ਜਲੰਧਰ ਸ਼ਹਿਰ ਦੇ ਲਾਗੇ ਪਿੰਡ ਲਿੱਧੜਾਂ ਦੇ ਨੰਬਰਦਾਰ ਬਹਾਦਰ ਸਿੰਘ ਲਿੱਧੜ ਦਾ ਪੋਤਰੇ ਅਤੇ ਦਿਲਬਾਗ ਸਿੰਘ ਲਿੱਧੜ ਦਾ ਪੁੱਤਰ ਅਰਸ਼ਦੀਪ ਸਿੰਘ ਲਿੱਧੜ ਅਮਰੀਕਾ ਦੇ 'ਸਪੇਸ ਫੋਰਸ ਵਿਭਾਗ' 'ਚ ਵੱਡੀ ਜ਼ਿੰਮੇਵਾਰੀ ਨਿਭਾਉਣ ਲਈ ਚੁਣਿਆ ਗਿਆ ਹੈ | ਦੱਸਣਯੋਗ ਹੈ ਕਿ ਇਸ ਵਿਭਾਗ ਦੀ ਜ਼ਿੰਮੇਵਾਰੀ ਪੁਲਾੜ 'ਚ ਉਪਗ੍ਰਹਿਆਂ ਤੇ ਉਪਕਰਨਾਂ ਦੀ ਸੁਰੱਖਿਆ ਅਤੇ ਉਨ੍ਹਾਂ ਨੂੰ ਕੰਮ ਕਰਨ ਦੇ ਯੋਗ ਬਣਾਈ ਰੱਖਣ ਅਤੇ ਨਵੀਆਂ ਖੋਜਾਂ ਲਈ ਰਸਤੇ ਤਿਆਰ ਕਰਨਾ ਹੁੰਦਾ ਹੈ | ਅਰਸ਼ਦੀਪ ਦੇ ਪਿਤਾ ਦਿਲਬਾਗ ਸਿੰਘ ਲਿੱਧੜ ਤੇ ਮਾਤਾ ਜਸਵਿੰਦਰ ਕੌਰ ਲਿੱਧੜ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਬਚਪਨ ਤੋਂ ਹੀ ਪੜ੍ਹਾਈ 'ਚ ਬਹੁਤ ਹੁਸ਼ਿਆਰ ਸੀ | ਹਿਊਸਟਨ ਯੂਨੀਵਰਸਿਟੀ ਤੋਂ ਗਰੈਜੂਏਸ਼ਨ ਕਰਦਿਆਂ ਹੀ ਉਸ ਨੂੰ ਸਮੁੰਦਰੀ ਫ਼ੌਜ ਦੇ ਵਿਭਾਗ ਦੀ ਸਪੈਸ਼ਲ ਫੋਰਸ ਵਲੋਂ 'ਡਿਪਾਰਟਮੈਂਟ ਆਫ਼ ਸਪੇਸ ਫੋਰਸ' ਲਈ ਚੁਣ ਲਿਆ ਗਿਆ ਸੀ | ਲੰਘੀ 17 ਜੂਨ ਨੂੰ ਉਸ ਨੇ ਵਿਭਾਗ 'ਚ 18 ਮਹੀਨੇ ਦੀ ਟਰੇਨਿੰਗ ਅੱਵਲ ਰਹਿ ਕੇ ਮੁਕੰਮਲ ਕੀਤੀ | ਅਰਸ਼ਦੀਪ ਦੇ ਪਿਤਾ ਦਾ ਮੈਕਸੀਕੋ ਸਰਹੱਦ ਨਾਲ ਲੱਗਦੇ ਟੈਕਸਸ ਸੂਬੇ ਦੇ ਸ਼ਹਿਰ ਮਿਸ਼ਨ 'ਚ ਹੋਟਲਾਂ ਦਾ ਵੱਡਾ ਕਾਰੋਬਾਰ ਹੈ | ਅਮਰੀਕਾ ਦੇ ਪੰਜਾਬੀ ਭਾਈਚਾਰੇ 'ਚ ਜਿੱਥੇ ਅਰਸ਼ਦੀਪ ਸਿੰਘ ਲਿੱਧੜ ਦੀ ਇਸ ਪ੍ਰਾਪਤੀ ਨੂੰ ਮਾਣ ਨਾਲ ਵੇਖਿਆ ਜਾ ਰਿਹਾ ਹੈ, ਉੱਥੇ ਉਸ ਦੇ ਪਿੰਡ ਦੇ ਲੋਕਾਂ, ਸਾਕ ਸਬੰਧੀਆਂ ਤੇ ਸੱਜਣਾਂ-ਮਿੱਤਰਾਂ 'ਚ ਵੀ ਖ਼ੁਸ਼ੀ ਦੀ ਲਹਿਰ ਹੈ |