ਆਸਟ੍ਰੇਲੀਆ 'ਚ ਬਜ਼ੁਰਗ ਦੀ ਦੇਖਭਾਲ ਕਰਨ ਵਾਲੀ ਭਾਰਤੀ ਨਰਸ ਨੇ ਕੀਤੀ ਲੱਖਾਂ ਦੀ ਲੁੱਟ, ਕੰਮ ਕਰਨ ’ਤੇ ਲਗਾਈ 10 ਸਾਲ ਦੀ ਪਾਬੰਦੀ

ਮੈਲਬਰਨ, 8 ਨਵੰਬਰ : ਆਸਟ੍ਰੇਲੀਆ, ਮੈਲਬੌਰਨ ਵਿਚ ਬਜ਼ੁਰਗ ਦੀ ਦੇਖਭਾਲ ਕਰਨ ਵਾਲੀ ਇਕ 23 ਸਾਲਾ ਭਾਰਤੀ ਕੇਅਰ ਵਰਕਰ ਨੂੰ ਚੋਰੀ ਕਰਨ ਦਾ ਦੋਸ਼ੀ ਠਹਿਰਾਇਆ ਗਿਆ ਹੈ ਅਤੇ ਉਸ ਨੂੰ ਉਸ ਦੇ ਪੇਸ਼ੇ ਤੋਂ 10 ਸਾਲ ਲਈ ਪਾਬੰਦੀਸ਼ੁਦਾ ਕਰ ਦਿਤਾ ਗਿਆ ਹੈ। ਭਾਰਤੀ ਕੇਅਰ ਵਰਕਰ ਨੇ ਹਜ਼ਾਰਾਂ ਡਾਲਰਾਂ ਦੀਆਂ ਲਗਜ਼ਰੀ ਵਸਤੂਆਂ ਖਰੀਦਣ ਲਈ ਆਪਣੇ ਬਜ਼ੁਰਗ ਗਾਹਕਾਂ ਦੇ ਡੈਬਿਟ ਕਾਰਡਾਂ ਦੀ ਵਰਤੋਂ ਕੀਤੀ ਸੀ। ਮੀਡੀਆ ਰੀਪੋਰਟ ਵਿਚ ਇਹ ਜਾਣਕਾਰੀ ਦਿਤੀ ਗਈ ਹੈ। ਡੈਲੀ ਟੈਲੀਗ੍ਰਾਫ ਰੀਪੋਰਟ ਮੁਤਾਬਿਕ ਅਸ਼ਪ੍ਰੀਤ ਕੌਰ ਨੇ  ਨੂੰ ਗੀਲੋਂਗ ਮੈਜਿਸਟ੍ਰੇਟ ਦੀ ਅਦਾਲਤ ਵਿਚ ਚੋਰੀ ਦੇ 2 ਮਾਮਲਿਆਂ ਅਤੇ ਧੋਖੇ ਨਾਲ ਜਾਇਦਾਦ ਹਾਸਲ ਕਰਨ ਦੇ 11 ਮਾਮਲਿਆਂ 'ਚ ਦੋਸ਼ ਸਵੀਕਾਰ ਕੀਤਾ ਹੈ। ਅਦਾਲਤ ਨੂੰ ਪਤਾ ਲੱਗਿਆ ਕਿ ਕੌਰ ਫਰਵਰੀ 2023 ਤੱਕ ਜੀਲੌਂਗ ਰਿਟਾਇਰਮੈਂਟ ਪਿੰਡ ਵਿਚ ਇਕ ਨਿੱਜੀ ਦੇਖਭਾਲ ਮੁਲਾਜ਼ਮ ਵਜੋਂ ਨੌਕਰੀ ਕਰਦੀ ਸੀ ਅਤੇ ਵਿਦਿਆਰਥੀ ਵੀਜ਼ੇ 'ਤੇ ਆਸਟ੍ਰੇਲੀਆ ਆਈ ਸੀ। ਉਸ ਨੇ ਇਕ 86 ਸਾਲਾਂ ਅਲਜ਼ਾਇਮਰ ਦੇ ਮਰੀਜ਼ ਦੇ ਬੈਂਕ ਕਾਰਡ ਦੀ ਵਰਤੋਂ ਮਹਿੰਗੇ ਡਿਪਾਰਟਮੈਂਟ ਸਟੋਰ ਚੇਨ ਤੋਂ 1700 ਆਸਟ੍ਰਾਲੀਆਈ ਡਾਲਰ (5,82,846.25 ਭਾਰਤੀ ਰੁਪਏ) ਦੇ ਕਾਸਮੈਟਿਕ  ਖਰੀਦਣ ਅਤੇ ਹੋਰ ਚੀਜ਼ਾਂ ਦੇ ਨਾਲ 725  ਆਸਟ੍ਰਾਲੀਆਈ ਡਾਲਰ ਦੀ ਇਕ ਘੜੀ ਖਰੀਦਣ ਲਈ ਕੀਤੀ। ਕੌਰ ਨੂੰ ਬਜ਼ੁਰਗ ਮਰੀਜ਼ ਦੀ ਧੀ ਨੇ ਫੜਿਆ, ਜਿਸ ਨੇ ਆਪਣੀ ਮਾਂ ਦੇ ਬੈਂਕ ਸਟੇਟਮੈਂਟ 