ਲੰਡਨ, 14 ਨਵੰਬਰ : ਲੰਡਨ ਵਿਚ ਇਕ ਘਰ ’ਚ ਅੱਗ ਲੱਗਣ ਕਾਰਨ ਤਿੰਨ ਬੱਚਿਆਂ ਸਮੇਤ ਇਕ ਭਾਰਤੀ ਮੂਲ ਦੇ ਪ੍ਰਵਾਰ ਦੇ ਪੰਜ ਮੈਂਬਰਾਂ ਦੀ ਮੌਤ ਹੋ ਗਈ। ਮੈਟਰੋਪੋਲੀਟਨ ਪੁਲਿਸ ਨੇ ਘਟਨਾ ਦੇ ਵੇਰਵੇ ਦਿੰਦੇ ਹੋਏ ਜਾਂਚ ਦਾ ਐਲਾਨ ਕੀਤਾ। ਪੁਲਿਸ ਨੇ ਅਜੇ ਤਕ ਪੀੜਤਾਂ ਦੇ ਨਾਂਅ ਜਾਰੀ ਨਹੀਂ ਕੀਤੇ ਹਨ, ਪਰ ਸਥਾਨਕ ਰੀਪੋਰਟਾਂ ਅਨੁਸਾਰ ਪੀੜਤ ਪ੍ਰਵਾਰ ਭਾਰਤੀ ਮੂਲ ਦਾ ਸੀ ਅਤੇ ਐਤਵਾਰ ਰਾਤ ਨੂੰ ਅੱਗ ਲੱਗਣ ਤੋਂ ਪਹਿਲਾਂ ਦੀਵਾਲੀ ਮਨਾ ਰਿਹਾ ਸੀ। ਪੁਲਿਸ ਚੀਫ਼ ਸੁਪਰਡੈਂਟ ਸੀਨ ਵਿਲਸਨ ਨੇ ਕਿਹਾ, “ਮੇਰੀ ਹਮਦਰਦੀ ਉਨ੍ਹਾਂ ਲੋਕਾਂ ਨਾਲ ਹੈ, ਜਿਨ੍ਹਾਂ ਨੇ ਇਸ ਦੁਖਦਾਈ ਘਟਨਾ ਵਿਚ ਅਪਣੇ ਅਜ਼ੀਜ਼ਾਂ ਨੂੰ ਗੁਆ ਦਿਤਾ ਹੈ।” ਉਨ੍ਹਾਂ ਕਿਹਾ ਕਿ ਅਧਿਕਾਰੀ ਇਹ ਪਤਾ ਲਗਾਉਣ ਲਈ ਕੰਮ ਕਰ ਰਹੇ ਹਨ ਕਿ ਅਸਲ ਵਿਚ ਘਟਨਾ ਕਿਵੇਂ ਵਾਪਰੀ। ਪੁਲਿਸ ਨੇ ਕਿਹਾ ਕਿ ਉਨ੍ਹਾਂ ਨੂੰ ਐਤਵਾਰ ਨੂੰ ਸਥਾਨਕ ਸਮੇਂ ਅਨੁਸਾਰ ਲਗਭਗ 22:30 ਵਜੇ ਘਰ ਵਿਚ ਅੱਗ ਲੱਗਣ ਦੀ ਸੂਚਨਾ ਮਿਲੀ ਅਤੇ ਲੰਡਨ ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਅਤੇ ਐਂਬੂਲੈਂਸ ਸੇਵਾ (ਐਲਏਐਸ) ਨੂੰ ਰਵਾਨਾ ਕੀਤਾ। ਘਰ ਦੇ ਅੰਦਰੋਂ ਪੰਜ ਲਾਸ਼ਾਂ ਮਿਲੀਆਂ ਹਨ ਅਤੇ ਛੇਵੇਂ ਵਿਅਕਤੀ ਦੀ ਪਛਾਣ ਫਿਲਹਾਲ ਨਹੀਂ ਹੋ ਸਕੀ ਹੈ। ਅਧਿਕਾਰੀਆਂ ਨੇ ਕਿਹਾ, “ਪੰਜ ਲੋਕ ਇਕੋ ਪ੍ਰਵਾਰ ਦੇ ਮੈਂਬਰ ਮੰਨੇ ਜਾਂਦੇ ਹਨ… ਐਮਰਜੈਂਸੀ ਸੇਵਾਵਾਂ ਦੇ ਆਉਣ ਤੋਂ ਪਹਿਲਾਂ ਇਕ ਵਿਅਕਤੀ ਨੂੰ LAS ਦੁਆਰਾ ਹਸਪਤਾਲ ਲਿਜਾਇਆ ਗਿਆ ਸੀ”। ਮਾਨਚੈਸਟਰ ਦੇ ਦਲੀਪ ਸਿੰਘ ਨੇ ਪੱਤਰਕਾਰਾਂ ਨੂੰ ਦਸਿਆ ਕਿ ਉਸ ਦੇ ਨਜ਼ਦੀਕੀ ਰਿਸ਼ਤੇਦਾਰ ਉਸ ਦੀ ਪਤਨੀ, ਤਿੰਨ ਬੱਚਿਆਂ ਅਤੇ ਦੋ ਮਹਿਮਾਨਾਂ ਨਾਲ ਘਰ ਵਿਚ ਸਨ। ਦਲੀਪ ਸਿੰਘ ਨੇ ਕਿਹਾ ਕਿ ਉਨ੍ਹਾਂ ਦੇ ਰਿਸ਼ਤੇਦਾਰ ਜ਼ਿੰਦਾ ਹਨ।