ਫੋਰਬਸ ਵਲੋਂ ਜਾਰੀ 100 ਸੱਭ ਤੋਂ ਅਮੀਰ ਸੈਲਫ ਮੇਡ ਔਰਤਾਂ ਦੀ ਸੂਚੀ ਵਿਚ ਭਾਰਤੀ ਮੂਲ ਦੀਆਂ ਚਾਰ ਔਰਤਾਂ ਨੇ ਦੇ ਨਾਮ ਸ਼ਾਮਿਲ

ਨਿਊਯਾਰਕ, 10 ਜੁਲਾਈ : ਫੋਰਬਸ ਵਲੋਂ ਜਾਰੀ 100 ਸੱਭ ਤੋਂ ਅਮੀਰ ਸੈਲਫ ਮੇਡ ਔਰਤਾਂ ਦੀ ਸੂਚੀ ਵਿਚ ਭਾਰਤੀ ਮੂਲ ਦੀਆਂ ਚਾਰ ਔਰਤਾਂ ਨੇ ਥਾਂ ਬਣਾਈ ਹੈ। ਭਾਰਤੀ ਮੂਲ ਦੀਆਂ ਇਨ੍ਹਾਂ ਚਾਰ ਔਰਤਾਂ ਦੀ ਜਾਇਦਾਦ ਕੁਲ ਮਿਲਾ ਕੇ 4.06 ਬਿਲੀਅਨ ਡਾਲਰ ਹੈ। ਇਸ ਸੂਚੀ ਵਿਚ ਕੰਪਿਊਟਰ ਨੈੱਟਵਰਕਿੰਗ ਫਰਮ ਅਰਿਸਟਾ ਨੈੱਟਵਰਕਸ ਦੇ ਪ੍ਰਧਾਨ ਅਤੇ ਮੁੱਖ ਕਾਰਜਕਾਰੀ ਅਧਿਕਾਰੀ ਜੈਸ਼੍ਰੀ ਉੱਲਾਲ, ਆਈਟੀ ਸਲਾਹਕਾਰ ਅਤੇ ਆਊਟਸੋਰਸਿੰਗ ਫਰਮ ਸਿੰਟੇਲ ਦੀ ਸਹਿ-ਸੰਸਥਾਪਕ ਨੀਰਜਾ ਸੇਠੀ, ਕਲਾਊਡ ਕੰਪਨੀ ਕਨਫਲੂਐਂਟ ਦੇ ਸਹਿ-ਸੰਸਥਾਪਕ ਅਤੇ ਸਾਬਕਾ ਮੁੱਖ ਤਕਨਾਲੋਜੀ ਅਧਿਕਾਰੀ (ਸੀ. ਟੀ. ਓ.) ਨੇਰਾ ਨਾਰਖੇੜੇ ਅਤੇ ਪੇਪਸੀਕੋ ਦੇ ਸਾਬਕਾ ਚੇਅਰਮੈਨ ਅਤੇ ਸੀ.ਈ.ਓ. ਇੰਦਰਾ ਨੂਈ ਸ਼ਾਮਲ ਹਨ। ਸ਼ੇਅਰ ਬਾਜ਼ਾਰਾਂ 'ਚ ਜਾਰੀ ਤੇਜ਼ੀ ਵਿਚਕਾਰ ਫੋਰਬਸ ਦੀ 100 ਸੱਭ ਤੋਂ ਅਮੀਰ ਔਰਤਾਂ ਦੀ ਸੂਚੀ ਵਿਚ ਮਹਿਲਾ ਉੱਦਮੀਆਂ ਦੀ ਕੁੱਲ ਜਾਇਦਾਦ ਇਕ ਸਾਲ ਪਹਿਲਾਂ ਦੇ ਮੁਕਾਬਲੇ 12 ਫ਼ੀ ਸਦੀ ਵਧ ਕੇ 124 ਬਿਲੀਅਨ ਡਾਲਰ ਤਕ ਪਹੁੰਚ ਗਈ ਹੈ। ਜੈਸ਼੍ਰੀ ਉੱਲਾਲ 2.4 ਅਰਬ ਡਾਲਰ ਦੀ ਸੰਪਤੀ ਨਾਲ ਸੂਚੀ ਵਿਚ 15ਵੇਂ ਸਥਾਨ 'ਤੇ ਹਨ। ਉਹ 2008 ਤੋਂ ਜਨਤਕ ਤੌਰ 'ਤੇ ਕਾਰੋਬਾਰ ਕਰਨ ਵਾਲੇ ਅਰਿਸਟਾ ਨੈਟਵਰਕ ਦੀ ਪ੍ਰਧਾਨ ਅਤੇ ਸੀ.