'ਤੇ ਸ਼ੱਕੀ ਲੈਣ-ਦੇਣ ਵੇਖਿਆ। ਇਸ ਤੋਂ ਇਲਾਵਾ ਕੌਰ ਨੇ 95 ਸਾਲਾਂ ਨਿਵਾਸੀ ਦਾ ਬੈਂਕ ਕਾਰਡ ਚੋਰੀ ਕੀਤਾ ਅਤੇ ਪਰਫਿਊਮ, ਸੁੰਦਰਤਾ ਉਤਪਾਦ ਕੱਪੜੇ ਟੇਕਵੇ ਭੋਜਨ ਸਮੇਤ ਕਈ ਚੀਜ਼ਾਂ 'ਤੇ 5000 ਡਾਲਰ ਦੀ ਖਰੀਦਾਰੀ ਕੀਤੀ ਅਤੇ ਜਨਤਕ ਆਵਾਜਾਈ 'ਤੇ ਵਰਤਣ ਲਈ  ਆਪਣੇ ਮਾਇਕੀ ਕਾਰਡ ਵਿਚ ਵੀ ਪੈਸੇ ਪਾਏ। ਪੁਲਿਸ ਨੇ 13 ਮਾਰਚ ਨੂੰ ਕੌਰ ਦੇ ਘਰ ਛਾਪਾ ਮਾਰਿਆ ਜਿਥੇ ਉਸ ਵਲੋਂ ਖਰੀਦੀਆਂ ਗਈਆਂ ਕੁਝ ਵਸਤੂਆਂ ਮਿਲੀਆਂ। ਕੇਸ ਦੀ ਜਾਂਚ ਕਰ ਰਹੇ ਅਧਿਕਾਰੀ ਨੇ ਅਦਾਲਤ ਨੂੰ ਦੱਸਿਆ ਕਿ ਆਪਣੀ ਸ਼ੁਰੂਆਤੀ ਪੁੱਛਗਿੱਛ ਦੌਰਾਨ ਕੌਰ ਨੇ ਆਪਣੇ ਵੱਲੋਂ  ਗ਼ਲਤ ਕੰਮ ਤੋਂ ਇਨਕਾਰ ਕੀਤਾ ਪਰ ਬਾਅਦ ਵਿਚ ਉਸ ਨੂੰ ਸਬੂਤ ਪੇਸ਼ ਕੀਤੇ ਤਾਂ ਉਸ ਨੇ ਗੁਨਾਹ ਕਬੂਲ ਕਰ ਲਿਆ। ਮੈਜਿਸਟ੍ਰੇਟ ਜੋਹਾਨ ਬੈਂਟਲੇ ਨੇ ਕਿਹਾ ਕਿ ਕੌਰ ਨੂੰ ਆਪਣੇ ਗਾਹਕਾਂ ਤੋਂ ਚੋਰੀ ਕੀਤੇ 7000  ਆਸਟ੍ਰਾਲੀਆਈ ਡਾਲਰ ਤੋਂ ਵੱਧ ਦਾ ਭੁਗਤਾਨ ਕਰਨਾ ਪਵੇਗਾ। ਕੌਰ ਦੇ ਵਕੀਲ ਗੁਰਪਾਲ ਸਿੰਘ ਨੇ ਅਦਾਲਤ ਨੂੰ ਦੱਸਿਆ ਕਿ ਉਹ ਵਿਦਿਆਰਥੀ ਵੀਜ਼ੇ ਤੇ ਆਸਟ੍ਰੇਲੀਆ 'ਚ ਆਈ ਸੀ ਅਤੇ ਉਸ ਤੇ ਪਹਿਲਾਂ ਕੋਈ ਦੋਸ਼ ਨਹੀਂ ਹੈ। ਕੌਰ ਨੂੰ ਚੋਰੀ ਹੋਏ ਪੈਸੇ ਵਾਪਸ ਕਰਨ ਲਈ ਇਕ ਮਹੀਨੇ ਦਾ ਸਮਾਂ ਦਿਤਾ ਗਿਆ ਅਤੇ 12 ਮਹੀਨਿਆਂ ਦੇ ਕਮਿਊਨਿਟੀ ਕਰੇਕਸ਼ਨ ਆਰਡਰ (ਸੀਸੀਓ) ਦੇ ਹਿੱਸੇ ਵਜੋਂ 250 ਘੰਟੇ ਕਮਿਊਨਿਟੀ ਕੰਮ ਪੂਰਾ ਕਰਨ ਦਾ ਹੁਕਮ ਦਿਤਾ ਗਿਆ ਹੈ। ਇਸ ਸਾਲ ਅਗਸਤ ਵਿਚ ਏਜਡ ਕੇਅਰ ਕੁਆਲਟੀ ਅਤੇ ਸੇਫਟੀ ਕਮਿਸ਼ਨ ਨੇ ਕੌਰ ਨੂੰ 10 ਸਾਲ ਲਈ ਕਿਸੇ ਵੀ ਕਿਸਮ ਦੇ ਬਜ਼ੁਰਗ ਦੇਖਭਾਲ ਦੇ ਪ੍ਰਬੰਧ ਵਿਚ ਸ਼ਾਮਲ ਹੋਣ ਤੇ ਪਾਬੰਧੀ ਲਗਾ ਦਿਤੀ ਹੈ।