ਮੂਹਲੇਧਾਰ ਮੀਂਹ ਕਾਰਨ ਡੁੱਬਿਆ ਦੁਬਈ, ਅੰਤਰਰਾਸ਼ਟਰੀ ਏਅਰਪੋਰਟ ਨੇ ਭਾਰੀ ਮੀਂਹ ਕਾਰਨ ਧਾਰਿਆ ਸਮੁੰਦਰ ਦਾ ਰੂਪ

ਦੁਬਈ, 17 ਅਪ੍ਰੈਲ : ਸੰਯੁਕਤ ਅਰਬ ਅਮੀਰਾਤ ਦੇ ਵੱਖ-ਵੱਖ ਹਿੱਸਿਆਂ ਵਿਚ ਸੋਮਵਾਰ ਦੇਰ ਤੋਂ ਮੂਹਲੇਧਾਰ ਮੀਂਹ ਹੋ ਰਿਹਾ ਹੈ। ਇਥੇ ਦੁਬਈ ਵਿਚ ਮੰਗਲਵਾਰ ਨੂੰ ਇੱਕ ਹੀ ਦਿਨ ਵਿਚ ਸਾਲ ਭਰ ਦੇ ਬਰਾਬਰ ਮੀਂਹ ਹੋਇਆ। ਇਸ ਕਾਰਨ ਪੂਰੇ ਸ਼ਹਿਰ ਵਿਚ ਭਾਰੀ ਹੜ੍ਹ ਆ ਗਿਆ, ਜਿਸ ਨਾਲ ਸੜਕਾਂ ਨਦੀਆਂ ਵਿਚ ਤਬਦੀਲ ਹੋ ਗਈਆਂ ਤੇ ਘਰਾਂ ਵਿਚ ਪਾਣੀ ਭਰ ਗਿਆ। ਹਾਲਾਤ ਦੀ ਗੰਭੀਰਤਾ ਦਾ ਅੰਦਾਜ਼ਾ ਤੁਸੀਂ ਇਸੇ ਗੱਲ ਤੋਂ ਲਗਾ ਸਕਦੇ ਹੋ ਕਿ ਮੂਹਲੇਧਾਰ ਮੀਂਹ ਕਾਰਨ ਦੁਬਈ ਅੰਤਰਰਾਸ਼ਟਰੀ ਏਅਰਪੋਰਟ ਦਾ ਰਨਵੇ ਤੱਕ ਡੁੱਬ ਗਿਆ, ਜਿਸ ਨਾਲ ਇਹ ਸਮੁੰਦਰ ਵਰਗਾ ਦਿਸਣ ਲੱਗਾ। ਇਸ ਕਾਰਨ ਏਅਰਪੋਰਟ ‘ਤੇ ਲਗਭਗ ਅੱਧੇ ਘੰਟੇ ਤੱਕ ਉਡਾਨਾਂ ਦਾ ਸੰਚਾਲਨ ਰੋਕਣਾ ਪਿਆ। ਮੰਗਲਵਾਰ ਨੂੰ ਦੁਬਈ ਏਅਰਪੋਰਟ ‘ਤੇ ਸਿਰਫ 12 ਘੰਟਿਆਂ ‘ਚ ਕਰੀਬ 100 ਮਿਲੀਮੀਟਰ ਬਾਰਿਸ਼ ਦਰਜ ਕੀਤੀ ਗਈ ਅਤੇ 24 ਘੰਟਿਆਂ ‘ਚ ਕੁੱਲ 160 ਮਿਲੀਮੀਟਰ ਬਾਰਿਸ਼ ਦਰਜ ਕੀਤੀ ਗਈ। ਇੱਥੇ ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਦੁਬਈ ਸ਼ਹਿਰ ਵਿੱਚ ਪੂਰੇ ਸਾਲ ਦੌਰਾਨ ਲਗਭਗ 88.9 ਮਿਲੀਮੀਟਰ ਬਾਰਿਸ਼ ਦਰਜ ਕੀਤੀ ਜਾਂਦੀ ਹੈ। ਸੋਸ਼ਲ ਮੀਡੀਆ ‘ਤੇ ਸ਼ੇਅਰ ਕਈ ਵੀਡੀਓ ਵਿਚ ਦੁਬੱ ਏਅਰਪੋਰਟ ਦਾ ਰਨਵੇ ਪੂਰੀ ਤਰ੍ਹਾਂ ਪਾਣੀ ਵਿਚ ਡੁੱਬਿਆ ਦਿਸ ਰਿਹਾ ਹੈ, ਜਿਥੇ ਵੱਡੇ-ਵੱਡੇ ਜਹਾਜ਼ ਕਿਸ਼ਤੀਆਂ ਵਾਂਗ ਨਜ਼ਰ ਆ ਰਹੇ ਸਨ, ਕਿਉਂਕਿ ਉਹ ਹੜ੍ਹ ਵਿਚ ਡੁੱਬੇ ਰਨਵੇ ‘ਤੇ ਚੱਲ ਰਹੇ ਸਨ, ਜੋ ਸਮੁੰਦਰ ਵਰਗਾ ਦਿਸਦਾ ਸੀ। ਸੰਯੁਕਤ ਅਰਬ ਅਮੀਰਾਤ (ਯੂਏਈ) ਦੇ ਰਾਸ਼ਟਰੀ ਮੌਸਮ ਵਿਗਿਆਨ ਕੇਂਦਰ ਨੇ ਮੰਗਲਵਾਰ ਸਵੇਰੇ ਦੁਬਈ, ਅਬੂ ਧਾਬੀ ਅਤੇ ਸ਼ਾਰਜਾਹ ਸਮੇਤ ਦੇਸ਼ ਦੇ ਵੱਡੇ ਹਿੱਸਿਆਂ ਲਈ ਮੌਸਮ ਦੀ ਚਿਤਾਵਨੀ ਜਾਰੀ ਕੀਤੀ। ਦੁਬਈ ਪੁਲਿਸ ਨੇ ਅਚਾਨਕ ਹੜ੍ਹਾਂ ਕਾਰਨ ਸ਼ਹਿਰ ਦੀਆਂ ਕੁਝ ਸੜਕਾਂ ਤੋਂ ਬਚਣ ਲਈ ਸਲਾਹ ਵੀ ਜਾਰੀ ਕੀਤੀ ਹੈ। ਇਸ ਦੌਰਾਨ ਖੇਤਰ ਦੇ ਹੋਰ ਦੇਸ਼ਾਂ ਵਿੱਚ ਵੀ ਭਾਰੀ ਬਾਰਸ਼ ਅਤੇ ਉਸ ਤੋਂ ਬਾਅਦ ਹੜ੍ਹ ਆਏ। ਗੁਆਂਢੀ ਦੇਸ਼ ਓਮਾਨ ਵਿੱਚ ਭਾਰੀ ਮੀਂਹ ਕਾਰਨ ਆਏ ਹੜ੍ਹਾਂ ਵਿੱਚ ਘੱਟੋ-ਘੱਟ 18 ਲੋਕਾਂ ਦੀ ਮੌਤ ਹੋ ਗਈ। ਰਿਪੋਰਟ ਮੁਤਾਬਕ ਪੀੜਤਾਂ ਵਿੱਚ 10 ਵਿਦਿਆਰਥੀ ਸ਼ਾਮਲ ਹਨ ਜਿਨ੍ਹਾਂ ਦੀ 14 ਅਪ੍ਰੈਲ ਨੂੰ ਮੌਤ ਹੋ ਗਈ ਸੀ ਜਦੋਂ ਉਹ ਜਿਸ ਵਾਹਨ ਵਿੱਚ ਸਫ਼ਰ ਕਰ ਰਹੇ ਸਨ, ਉਹ ਹੜ੍ਹ ਵਾਲੇ ਖੇਤਰ ਨੂੰ ਪਾਰ ਕਰਨ ਦੀ ਕੋਸ਼ਿਸ਼ ਕਰਦੇ ਸਮੇਂ ਤੇਜ਼ ਕਰੰਟ ਨਾਲ ਰੁੜ੍ਹ ਗਿਆ ਸੀ। ਇਸ ਦੌਰਾਨ, ਬਹਿਰੀਨ ਵਿੱਚ, ਸੋਸ਼ਲ ਮੀਡੀਆ ‘ਤੇ ਵੀਡੀਓਜ਼ ਵਿੱਚ ਹੜ੍ਹਾਂ ਨਾਲ ਭਰੀਆਂ ਸੜਕਾਂ 'ਤੇ ਵਾਹਨ ਫਸੇ ਦਿਖਾਈ ਦਿੱਤੇ।