1947 ਦੇ ਵਿਛੜੇ 76 ਸਾਲਾਂ ਬਾਅਦ ਮਿਲੇ ਭੈਣ-ਭਾਈ ਨੇ ਕਰਤਾਰਪੁਰ ਸਾਹਿਬ 'ਚ ਸਾਂਝਾ ਕੀਤਾ ਦੁੱਖ ਸੁੱਖ

ਸ਼੍ਰੀ ਕਰਤਾਰਪੁਰ ਸਾਹਿਬ, 23 ਅਕਤੂਬਰ : ਦੇਸ਼ ਦੀ ਵੰਡ ਤੋਂ ਬਾਅਦ ਪੰਜਾਬ ਦੇ ਦੋ ਟੁਕੜੇ ਹੋ ਗਏ, ਜਿਸ ਕਾਰਨ ਵੱਡੀ ਗਿਣਤੀ ‘ਚ ਲੋਕਾਂ ਨੂੰ ਇੱਧਰੋ ਉੱਧਰ ਤੇ ਕਈਆਂ ਨੂੰ ਉੱਧਰ ਆਪਣਾ ਸਭ ਕੁੱਝ ਛੱਡ ਕੇ ਇੱਧਰ (ਪੰਜਾਬ-ਭਾਰਤ) ