ਆਕਲੈਂਡ, 09 ਅਗਸਤ 2024 : ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਕਿਹਾ ਹੈ ਕਿ ਨਿਊਜ਼ੀਲੈਂਡ ਦੇ ਨਾਲ ਡਿਪਲੋਮੈਟਿਕ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਤੇ ਪਰਵਾਸੀ ਭਾਰਤੀਆਂ ਦੀ ਸਹੂਲਤ ਲਈ ਭਾਰਤ ਜਲਦੀ ਹੀ ਆਕਲੈਂਡ ਵਿਚ ਵਣਜ ਦੂਤਘਰ ਖੋਲ੍ਹੇਗਾ। ਉਹ ਆਕਲੈਂਡ ਵਿਚ ਭਾਰਤੀ ਭਾਈਚਾਰੇ ਦੇ ਸਮਾਗਮ ਦੌਰਾਨ ਬੋਲ ਰਹੇ ਸਨ। ਨਿਊਜ਼ੀਲੈਂਡ ਵਿਚ ਭਾਰਤੀ ਹਾਈ ਕਮਿਸ਼ਨ ਵੇਲਿੰਗਟਨ ਵਿਚ ਹੈ। ਨਿਊਜ਼ੀਲੈਂਡ ਦੀ ਅਬਾਦੀ ਵਿਚ ਭਾਰਤੀ ਮੂਲ ਦੇ ਲੋਕ ਛੇ ਫ਼ੀਸਦ ਹਨ।ਵਿਦੇਸ਼ ਦੀ ਪਹਿਲੀ ਯਾਤਰਾ ਦੌਰਾਨ ਉਨ੍ਹਾਂ ਕਿਹਾ ਕਿ ਨਿਊਜ਼ੀਲੈਂਡ ਦੇ ਨਾਲ ਭਾਰਤ ਦੇ ਸਬੰਧ ਡੂੰਘੇ ਤੇ ਬਹੁ-ਪੱਖੀ ਹਨ। ਭਾਰਤੀ ਪਰਵਾਸੀਆਂ ਨੇ ਨਿਊਜ਼ੀਲੈਂਡ ਦੇ ਵਿਕਾਸ ਵਿਚ ਅਹਿਮ ਭੂਮਿਕਾ ਨਿਭਾਈ ਹੈ। ਰਾਸ਼ਟਰਪਤੀ ਨੇ ਕਿਹਾ ਕਿ ਨਿਊਜ਼ੀਲੈਂਡ ਵਿਚ ਜੀਵਨ ਦੇ ਹਰ ਖੇਤਰ ਵਿਚ ਤੁਹਾਡਾ ਪ੍ਰਭਾਵ ਸਪੱਸ਼ਟ ਹੈ। ਉਨ੍ਹਾਂ ਨੇ ਵਪਾਰ, ਸਿਹਤ, ਸਿੱਖਿਆ ਤੇ ਆਈਟੀ ਸਮੇਤ ਵੱਖ-ਵੱਖ ਖੇਤਰਾਂ ਵਿਚ ਕੰਮ ਕਰਨ ਵਾਲੇ ਭਾਰਤੀਆਂ ਦੀ ਤਾਰੀਫ਼ ਕੀਤੀ। ਉਨ੍ਹਾਂ ਕਿਹਾ ਕਿ ਆਪਣੀ ਮਿਹਨਤ ਤੇ ਬਲਿਦਾਨ ਨਾਲ ਪਰਵਾਸੀ ਭਾਰਤੀਆਂ ਨੇ ਦੇਸ਼ ਦੇ ਵਿਕਾਸ ਤੇ ਅਰਥ ਵਿਵਸਥਾ (development and economy) ਵਿਚ ਯੋਗਦਾਨ ਦਿੱਤਾ ਹੈ। ਮੁਰਮੂ ਨੇ ਕਿਹਾ ਕਿ ਉਨ੍ਹਾਂ ਨੇ ਗਵਰਨਰ ਜਨਰਲ ਡੇਮ ਸਿੰਡੀ ਕਿਰੋ, ਪ੍ਰਧਾਨ ਮੰਤਰੀ ਕਿ੍ਸਟੋਫਰ ਲਕਸਨ ਤੇ ਉਪ ਪ੍ਰਧਾਨ ਮੰਤਰੀ ਵਿੰਸਟਨ ਪੀਟਰਸ ਦੇ ਨਾਲ ਦੋ-ਪੱਖੀ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ’ਤੇ ਚਰਚਾ ਕੀਤੀ।