ਈਰਾਨ ਵਿੱਚ ਸ਼ੀਆ ਸ਼ਰਧਾਲੂਆਂ ਨਾਲ ਭਰੀ ਬੱਸ ਹੋਈ ਹਾਦਸਾਗ੍ਰਸਤ, 35 ਲੋਕਾਂ ਦੀ ਮੌਤ

ਤਹਿਰਾਨ : 21 ਅਗਸਤ 2024 : ਪਾਕਿਸਤਾਨ ਤੋਂ ਇਰਾਕ ਜਾ ਰਹੀ ਸ਼ੀਆ ਸ਼ਰਧਾਲੂਆਂ ਦੀ ਬੱਸ ਹਾਦਸਾਗ੍ਰਸਤ ਹੋਣ ਨਾਲ ਵੱਡਾ ਹਾਦਸਾ ਵਾਪਰ ਗਿਆ ਹੈ। ਦਰਅਸਲ ਮੱਧ ਈਰਾਨ ਵਿੱਚ ਸ਼ੀਆ ਸ਼ਰਧਾਲੂਆਂ ਨਾਲ ਭਰੀ ਬੱਸ ਹਾਦਸਾਗ੍ਰਸਤ ਹੋ ਗਈ, ਜਿਸ ਵਿਚ 35 ਲੋਕਾਂ ਦੀ ਮੌਤ ਹੋ ਗਈ। ਇਕ ਅਧਿਕਾਰੀ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਈਰਾਨ ਦੀ ਸਰਕਾਰੀ ਸਮਾਚਾਰ ਏਜੰਸੀ IRNA ਮੁਤਾਬਿਕ ਸਥਾਨਕ ਐਮਰਜੈਂਸੀ ਅਧਿਕਾਰੀ ਮੁਹੰਮਦ ਅਲੀ ਮਾਲੇਕਜ਼ਾਦੇਹ ਨੇ ਦੱਸਿਆ ਕਿ ਇਹ ਹਾਦਸਾ ਈਰਾਨ ਦੇ ਯਜ਼ਦ ਸੂਬੇ 'ਚ ਮੰਗਲਵਾਰ ਰਾਤ ਨੂੰ ਵਾਪਰਿਆ। ਅਲੀ ਮਾਲੇਕਜ਼ਾਦੇਹ ਨੇ ਦੱਸਿਆ ਕਿ ਇਸ ਹਾਦਸੇ 'ਚ 18 ਹੋਰ ਲੋਕ ਵੀ ਜ਼ਖਮੀ ਹੋਏ ਹਨ। ਹਾਦਸੇ ਦੇ ਸਮੇਂ ਬੱਸ ਵਿੱਚ 51 ਲੋਕ ਸਵਾਰ ਸਨ। ਸਾਰੇ ਸ਼ਰਧਾਲੂ ਅਰਬਾਈਨ ਦੀ ਯਾਦ ਵਿਚ ਇਰਾਕ ਜਾ ਰਹੇ ਸਨ, ਜੋ 7ਵੀਂ ਸਦੀ ਦੇ ਸ਼ੀਆ ਸੰਤ ਦੀ ਮੌਤ ਦੇ 40ਵੇਂ ਦਿਨ ਮਨਾਇਆ ਜਾਂਦਾ ਹੈ।