ਨਿਊਜ਼ੀਲੈਂਡ : ਸਵਾਰੀਆ ਵਾਲੇ ਸ਼ਿੱਪ ਸੈਰ ਸਪਾਟਾ ਕਰਨ ਵਾਲਿਆਂ ਲਈ ਦੁਬਾਰਾ ਸਵਰਗ ਵਰਗੇ ਨਜ਼ਾਰੇ ਦੇਣ ਲਈ ਸਮੁੰਦਰਾਂ ਦੇ ਵਿਚ ਆਪਣੀ ਯਾਤਰਾ ਸ਼ੁਰੂ ਕਰ ਚੁੱਕੇ ਹਨ। ਨਿਊਜ਼ੀਲੈਂਡ ਦੇ ਵਿਚ 16 ਅਕਤੂਬਰ ਤੋਂ 31 ਦਸੰਬਰ ਤੱਕ ਵੇਖਿਆ ਜਾਵੇ ਤਾਂ 27 ਦੇ ਕਰੀਬ ਕਰੂਜ਼ ਸਮਾਂ ਸਾਰਣੀ ਦੇ ਵਿਚ ਵੇਖੇ ਜਾ ਸਕਦੇ ਹਨ। ਇਸ ਤੋਂ ਇਲਾਵਾ ਅਗਲੇ ਸਾਲ ਦੇ ਵਿਚ ਵੀ ਲਾਈਨਾ ਲੱਗੀਆਂ ਹੋਈਆਂ ਹਨ। 16 ਅਕਤੂਬਰ ਜਾਂ ਕਹਿ ਲਈਏ ਅਗਲੇ ਐਤਵਾਰ ਔਕਲੈਂਡ ਸ਼ਹਿਰ ਵਿਖੇ ਪਹੁੰਚਣ ਵਾਲਾ ਸ਼ਿੱਪ (ਮਜਿਸਟਿਕ ਪਿ੍ਰੰਸਜ਼) ਇਥੇ ਦੇ ਪਿ੍ਰੰਸ ਪੋਰਟ ਉਤੇ ਲੱਗੇਗਾ। ਇਸ ਤੋਂ ਪਹਿਲਾਂ ਉਹ ਟੌਰੰਗਾ ਵਿਖੇ 15 ਅਕਤੂਬਰ ਨੂੰ ਸਵੇਰੇ 6.30 ਵਜੇ ਪਹੁੰਚ ਜਾਵੇਗਾ ਅਤੇ ਫਿਰ ਸ਼ਾਮ ਨੂੰ 5.30 ਵਜੇ ਔਕਲੈਂਡ ਲਈ ਚਾਲੇ ਪਾਵੇਗਾ। ਸਾਰੀ ਰਾਤ ਚਲਦਿਆਂ ਉਹ 16 ਅਕਤੂਬਰ ਨੂੰ ਸਵੇਰੇ 7 ਵਜੇ ਔਕਲੈਂਡ ਪਹੁੰਚ ਜਾਵੇਗਾ ਤੇ ਸਵੇਰੇ-ਸਵੇਰੇ ਸੈਰ ਕਰਨ ਵਾਲਿਆਂ ਨੂੰ ਉਸਦੇ ਦਰਸ਼ਨ ਹੋਣਗੇ। ਸ਼ਾਮ 8 ਵਜੇ ਉਹ ਵਾਇਆ ਬੇਅ ਆਫ ਆਈਲੈਂਡ ਰਸਲ ਨਿਊਜ਼ੀਲੈਂਡ ਹੋ ਕੇ ਸਿਡਨੀ ਲਈ ਨਿਕਲ ਜਾਵੇਗਾ ਤੇ 20 ਅਕਤੂਬਰ ਨੂੰ ਉਥੇ ਪਹੁੰਚ ਕੇ ਇਕ ਮਹੀਨੇ ਦਾ ਆਪਣਾ ਸਫਰ ਪੂਰਾ ਕਰ ਲਵੇਗਾ। ਇਹ ਕਰੂਜ 5 ਸਾਲਾ ਪੁਰਾਣਾ ਹੈ। ਇਸ ਦੀ ਕੀਮਤ 760 ਅਮਰੀਕੀ ਡਾਲਰ ਹੈ। ਇਸ ਦੇ ਵਿਚ 4272 ਲੋਕ ਸਫਰ ਕਰ ਸਕਦੇ ਹਨ ਅਤੇ 1350 ਲੋਕ ਕੰਮ ਕਰਦੇ ਹਨ। ਇਸਦੀ ਸਪੀਡ 43 ਕਿਲੋਮੀਟਰ ਪ੍ਰਤੀ ਘੰਟਾ ਹੈ। ਇਸਦੀ ਲੰਬਾਈ 330 ਮੀਟਰ ਹੈ। ਇਸਦਾ ਭਾਰ 142 714 ਗ੍ਰੌਸ ਟਨ ਹੈ। ਔਕਲੈਂਡ ਦੇ ਜਿਮੀਦਾਰਾਂ ਨੂੰ ਪਹਿਲਾਂ ਹੀ ਕਈ ਤਰ੍ਹਾਂ ਦੀਆਂ ਸਬਜੀਆਂ, ਫਲਾਂ ਅਤੇ ਹੋਰ ਸਾਮਾਨ ਦੇ ਆਰਡਰ ਮਿਲ ਚੁੱਕੇ ਹਨ ਅਤੇ ਵਪਾਰ ਦੇ ਵਿਚ ਵਾਧਾ ਹੋਣ ਵਾਲਾ ਹੈ।