ਸਰੀ 'ਚ ਸੋਸ਼ਲ ਮੀਡੀਆ 'ਤੇ ਸੋਜੀ ਬਾਰੇ ਪਰੋਸੀ ਜਾ ਰਹੀ ਜਾਣਕਾਰੀ ਸਹੀ ਨਹੀਂ : ਰਚਨਾ ਸਿੰਘ

  • ਚਿੰਤਤ ਮਾਪੇ ਸੋਸ਼ਲ ਮੀਡੀਆ ਦੀ ਬਜਾਏ ਅਧਿਆਪਕਾਂ ਪਾਸੋਂ ਜਾਨਣ
  • ਸਰਕਾਰ ਬੱਚਿਆਂ ਨੂੰ ਕੁਆਲਟੀ ਐਜੂਕੇਸ਼ਨ ਦੇਣ ਲਈ ਵਚਨਬੱਧ ਹੈ
  • ਸਕੂਲਾਂ 'ਚ ਬੱਚਿਆਂ ਦੀ ਸਿਹਤ ਤੇ ਸ਼ਖ਼ਸੀਅਤ ਨੂੰ ਵੀ ਨਿਖਾਰਨ ਲਈ ਯਤਨ ਕਰ ਰਹੇ ਹਾਂ
  • ਸੋਜੀ ਬੱਚਿਆਂ ਨੂੰ ਮਾਪਿਆਂ ਦੀ ਰਾਇ ਨਾਲ ਮਟੀਰੀਅਲ ਦੇਵੇਗੀ
  • ਕਿਸੇ ਛੋਟੀ ਉਮਰ ਦੇ ਬੱਚੇ ਦਾ ਮਾਪਿਆਂ ਦੀ ਰਾਇ ਤੋਂ ਬਿਨਾਂ ਜੈਂਡਰ ਬਦਲਣ ਬਾਰੇ ਜਾਣਕਾਰੀ ਸਹੀ ਨਹੀਂ
  • ਮੈਂ ਵੀ ਇਕ ਮਾਂ ਹੋਣ ਦੇ ਨਾਤੇ ਬੱਚਿਆਂ ਦੇ ਮਾਪਿਆਂ ਦੀ ਭਾਵਨਾ ਸਮਝਦੀ ਹੈ
  • ਮੇਰੇ ਵੀ ਬੱਚੇ ਸਕੂਲਾਂ 'ਚ ਪੜ੍ਹ ਰਹੇ ਹਨ ਤੇ ਮੈਂ ਵੀ ਆਪਣੇ ਬੱਚਿਆਂ ਨੂੰ ਮਿਆਰੀ ਸਿੱਖਿਆ ਦਿਵਾਉਣਾ ਚਾਹੁੰਦੀ ਹਾਂ
  • ਮੈਂ ਇਹ ਵੀ ਦੱਸ ਦੇਣਾ ਚਾਹੁੰਦੀ ਹਾਂ ਸੋਜੀ ਪ੍ਰੋਗਰਾਮ ਮੇਰੇ ਮੰਤਰੀ ਬਣਨ ਤੋਂ ਪਹਿਲਾਂ ਦਾ ਹੈ
  • ਬੱਚਿਆਂ ਦੇ ਭਵਿੱਖ ਨਾਲ ਜੁੜੇ ਇਸ ਮੁੱਦੇ ਨੂੰ ਰਾਜਨੀਤਿਕ ਨਾ ਬਣਾਇਆ ਜਾਵੇ
  • ਬੀ.ਸੀ. ਦੀ ਸਿੱਖਿਆ ਮੰਤਰੀ ਰਚਨਾ ਸਿੰਘ ਨੇ ਸੋਜੀ ਦੇ ਮੁੱਦੇ 'ਤੇ ਸੱਚ ਦੀ ਆਵਾਜ ਅਖ਼ਬਾਰ ਨਾਲ ਕੀਤੀ ਵਿਸ਼ੇਸ ਗੱਲਬਾਤ
  • ਗੱਲਬਾਤ ਦੌਰਾਨ ਪੱਤਰਕਾਰ ਲਵੀ ਪੰਨੂੰ ਨੇ ਲੋਕਾਂ ਦੇ ਸਵਾਲ ਰਚਨਾ ਸਿੰਘ ਅੱਗੇ ਰੱਖੇ