ਈ.ਓ. ਹਨ। ਅਰਿਸਟਾ ਨੇ 2022 ਵਿਚ ਲਗਭਗ 4.4 ਅਰਬ ਡਾਲਰ ਦੀ ਆਮਦਨ ਦਰਜ ਕੀਤੀ। ਉਹ ਕਲਾਉਡ ਕੰਪਿਊਟਿੰਗ ਕੰਪਨੀ ਸਨੋਫਲੇਕ ਦੇ ਬੋਰਡ ਆਫ਼ ਡਾਇਰੈਕਟਰਜ਼ ਦਾ ਵੀ ਹਿੱਸਾ ਹਨ। ਸੂਚੀ ਵਿਚ 25ਵੇਂ ਸਥਾਨ 'ਤੇ ਮੌਜੂਦ 68 ਸਾਲਾ ਸੇਠੀ ਦੀ ਕੁੱਲ ਜਾਇਦਾਦ 99 ਕਰੋੜ ਡਾਲਰ ਹੈ। ਸੇਠੀ ਅਤੇ ਉਸ ਦੇ ਪਤੀ ਭਰਤ ਦੇਸਾਈ ਦੁਆਰਾ 1980 ਵਿਚ ਸਹਿ-ਸਥਾਪਤ ਸਿੰਟੇਲ ਨੂੰ ਅਕਤੂਬਰ 2018 ਵਿਚ ਫ੍ਰੈਂਚ ਆਈਟੀ ਫਰਮ ਐਟੋਸ ਐਸ.ਈ. ਦੁਆਰਾ 3.4 ਅਰਬ ਡਾਲਰ ਵਿਚ ਖਰੀਦਿਆ ਗਿਆ ਸੀ। ਸੇਠੀ ਨੂੰ ਅਪਣੀ ਹਿੱਸੇਦਾਰੀ ਲਈ ਅੰਦਾਜ਼ਨ 51 ਕਰੋੜ ਡਾਲਰ ਮਿਲੇ ਹਨ। ਜਦਕਿ 38 ਸਾਲਾ ਨਰਖੇੜੇ 52 ਕਰੋੜ ਡਾਲਰ ਦੀ ਸੰਪਤੀ ਨਾਲ ਸੂਚੀ ਵਿਚ 38ਵੇਂ ਸਥਾਨ 'ਤੇ ਹਨ। ਪੈਪਸੀਕੋ ਦੇ ਸਾਬਕਾ ਚੇਅਰਮੈਨ ਅਤੇ ਸੀ.ਈ.ਓ. ਨੂਈ ਕੰਪਨੀ ਨਾਲ 24 ਸਾਲ ਤਕ ਰਹਿਣ ਮਗਰੋਂ 2019 ਵਿਚ ਸੇਵਾਮੁਕਤ ਹੋਏ। ਉਨ੍ਹਾਂ ਦੀ ਕੁੱਲ ਜਾਇਦਾਦ 35 ਕਰੋੜ ਡਾਲਰ ਦਰਜ ਕੀਤੀ ਗਈ ਅਤੇ ਉਹ ਸੂਚੀ ਵਿਚ 77ਵੇਂ ਸਥਾਨ 'ਤੇ ਹੈ। ਏਬੀਸੀ ਸਪਲਾਈ ਦੇ ਸਹਿ-ਸੰਸਥਾਪਕ, ਡੈਨ ਹੈਂਡਰਿਕਸ, ਲਗਾਤਾਰ ਛੇਵੀਂ ਵਾਰ ਸੂਚੀ ਵਿਚ ਸਿਖਰ 'ਤੇ ਹਨ। ਹੈਂਡਰਿਕਸ ਦੀ ਕੁੱਲ ਜਾਇਦਾਦ 15 ਅਰਬ ਡਾਲਰ ਹੈ।