ਸਰਕਾਰ ਕੈਨੇਡੀਅਨਾਂ ਦੀ ਸੁਰੱਖਿਆ ਦੇ ਮੁੱਦੇ ’ਤੇ ਹਮੇਸ਼ਾ ਦ੍ਰਿੜਤਾ ਨਾਲ ਖੜ੍ਹੀ ਹੈ : ਜਸਟਿਨ ਟਰੂਡੋ 

ਓਟਾਵਾ, 12 ਅਪ੍ਰੈਲ : ਕੈਨੇਡਾ ’ਚ ਖਾਲਿਸਤਾਨ ਸਮਰਥਕ ਹਰਦੀਪ ਸਿੰਘ ਨਿੱਝਰ ਦੇ ਕਤਲ ਦੇ ਮਾਮਲੇ ਵਿੱਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਹੈ ਕਿ ਸਰਕਾਰ ਕੈਨੇਡੀਅਨਾਂ ਦੀ ਸੁਰੱਖਿਆ ਦੇ ਮੁੱਦੇ ’ਤੇ ਹਮੇਸ਼ਾ ਦ੍ਰਿੜਤਾ ਨਾਲ ਖੜ੍ਹੀ ਹੈ ਅਤੇ ਖਾਲਿਸਤਾਨ ਸਮਰਥਕ ਹਰਦੀਪ ਸਿੰਘ ਨਿੱਝਰ ਦੇ ਕਤਲ ਦਾ ਮੁੱਦਾ ਚੁੱਕ ਕੇ ਉਸ ਨੇ ਇਹ ਸਾਬਤ ਕੀਤਾ ਹੈ। ਦਰਅਸਲ ਕੈਨੇਡਾ ’ਚ ਚੋਣ ਪ੍ਰਕਿਰਿਆ ’ਚ ਵਿਦੇਸ਼ੀ ਦਖਲ ਦੀ ਜਾਂਚ ਚੱਲ ਰਹੀ ਹੈ ਤੇ ਟਰੂਡੋ ਨੇ ਇਸ ਵਿੱਚ ਗਵਾਹੀ ਦਿੱਤੀ ਹੈ। ਨਿੱਝਰ ਦੀ ਪਿਛਲੇ ਸਾਲ ਜੂਨ ਵਿੱਚ ਸਰੀ ਵਿੱਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਟਰੂਡੋ ਨੇ ਇਸ ਕਤਲ ਵਿੱਚ ਭਾਰਤ ਸਰਕਾਰ ਦੀ ਸ਼ਮੂਲੀਅਤ ਦੇ ਦੋਸ਼ ਲਾਏ ਸਨ, ਜਿਨ੍ਹਾਂ ਨੂੰ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਰੱਦ ਕਰ ਦਿੱਤਾ ਸੀ। ਕਿਊਬਿਕ ਦੀ ਜੱਜ ਮੈਰੀ-ਜੋਸੀ ਹੋਗ ਦੀ ਅਗਵਾਈ ਵਾਲੇ ਵਿਦੇਸ਼ੀ ਦਖਲਅੰਦਾਜ਼ੀ ਕਮਿਸ਼ਨ ਦੀ ਸੁਣਵਾਈ ਦੌਰਾਨ, ਟਰੂਡੋ ਨੇ ਦੇਸ਼ ਦੀ ਪਿਛਲੀ ਕੰਜ਼ਰਵੇਟਿਵ ਸਰਕਾਰ ’ਤੇ ਮੌਜੂਦਾ ਭਾਰਤ ਸਰਕਾਰ ਨਾਲ ਨਰਮ ਰੁਖ ਅਪਣਾਉਣ ਦਾ ਦੋਸ਼ ਲਗਾਇਆ। ਟਰੂਡੋ ਨੇ ਕਿਹਾ, ‘ਸਾਡੇ ਸਿਧਾਂਤ ਮੁਤਾਬਕ ਜੋ ਵੀ ਵਿਅਕਤੀ ਦੁਨੀਆ ਦੇ ਕਿਸੇ ਵੀ ਹਿੱਸੇ ਤੋਂ ਕੈਨੇਡਾ ਆਉਂਦਾ ਹੈ, ਉਸ ਕੋਲ ਕੈਨੇਡੀਅਨ ਦੇ ਸਾਰੇ ਅਧਿਕਾਰ ਹਨ। ਉਹ ਜਬਰੀ ਵਸੂਲੀ, ਜ਼ਬਰਦਸਤੀ ਜਾਂ ਉਸ ਦੇਸ਼ ਤੋਂ ਦਖਲਅੰਦਾਜ਼ੀ ਤੋਂ ਮੁਕਤ ਹੁੰਦੇ ਹਨ, ਜਿਸ ਨੂੰ ਉਹ ਛੱਡ ਕੇ ਆਉਂਦੇ ਹਨ। ਅਸੀਂ ਕਿਵੇਂ ਇਨ੍ਹਾਂ ਨਾਲ ਖੜ੍ਹੇ ਹੁੰਦੇ ਹਾਂ ਉਹ ਨਿੱਝਰ ਦੇ ਕਤਲ ਦੇ ਗੰਭੀਰ ਮਾਮਲੇ ’ਚ ਦਿਖਾ ਚੁੱਕੇ ਹਾਂ, ਜਿਸ ਦਾ ਮੁੱਦਾ ਅਸੀਂ ਸੰਸਦ ’ਚ ਚੁੱਕਿਆ ਸੀ। ਇਹ ਕੈਨੇਡੀਅਨਾਂ ਦੇ ਅਧਿਕਾਰਾਂ ਅਤੇ ਆਜ਼ਾਦੀ ਦੀ ਰੱਖਿਆ ਲਈ ਸਾਡੀ ਸਰਕਾਰ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ। ਉਨ੍ਹਾਂ ਅੱਗੇ ਕਿਹਾ, ‘ਸਾਡੀ ਸਰਕਾਰ ਕੈਨੇਡਾ ਵਿੱਚ ਘੱਟ-ਗਿਣਤੀਆਂ ਦੇ ਬੋਲਣ ਦੇ ਅਧਿਕਾਰ ਦੀ ਰੱਖਿਆ ਲਈ ਹਮੇਸ਼ਾ ਖੜ੍ਹੀ ਰਹੀ ਹੈ, ਭਾਵੇਂ ਹੀ ਇਸ ਨਾਲ ਉਨ੍ਹਾਂ ਦੇ ਘਰੇਲੂ ਦੇਸ਼ਾਂ ਨੂੰ ਚਿੜ ਹੋਵੇ।’ ਪਿਛਲੇ ਸਾਲ ਜਸਟਿਨ ਟਰੂਡੋ ਨੇ ਦੋਸ਼ ਲਾਇਆ ਸੀ ਕਿ ਕੈਨੇਡਾ ਵਿੱਚ ਭਾਰਤੀ ਏਜੰਟਾਂ ਨੇ ਹਰਦੀਪ ਸਿੰਘ ਨਿੱਝਰ ਦਾ ਕਤਲ ਕੀਤਾ ਸੀ। ਹਾਲਾਂਕਿ ਭਾਰਤ ਨੇ ਇਨ੍ਹਾਂ ਦੋਸ਼ਾਂ ਤੋਂ ਇਨਕਾਰ ਕੀਤਾ ਸੀ। ਇਨ੍ਹਾਂ ਦੋਸ਼ਾਂ ਨੇ ਦੋਵਾਂ ਦੇਸ਼ਾਂ ਵਿਚਾਲੇ ਤਣਾਅ ਪੈਦਾ ਕਰ ਦਿੱਤਾ ਸੀ। ਕੈਨੇਡਾ ਦੀ ਰਾਜਨੀਤੀ ਵਿਚ ਵਿਦੇਸ਼ੀ ਦਖ਼ਲਅੰਦਾਜ਼ੀ ਦੇ ਦੋਸ਼ਾਂ ਦੀ ਜਾਂਚ ਕਈ ਮੀਡੀਆ ਰਿਪੋਰਟਾਂ ਤੋਂ ਬਾਅਦ ਸ਼ੁਰੂ ਹੋਈ, ਜਿਸ ਵਿਚ ਬੇਨਾਮ ਸਰੋਤਾਂ ਅਤੇ ਲੀਕ ਹੋਏ ਦਸਤਾਵੇਜ਼ਾਂ ਦਾ ਹਵਾਲਾ ਦਿੱਤਾ ਗਿਆ ਸੀ। ਹਾਲਾਂਕਿ ਕੈਨੇਡੀਅਨ ਸਕਿਓਰਿਟੀ ਇੰਟੈਲੀਜੈਂਸ ਸਰਵਿਸ (ਸੀਐਸਆਈਐਸ) ਦੇ ਇੱਕ ਸੰਖੇਪ ਦਸਤਾਵੇਜ਼ ਵਿੱਚ ਕਿਹਾ ਗਿਆ ਹੈ ਕਿ ਪਿਛਲੀਆਂ 2 ਸੰਘੀ ਚੋਣਾਂ ਵਿੱਚ ਦਖ਼ਲਅੰਦਾਜ਼ੀ ਭਾਰਤ ਨੇ ਨਹੀਂ ਸਗੋਂ ਚੀਨ ਨੇ ਗੁਪਤ ਅਤੇ ਧੋਖੇ ਨਾਲ ਕੀਤੀ ਸੀ। ਟਰੂਡੋ ਆਪਣੀ ਕੈਬਨਿਟ ਦੇ ਮੈਂਬਰਾਂ, ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ, ਖੁਫ਼ੀਆ ਅਧਿਕਾਰੀਆਂ ਅਤੇ ਸੀਨੀਅਰ ਨੌਕਰਸ਼ਾਹਾਂ ਦੀ ਕਈ ਦਿਨਾਂ ਦੀ ਗਵਾਹੀ ਤੋਂ ਬਾਅਦ ਨੈਸ਼ਨਲ ਪਬਲਿਕ ਇਨਕੁਇਰੀ ਦੇ ਸਾਹਮਣੇ ਪੇਸ਼ ਹੋਏ।