ਦੱਖਣੀ ਚੀਨ ਵਿੱਚ ਭਾਰੀ ਮੀਂਹ ਨੇ ਮਚਾਈ ਤਬਾਹੀ, 7 ਲੋਕਾਂ ਦੀ ਮੌਤ, ਫਾਰਮ ਵਿੱਚੋਂ 70 ਮਗਰਮੱਛ ਹੋਏ ਫਰਾਰ 

ਬੀਜਿੰਗ,12 ਸਤੰਬਰ : ਦੱਖਣੀ ਚੀਨ ਵਿੱਚ ਪਿਛਲੇ ਕੁਝ ਦਿਨਾਂ ਤੋਂ ਭਾਰੀ ਮੀਂਹ ਨੇ ਤਬਾਹੀ ਮਚਾਈ ਹੋਈ ਹੈ। ਇਸ ਕਾਰਨ ਕਰੀਬ 7 ਲੋਕਾਂ ਦੀ ਮੌਤ ਹੋ ਗਈ ਅਤੇ ਦਰਜਨਾਂ ਮਗਰਮੱਛ ਇੱਕ ਫਾਰਮ ਵਿੱਚੋਂ ਭੱਜਣ ਵਿੱਚ ਕਾਮਯਾਬ ਹੋ ਗਏ। ਚੀਨੀ ਮੀਡੀਆ ਰਿਪੋਰਟਾਂ ਦੇ ਆਧਾਰ 'ਤੇ ਨਿਊਜ਼ ਏਜੰਸੀ ਨੇ ਦੱਸਿਆ ਕਿ ਪੱਛਮੀ ਗੁਆਂਗਡੋਂਗ ਸੂਬੇ ਦੇ ਤੱਟ ਦੇ ਨੇੜੇ ਸਥਿਤ ਸ਼ਹਿਰ ਮਾਓਮਿੰਗ 'ਚ 70 ਤੋਂ ਵੱਧ ਮਗਰਮੱਛ ਫਰਾਰ ਹੋ ਗਏ ਹਨ। ਇਸ ਕਾਰਨ ਪ੍ਰਸ਼ਾਸਨ ਨੇ ਆਸਪਾਸ ਦੇ ਵਸਨੀਕਾਂ ਨੂੰ ਘਰਾਂ ਵਿੱਚ ਰਹਿਣ ਦੀ ਸਲਾਹ ਦਿੱਤੀ ਹੈ। ਇਕ ਐਮਰਜੈਂਸੀ ਅਧਿਕਾਰੀ ਦੇ ਹਵਾਲੇ ਨਾਲ ਦੱਸਿਆ ਗਿਆ ਕਿ 69 ਬਾਲਗ ਅਤੇ ਛੇ ਬੱਚੇ ਮਗਰਮੱਛ ਫਰਾਰ ਹੋ ਗਏ ਸਨ। ਮੀਡੀਆ ਰਿਪੋਰਟਾਂ ਵਿਚ ਕਿਹਾ ਗਿਆ ਹੈ ਕਿ ਕੁਝ ਮਗਰਮੱਛਾਂ ਨੂੰ ਫੜ ਲਿਆ ਗਿਆ ਹੈ, ਪਰ ਝੀਲ ਦੀ ਡੂੰਘਾਈ ਬਹੁਤ ਜ਼ਿਆਦਾ ਹੈ, ਜਿਸ ਕਾਰਨ ਕਾਰਵਾਈ ਵਿਚ ਕੁਝ ਮੁਸ਼ਕਲ ਆ ਰਹੀ ਹੈ। ਹਾਲਾਂਕਿ ਅਜੇ ਤੱਕ ਕਿਸੇ ਦੇ ਜ਼ਖਮੀ ਹੋਣ ਦੀ ਖ਼ਬਰ ਨਹੀਂ ਹੈ। ਸਰਕਾਰੀ ਸਮਾਚਾਰ ਏਜੰਸੀ ਸਿਨਹੂਆ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਪੱਛਮ 'ਚ ਗੁਆਂਗਸੀ ਖੇਤਰ ਦੇ ਯੂਲਿਨ ਸ਼ਹਿਰ 'ਚ ਮੀਂਹ ਤੋਂ ਬਾਅਦ ਕਈ ਥਾਵਾਂ 'ਤੇ ਜ਼ਮੀਨ ਖਿਸਕ ਗਈ ਹੈ। ਜਿਸ ਤੋਂ ਬਾਅਦ ਸੱਤ ਲੋਕਾਂ ਦੀ ਮੌਤ ਹੋ ਗਈ ਅਤੇ ਤਿੰਨ ਲੋਕ ਲਾਪਤਾ ਹਨ। ਐਤਵਾਰ ਅਤੇ ਸੋਮਵਾਰ ਨੂੰ ਪਏ ਭਾਰੀ ਮੀਂਹ ਕਾਰਨ ਜ਼ਮੀਨ ਖਿਸਕਣ ਦੀ ਘਟਨਾ ਵਾਪਰੀ। ਇਸ ਤੋਂ ਪਹਿਲਾਂ ਪਿਛਲੇ ਹਫ਼ਤੇ ਭਾਰੀ ਮੀਂਹ ਕਾਰਨ ਹਾਂਗਕਾਂਗ ਵਿੱਚ ਅਚਾਨਕ ਹੜ੍ਹ ਆ ਗਿਆ ਸੀ, ਜਿਸ ਵਿੱਚ ਦੋ ਲੋਕਾਂ ਦੀ ਮੌਤ ਹੋ ਗਈ ਸੀ।