ਟੋਰਾਂਟੋ, 8 ਸਤੰਬਰ : ਕੈਨੇਡਾ ਦੇ ਬੀਸੀ ’ਚ ਸਥਿਤ ਇਕ ਹਿੰਦੂ ਮੰਦਰ ਨੂੰ ਖ਼ਾਲਿਸਤਾਨ ਸਮੱਰਥਕਾਂ ਨੇ ਨਿਸ਼ਾਨਾ ਬਣਾਇਆ ਹੈ। ਉਨ੍ਹਾਂ ਨੇ ਮੰਦਰ ਦੀਆਂ ਕੰਧਾਂ ’ਤੇ ਭਾਰਤ ਵਿਰੋਧੀ ਨਾਅਰੇ ਤੇ ਇਤਰਾਜ਼ਯੋਗ ਚਿੱਤਰ ਬਣਾਏ। ਸ੍ਰੀ ਮਾਤਾ ਭਾਮੇਸ਼ਵਰੀ ਦੁਰਗਾ ਸੁਸਾਇਟੀ ਮੰਦਰ ਦੀ ਬਾਹਰਲੀ ਕੰਧ ’ਤੇ ਵੀਰਵਾਰ ਨੂੰ ਸਪਰੇਅ ਪੇਂਟ ਨਾਲ ਨਾਅਰੇ ਲਿਖੇ ਮਿਲੇ। ਇਨ੍ਹਾਂ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਰੁੱਧ ਵੀ ਅਪਮਾਨਜਨਕ ਟਿੱਪਣੀਆਂ ਕੀਤੀਆਂ ਗਈਆਂ ਹਨ। ਰਿਚਮੰਡ ’ਚ ਰੇਡੀਓ ਐੱਫਐੱਮ 600 ਦੇ ਸਮਾਚਾਰ ਨਿਰਦੇਸ਼ਕ ਸਮੀਰ ਕੌਸ਼ਲ ਨੇ ਐਕਸ (ਟਵਿਟਰ) ’ਤੇ ਲਿਖਿਆ ਹੈ ਕਿ ਹਿੰਦੂ ਭਾਈਚਾਰੇ ਦੇ ਲੋਕਾਂ ’ਚ ਡਰ ਪੈਦਾ ਕਰਨ ਲਈ ਇਸ ਤਰ੍ਹਾਂ ਦੀਆਂ ਕਾਇਰਾਨਾ ਘਟਨਾਵਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ। ਪੁਲਿਸ ਨੂੰ ਸੂਚਨਾ ਦਿੱਤੀ ਗਈ ਹੈ। ਇਹ ਘਟਨਾਕ੍ਰਮ 10 ਸਤੰਬਰ ਨੂੰ ਹੋਣ ਵਾਲੇ ਖ਼ਾਲਿਸਤਾਨ ਜਨਮਤ ਸੰਗ੍ਰਹਿ ਪ੍ਰੋੋਗਰਾਮ ਤੇ ਪਾਬੰਦੀਸ਼ੁਦਾ ਸਿੱਖ ਫਾਰ ਜਸਟਿਸ ਵੱਲੋਂ ਵੈਨਕੂਵਰ ’ਚ ਭਾਰਤੀ ਵਣਜ ਦੂਤਘਰ ਨੂੰ ‘ਬੰਦ’ ਕਰਨ ਦੀਆਂ ਧਮਕੀਆਂ ਦਰਮਿਆਨ ਸਾਹਮਣੇ ਆਇਆ ਹੈ। ਸਰੀ ਦੇ ਇਕ ਸਕੂਲ ’ਚ ਹੋਣ ਵਾਲਾ ਇਹ ਜਨਮਤ ਸੰਗ੍ਰਹਿ ਲੋਕਾਂ ਵੱਲੋਂ ਪੋਸਟਰ ’ਤੇ ਹਥਿਆਰਾਂ ਦੀਆਂ ਤਸਵੀਰਾਂ ਨੂੰ ਸਕੂਲ ਅਧਿਕਾਰੀਆਂ ਦੇ ਸਾਹਮਣੇ ਲਿਆਂਦੇ ਜਾਣ ਪਿੱਛੋਂ ਰੱਦ ਕਰ ਦਿੱਤਾ ਗਿਆ ਸੀ। ਭਾਰਤ ਵੱਲੋਂ ਵਿਰੋਧ ਦਰਜ ਕਰਵਾਉਣ ਦੇ ਬਾਵਜੂਦ ਕੈਨੇਡਾ ’ਚ ਖ਼ਾਲਿਸਤਾਨ ਸਮੱਰਥਕ ਦੇਸ਼ ਭਰ ’ਚ ਭਾਰਤੀ ਦੂਤਾਂ ਤੇ ਮੰਦਰਾਂ ਨੂੰ ਨਿਸ਼ਾਨਾ ਬਣਾ ਰਹੇ ਹਨ। ਪਿਛਲੇ ਮਹੀਨੇ ਸਰੀ ’ਚ ਲਕਸ਼ਮੀ ਨਾਰਾਇਣ ਮੰਦਰ ਦੀ ਸਾਹਮਣੇ ਤੇ ਪਿਛਲੀਆਂ ਕੰਧਾਂ ’ਤੇ ਭਾਰਤ ਵਿਰੋਧੀ ਤੇ ਖ਼ਾਲਿਸਤਾਨ ਦੇ ਪੱਖ ’ਚ ਪੋਸਟਰ ਲਾਏ ਗਏ ਸਨ।