  • ਸਿੱਖਿਆ ਮੰਤਰੀ ਦੇ ਜਵਾਬਾਂ ਨਾਲ ਕਈ ਭੁਲੇਖੇ ਹੋਏ ਦੂਰ
  • ਵਿਸ਼ੇਸ ਗੱਲਬਾਤ ਦੌਰਾਨ ਅਖ਼ਬਾਰ ਦੇ ਸੰਪਾਦਕ ਖੁਸ਼ਪਾਲ ਗਿੱਲ ਨੇ ਵੀ ਕੀਤੇ ਕਈ ਸਵਾਲ
  • ਸਿੱਖਿਆ ਮੰਤਰੀ ਨੇ ਸੋਜੀ ਬਾਰੇ ਸਹੀ ਜਾਣਕਾਰੀ ਲੋਕਾਂ ਤੱਕ ਪਹੁੰਚਾਉਣ ਲਈ ਮੀਡੀਆ ਪਾਸੋਂ ਮੰਗਿਆ ਸਹਿਯੋਗ

ਸਰੀ, 12 ਅਕਤੂਬਰ (ਲਵੀ ਪੰਨੂ) : ਕੈਨੇਡਾ ਦੇ ਬੀ. ਸੀ. ਰਾਜ ਤੋਂ ਸਿੱਖਿਆ ਮੰਤਰੀ ਰਚਨਾ ਸਿੰਘ ਨੇ ਅੱਜ ਸੋਜੀ ਦੇ ਮੁੱਦੇ 'ਤੇ ਸੱਚ ਦੀ ਆਵਾਜ ਨਾਲ ਵਿਸ਼ੇਸ ਗੱਲਬਾਤ ਕੀਤੀ। ਇਸ ਦੌਰਾਨ ਉਨ੍ਹਾਂ ਸੋਜੀ ਬਾਰੇ ਲੋਕ ਮਨਾਂ ਅਤੇ ਸੋਜੀ ਪ੍ਰੋਗਰਾਮ ਵਿਰੁੱਧ ਉਠ ਰਹੇ ਸਵਾਲਾਂ ਦੇ ਜਵਾਬ ਦਿੰਦਿਆਂ ਭਰੋਸਾ ਦਿੱਤਾ ਕਿ ਸਰਕਾਰ ਬੱਚਿਆਂ ਦੇ ਭਵਿੱਖ ਨੂੰ ਰੌਸ਼ਨ ਕਰਨਾ ਚਾਹੁੰਦੀ ਹੈ ਤੇ ਸਕੂਲਾਂ 'ਚ ਬੱਚਿਆਂ ਨੂੰ ਮਿਆਰੀ ਸਿੱਖਿਆ ਦੇਣ ਲਈ ਵਚਨਬੱਧ ਹੈ। ਇਥੇ ਜਿਕਰਯੋਗ ਹੈ ਕਿ ਸੱਚ ਦੀ ਆਵਾਜ ਅਖ਼ਬਾਰ ਵਲੋਂ ਇਸ ਮੁੱਦੇ 'ਤੇ ਪਹਿਲਾਂ ਲੋਕ ਸੰਘਰਸ਼ ਬਾਰੇ ਵਿਸ਼ੇਸ ਸਟੋਰੀ ਕੀਤੀ ਗਈ ਸੀ ਤੇ ਹੁਣ ਇਸ ਬਾਰੇ ਲੋਕਾਂ ਦੇ ਸਵਾਲ ਕੇ ਸਿੱਖਿਆ ਮੰਤਰੀ ਰਚਨਾ ਸਿੰਘ ਨਾਲ ਗੱਲਬਾਤ ਕਰਕੇ ਸਪੈਸ਼ਲ ਇੰਟਰਵਿਊ ਛਾਪੀ ਜਾ ਰਹੀ ਹੈ। ਅੱਜ ਸਿੱਖਿਆ ਮੰਤਰੀ ਨੇ ਕਿਹਾ ਕਿ ਉਹ ਮਾਪਿਆਂ ਦੀਆਂ ਭਾਵਨਾਵਾਂ ਸਮਝਦੇ ਹਨ ਤੇ ਉਹ ਵੀ ਮੰਤਰੀ ਤੋਂ ਪਹਿਲਾਂ ਇਕ ਮਾਂ ਵੀ ਹੈ ਤੇ ਉਸਦੇ ਵੀ ਬੱਚੇ ਇਨ੍ਹਾਂ ਸਕੂਲਾਂ 'ਚ ਹੀ ਪੜ੍ਹਦੇ ਹਨ। ਉਨ੍ਹਾਂ ਸੋਜੀ ਬਾਰੇ ਕਿਹਾ ਕਿ ਇਸ ਪ੍ਰੋਗਰਾਮ ਬਾਰੇ ਜੋ ਕੁਝ ਸੋਸ਼ਲ ਮੀਡੀਆ ਉਪਰ ਪਾਇਆ ਜਾ ਰਿਹਾ ਹੈ, ਅਜਿਹਾ ਨਹੀਂ ਹੈ। ਉਨ੍ਹਾਂ ਇਹ ਵੀ ਕਿਹਾ ਕਿ ਉਹ ਖੁਦ ਸੋਸ਼ਲ ਮੀਡੀਆ ਉਪਰ ਪਾਈ ਗਲਤ ਜਾਣਕਾਰੀ ਦੇਖ ਕੇ ਪ੍ਰੇਸ਼ਾਨ ਹਨ, ਜਿਸ ਕਰਕੇ ਆਮ ਮਾਪੇ ਜੋ ਸੋਸ਼ਲ ਮੀਡੀਆ ਦੀ ਜਾਣਕਾਰੀ ਨੂੰ ਸੱਚ ਸਮਝਦੇ ਹਨ, ਉਨ੍ਹਾਂ ਨੂੰ ਚਿੰਤਾ ਹੋਣੀ ਸੁਭਾਵਕ ਹੈ। ਸਿੱਖਿਆ ਮੰਤਰੀ ਨੇ ਮਾਪਿਆਂ ਨੂੰ ਵਿਸ਼ਵਾਸ ਦਿਵਾਇਆ ਕਿ ਸੋਜੀ 'ਚ ਅਜਿਹਾ ਕੋਈ ਵੀ ਪ੍ਰੋਗਰਾਮ ਨਹੀਂ, ਜਿਸ ਨੂੰ ਬੱਚਿਆਂ ਉਪਰ ਥੋਪਿਆ ਜਾਵੇ ਤੇ ਨਾ ਹੀ ਕਿਸੇ ਛੋਟੇ ਬੱਚੇ ਨੂੰ ਉਸਦੇ ਮਾਪਿਆਂ ਦੀ ਰਾਇ ਤੋਂ ਬਿਨਾਂ ਕਿਸੇ ਕਦਮ ਲਈ ਪ੍ਰੇਰਿਆ ਜਾਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਉਹ ਬੱਚਿਆਂ ਨੂੰ ਪੜ੍ਹਾਈ ਦੇ ਨਾਲ ਉਨ੍ਹਾਂ ਦੀ ਸਿਹਤ ਤੇ ਸ਼ਖ਼ਸੀਅਤ ਨੂੰ ਨਿਖਾਰਨ  ਵੱਲ ਕਦਮ ਵਧਾ ਰਹੇ ਹਨ। ਉਨ੍ਹਾਂ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਸੋਜੀ ਬਾਰੇ ਗਲਤ ਪ੍ਰਚਾਰ ਤੋਂ ਸੁਚੇਤ ਹੋਣ ਤੇ ਸਹੀ ਜਾਣਕਾਰੀ ਲਈ ਅਧਿਆਪਕਾਂ ਨਾਲ ਸੰਪਰਕ ਕਰਨ । ਸਿੱਖਿਆ ਮੰਤਰੀ ਨੇ ਦੱਸਿਆ ਕਿ ਇਸ ਪ੍ਰੋਗਰਾਮ ਤਹਿਤ ਬੱਚਿਆਂ ਨੂੰ ਉਮਰ ਮੁਤਾਬਿਕ ਹੀ ਯੋਗ ਜਾਣਕਾਰੀ ਦਿੱਤੀ ਜਾਵੇਗੀ, ਅਜਿਹਾ ਕੁਝ ਨਹੀਂ ਜਿਸ ਨਾਲ ਬੱਚੇ ਮਾਨਸਿਕ ਤੌਰ 'ਤੇ ਕਮਜ਼ੋਰ ਹੋਣ। ਉਨ੍ਹਾਂ ਇਸ ਮੁੱਦੇ 'ਤੇ ਮਾਹਿਰਾਂ 'ਤੇ ਮਾਪਿਆਂ ਦੀ ਇਕ ਕਮੇਟੀ ਬਣਾ ਕੇ ਵਿਚਾਰ ਲੈਣ ਸਬੰਧੀ ਪੁੱਛੇ ਸਵਾਲ ਦੇ ਜਵਾਬ 'ਚ ਕਿਹਾ ਕਿ ਕੋਈ ਵੀ ਪ੍ਰੋਗਰਾਮ ਲੋਕਾਂ ਤੇ ਮਾਹਿਰਾਂ ਦੀ ਰਾਇ ਨਾਲ ਹੀ ਬਣਾਇਆ ਜਾਂਦਾ ਤੇ ਇਹ ਪ੍ਰੋਗਰਾਮ ਉਸਦੇ ਮੰਤਰੀ ਬਣਨ ਤੋਂ ਪਹਿਲਾਂ ਦਾ ਹੈ। ਉਨ੍ਹਾਂ ਇਕ ਹੋਰ ਸਵਾਲ ਕਿ ਇਸ ਪਿੱਛੇ ਕੋਈ ਰਾਜਨੀਤਿਕ ਧਿਰ ਦਾ ਵੀ ਹੱਥ ਸਮਝਦੇ ਹੋ? ਦੇ ਜਵਾਬ ਵਿਚ ਉਨ੍ਹਾਂ ਸੋਜੀ ਦਾ ਵਿਰੋਧ ਕਰਨ ਵਾਲਿਆਂ ਨੂੰ ਅਪੀਲ ਕੀਤੀ ਕਿ ਉਹ ਪੂਰਾ ਸੱਚ ਜਾਨਣ ਤੋਂ ਬਾਅਦ ਵਿਰੋਧ ਕਰਨ। ਉਨ੍ਹਾਂ ਮੀਡੀਆ ਪਾਸੋਂ ਸਹੀ ਜਾਣਕਾਰੀ ਲੋਕਾਂ ਤੱਕ ਪਹੁੰਚਾਉਣ ਲਈ ਸਹਿਯੋਗ ਵੀ ਮੰਗਿਆ। ਇਸ ਮੌਕੇ ਪੱਤਰਕਾਰ ਖੁਸ਼ਪਾਲ ਸਿੰਘ ਵਲੋਂ ਪੁੱਛੇ ਸਵਾਲ ਦੇ ਜਵਾਬ 'ਚ ਵੀ ਮਾਪਿਆਂ ਦੀਆਂ ਭਾਵਨਾਵਾਂ ਦਾ ਖਿਆਲ ਰੱਖਣ ਦਾ ਭਰੋਸਾ ਦਿੱਤਾ। 

01

ਪੰਜਾਬ ਤੋਂ ਪੜ੍ਹਾਈ ਲਈ ਆਏ ਬੱਚਿਆਂ ਦੇ ਹਿੱਤਾਂ ਦਾ ਪੂਰਾ ਖਿਆਲ ਰੱਖਿਆ ਜਾਵੇਗਾ : ਰਚਨਾ ਸਿੰਘ
ਇਸੇ ਦੌਰਾਨ ਪੰਜਾਬ ਤੋਂ ਆਏ ਪੱਤਰਕਾਰ ਜੋਗਿੰਦਰ ਸਿੰਘ ਨੇ ਪੰਜਾਬ ਤੋਂ ਆਏ ਇੰਟਰਨੈਸਨਲ ਵਿਦਿਆਰਥੀਆਂ ਦੇ ਹਿੱਤਾਂ ਬਾਰੇ ਸਵਾਲ ਪੁੱਛਿਆ, ਜਿਸ ਦੇ ਜਵਾਬ 'ਚ ਉਨ੍ਹਾਂ ਭਰੋਸਾ ਦਿੱਤਾ ਕਿ ਸਰਕਾਰ ਇੰਟਰਨੈਸ਼ਨਲ ਵਿਦਿਆਰਥੀਆਂ ਦੇ ਹਿੱਤਾਂ ਦਾ ਪੂਰਾ ਖਿਆਲ ਰੱਖ ਰਹੀ ਹੈ ਤੇ ਉਸਨੂੰ ਵੀ ਪੰਜਾਬੀ ਹੋਣ ਦਾ ਮਾਣ ਹੈ। ਉਨ੍ਹਾਂ ਪੰਜਾਬ ਤੇ ਪੰਜਾਬੀਆਂ ਦੀ ਚੜ੍ਹਦੀ ਕਲਾ ਦੀ ਆਸ ਪ੍ਰਗਟਾਈ।