ ਨਿਪਟਾਰਾ ਨਵੇਂ ਨਿਯਮਾਂ ਦੇ ਅੰਤਰਗਤ ਹੁਣ 12 ਮਹੀਨਿਆਂ ਦੀ ਜਗ੍ਹਾ 16 ਮਹੀਨੇ ‘ਚ ਹੋਵੇਗਾ ਅਤੇ ਤਰਸ ਦੇ ਅਧਾਰ ‘ਤੇ ਕਨੇਡਾ ਵਿੱਚ ਸਥਾਈ ਨਾਗਰਿਤਾ ਲੈ ਸਕਣ ਲਈ ਅਰਜ਼ੀਆਂ ਦਾ ਨਿਪਟਾਰਾ ਹੁਣ 20 ਮਹੀਨਿਆਂ ਬਾਦ ਹੋ ਸਕੇਗਾ । ਕਨੇਡਾ ਵਿੱਚ ਬਜ਼ੁਰਗਾਂ ਅਤੇ ਬੱਚਿਆਂ ਲਈ ਨੈਨੀ ਸਬੰਧੀ ਪ੍ਰੋਗਰਾਮ ਵਿੱਚ ਕੋਈ ਨਵਾਂ ਨਿਯਮ ਨਹੀਂ ਲਾਗੂ ਕੀਤਾ ਗਿਆ । ਇਹ ਨਵੇਂ ਨਿਯਮ ਕਨੇਡਾ ਸਰਕਾਰ ਨੇ ਅਸਲ ਵਿੱਚ ਇੰਮੀਗ੍ਰੇਸ਼ਨ ਡਿਪਾਰਟਮੈਂਟ ਵਿੱਚ ਲੰਮੇ ਸਮੇਂ ਤੋਂ ਲੱਖਾਂ ਦੀ ਗਿਣਤੀ ਵਿੱਚ ਪੈਂਡਿੰਗ ਵੱਖ-ਵੱਖ ਪਈਆਂ ਫਾਈਲਾਂ ਦਾ ਨਿਪਟਾਰਾ ਕਰਨ ਦੇ ਮਕਸਦ ਨਾਲ ਕੀਤਾ ਹੈ ।
ਉਪਰੋਕਤ ਵੱਖ-ਵੱਖ ਪ੍ਰੋਗਰਾਮਾਂ ਲਈ ਅਪਲਾਈ ਕਰਨ ਵਾਲੇ ਬੇਨਤੀਕਰਤਾ ਨੂੰ ਆਪਣੀ ਸਬੰਧਤ ਫਾਈਲ ਦੀ ਸਥਿਤੀ ਜਾਨਣ ਲਈ ਕਨੇਡਾ ਸਰਕਾਰ ਦੀ ਵੈੱਬਸਾਈਟ ‘ਤੇ ਜਾਣਾ ਪਵੇਗਾ ਅਤੇ ਆਪਣੀ ਫਾਈਲ ਦੀ ਜਾਣਕਾਰੀ ਲੈਣ ਲਈ ਚੈੱਕ ਪ੍ਰੋਸੈਸਿੰਗ ਟਾਈਮ ‘ਤੇ ਜਾਣ ਤੋਂ ਮਗਰੋਂ ਸਿਲੈਕਟ n ਐਪਲੀਕੇਸ਼ਨ ਟਾਈਪ ਕਰਨ ਮਗਰੋਂ ਫਾਈਲਾਂ ਦੀ ਸੂਚੀ ਓਪਨ ਹੋ ਜਾਵੇਗੀ । ਇਸ ਮਗਰੋਂ ਤੁਹਾਨੂੰ ਵੀਜਾ ਕੈਟਾਗਿਰੀ ਸਿਲੈਕਟ ਕਰਨੀ ਹੋਵੇਗੀ। ਇਸ ਪਿੱਛੋਂ ਤੁਹਾਨੂੰ ਕਨੇਡਾ ਵਿੱਚੋਂ ਵੀਜਾ ਜਾਂ ਕਨੇਡਾ ਤੋਂ ਬਾਹਰੋਂ ਵੀਜਾ ਦੀਆਂ ਦੋ ਆਪਸ਼ਨਾਂ ਵਿੱਚੋਂ ਇੱਕ ਆਪਸ਼ਨ ਚੁਣਨ ਲਈ ਕਲਿੱਕ ਕਰਨਾ ਪਵੇਗਾ । ਕਨੇਡਾ ਤੋਂ ਬਾਹਰ ਦੀ ਆਪਸ਼ਨ ਕਲਿੱਕ ਕਰਨ ਮਗਰੋਂ ਤੁਹਾਨੂੰ ਦੇਸ਼ ਦਾ ਨਾਂ ਚੁਣਨਾ ਪਵੇਗਾ । ਇਸ ਪਿੱਛੋਂ ਗੇਟ ਪ੍ਰੋਸੈਸਿੰਗ ਟਾਈਮ ਕਲਿੱਗ ਕਰਨ ਉਪਰੰਤ ਵੀਜੇ ਦੀ ਤਰੀਖ/ ਮਹੀਨੇ ਦੀ ਪੂਰੀ ਜਾਣਕਾਰੀ ਤੁਸੀਂ ਹਾਸਲ ਕਰ ਸਕੋਗੇ । ਇਹ ਵੀ ਜਿਕਰਯੋਗ ਹੈ ਕਿ ਵੈੱਬਸਾਈਟ ‘ਤੇ ਬਾਇਓਮੈਟ੍ਰਿਕਸ ਹੋਣ ਪਿੱਛੋਂ ਪ੍ਰੋਸੈਸਿੰਗ ਸਬੰਧੀ ਵੀ ਪਤਾ ਕੀਤਾ ਜਾ ਸਕਦਾ ਹੈ । ਇਸ ਲਈ ਹੁਣ ਹਰੇਕ ਬਿਨੇਕਾਰ ਕਨੇਡੀਅਨ ਸਰਕਾਰ ਦੀ ਆਫੀਸ਼ੀਅਲ ਵੈੱਬਸਾਈਟ ਉੱਤੇ ਆਪਣਾ ਅਕਾਊਂਟ ਬਣਾਕੇ ਆਪਣੇ ਕੇਸ ਦੀ ਸਹੀ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ ਅਤੇ ਗਲਤ ਏਜੰਟਾਂ ਦੀ ਖ਼ੱਜਲਖੁਆਰੀ ਤੋਂ ਵੀ ਬਚ ਸਕਦੇ ਹੋ ।
ਸੂਤਰਾਂ ਤੋਂ ਇਕੱਤਰ ਹੋਈ ਜਾਣਕਾਰੀ ਅਨੁਸਾਰ ਕਨੇਡੀਅਨ ਸਰਕਾਰ ਨੇ ਕੋਵਿਡ ਮਹਾਂਮਾਰੀ ਕਾਰਨ ਇੰਮੀਗ੍ਰੇਸ਼ਨ ਵਿਭਾਗ ਵਿੱਚ ਲੰਮੇ ਸਮੇਂ ਤੋਂ ਪੈਂਡਿੰਗ ਪਈਆਂ ਫਾਈਲਾਂ ਦਾ ਜਲਦ ਨਿਪਟਾਰਾ ਕਰਨ ਲਈ 1250 ਨਵੇਂ ਕਾਮਿਆਂ ਦੀ ਭਰਤੀ ਕਰਨ ਦੇ ਨਾਲ-ਨਾਲ ਇੰਮੀਗ੍ਰੇਸ਼ਨ ਵਿਭਾਗ ਨੂੰ ਵੱਡੇ ਫੰਡ ਜਾਰੀ ਕੀਤੇ ਹਨ । ਕਨੇਡੀਅਨ ਇੰਮੀਗ੍ਰੇਸ਼ਨ ਮੰਤਰੀ ਨੇ ਬਿਆਨ ਜਾਰੀ ਕਰਦੇ ਹੋਏ ਦੱਸਿਆ ਕਿ ਇਸ ਚਾਲੂ ਵਰ੍ਹੇ ਦੇ ਅੰਤ ਭਾਵ 31 ਦਸੰਬਰ ਤੱਕ ਪੈਂਡਿੰਗ ਪਈਆਂ ਫਾਈਲਾਂ ਵਿੱਚੋਂ 80 ਫੀਸਦ ਕੇਸਾਂ ਦਾ ਨਿਪਟਾਰਾ ਕਰ ਦਿੱਤਾ ਜਾਵੇਗਾ ।