ਲੰਦਨ, 29 ਸਤੰਬਰ : ਖਾਲਿਸਤਾਨੀ ਅੱਤਵਾਦੀ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਤੋਂ ਬਾਅਦ ਕੈਨੇਡਾ ਤੇ ਭਾਰਤ ਦੇ ਰਿਸ਼ਤੇ ਠੀਕ ਨਹੀਂ ਚੱਲ ਰਹੇ ਹਨ। ਇਸ ਦੇ ਨਾਲ ਹੀ ਦੋ ਦਿਨ ਪਹਿਲਾਂ ਯਾਨੀ 29 ਸਤੰਬਰ ਨੂੰ ਖਾਲਿਸਤਾਨ ਸਮਰਥਕਾਂ ਨੇ ਯੂਕੇ 'ਚ ਭਾਰਤੀ ਹਾਈ ਕਮਿਸ਼ਨਰ ਵਿਕਰਮ ਦੋਰਾਇਸਵਾਮੀ ਨੂੰ ਗੁਰਦੁਆਰੇ 'ਚ ਦਾਖ਼ਲ ਹੋਣ ਤੋਂ ਰੋਕਿਆ ਸੀ। ਖਾਲਿਸਤਾਨੀ ਕੱਟੜਪੰਥੀਆਂ ਵੱਲੋਂ ਅਜਿਹੀਆਂ ਘਟਨਾਵਾਂ 'ਚ ਹਾਲ ਹੀ 'ਚ ਵਾਧਾ ਹੋਇਆ ਹੈ। ਬ੍ਰਿਟੇਨ ਸਰਕਾਰ ਦੇ ਸਾਬਕਾ ਸਲਾਹਕਾਰ ਕੋਲਿਨ ਬਲੂਮ ਨੇ ਇਸ ਬਾਰੇ ਚਿੰਤਾ ਪ੍ਰਗਟਾਈ ਹੈ। ਬਲੂਮ ਨੇ ਕਿਹਾ ਕਿ ਸਥਿਤੀ ਵਿਗੜ ਗਈ ਹੈ ਕਿਉਂਕਿ 'ਪੱਛਮੀ ਸਰਕਾਰਾਂ' ਕੱਟੜਪੰਥੀਆਂ ਦੇ ਭਿਆਨਕ ਤੇ ਹਮਲਾਵਰ ਵਿਵਹਾਰ ਨਾਲ ਨਜਿੱਠਣ ਵਿਚ ਅਸਫਲ ਰਹੀਆਂ ਹਨ। ਨਿਊਜ਼ ਏਜੰਸੀ ਏਐਨਆਈ ਮੁਤਾਬਕ 'ਦਿ ਬਲੂਮ ਰਿਵਿਊ, ਡੂਜ਼ ਗਵਰਨਮੈਂਟ ਡੂ ਗੌਡ?' ਲੇਖਕ ਕੋਲਿਨ ਬਲੂਮ ਨੇ ਜ਼ੋਰ ਦੇ ਕੇ ਕਿਹਾ ਕਿ ਬ੍ਰਿਟਿਸ਼ ਤੇ ਕੈਨੇਡੀਅਨ ਸਰਕਾਰਾਂ ਦੋਵਾਂ ਨੂੰ ਇਸ ਮੁੱਦੇ ਨੂੰ ਹੱਲ ਕਰਨ ਲਈ ਵਧੇਰੇ ਸਰਗਰਮ ਕਦਮ ਚੁੱਕਣੇ ਚਾਹੀਦੇ ਹਨ। ਨਾਲ ਹੀ ਚਿਤਾਵਨੀ ਦਿੱਤੀ ਕਿ ਜੇਕਰ ਸਮੱਸਿਆ ਦਾ ਹੱਲ ਨਾ ਕੀਤਾ ਗਿਆ ਤਾਂ ਸਥਿਤੀ ਕਾਬੂ ਤੋਂ ਬਾਹਰ ਹੋ ਸਕਦੀ ਹੈ। ਜਾਣਕਾਰੀ ਲਈ ਦੱਸ ਦੇਈਏ ਕਿ ਬਲੂਮ ਨੂੰ ਇੰਗਲੈਂਡ ਦੇ ਸਾਬਕਾ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੇ ਇੰਗਲੈਂਡ 'ਚ ਵਿਸ਼ਵਾਸ ਸਲਾਹਕਾਰ ਵਜੋਂ ਨਿਯੁਕਤ ਕੀਤਾ ਸੀ। ਬਲੂਮ ਨੇ ਏਐਨਆਈ ਨਾਲ ਇਕ ਵਿਸ਼ੇਸ਼ ਇੰਟਰਵਿਊ 'ਚ ਕਿਹਾ, “ਮੇਰੇ ਖਿਆਲ 'ਚ ਜੋ ਅਸੀਂ ਇਸ ਸਮੇਂ ਦੇਖ ਰਹੇ ਹਾਂ ਉਹ ਖਾਲਿਸਤਾਨ ਪੱਖੀ ਕੱਟੜਵਾਦ ਦਾ ਉਭਾਰ ਹੈ। ਸਿਰਫ਼ ਰਿਕਾਰਡ ਲਈ ਮੈਂ ਬੋਲਣ ਦੀ ਆਜ਼ਾਦੀ ਦੇ ਹੱਕ 'ਚ 100 ਫ਼ੀਸਦ ਹਾਂ ਤੇ ਲੋਕਾਂ ਨੂੰ ਸੋਚਣ ਤੇ ਵਿਸ਼ਵਾਸ ਕਰਨ ਦੀ ਆਜ਼ਾਦੀ ਹੈ ਅਤੇ ਜੋ ਵੀ ਉਹ ਚਾਹੁੰਦੇ ਹਨ ਉਸਦਾ ਸਮਰਥਨ ਕਰਦੇ ਹਨ। ਜਿੰਨਾ ਚਿਰ ਉਹ ਦੂਜੇ ਲੋਕਾਂ ਨੂੰ ਨੁਕਸਾਨ ਨਹੀਂ ਪਹੁੰਚਾਉਂਦੇ, ਡਰਾਉਂਦੇ ਜਾਂ ਪਰੇਸ਼ਾਨ ਨਹੀਂ ਕਰਦੇ। ਪਰ, ਭਾਰਤੀ ਹਾਈ ਕਮਿਸ਼ਨਰ ਨਾਲ ਜੋ ਹੋਇਆ, ਉਹ ਪ੍ਰਗਟਾਵੇ ਦੀ ਆਜ਼ਾਦੀ ਦੀ ਉਲੰਘਣਾ ਸੀ। ਇਹ ਅਸਲ 'ਚ ਗਲਾਸਗੋ 'ਚ ਗੁਰਦੁਆਰਾ ਚਲਾਉਣ ਵਾਲੇ ਲੋਕਾਂ ਤੇ ਸਵੈ ਹਾਈ ਕਮਿਸ਼ਨਰ ਦੇ ਪ੍ਰਗਟਾਵੇ ਦੀ ਆਜ਼ਾਦੀ ਨੂੰ ਸੀਮਤ ਕਰਨਾ ਸੀ।'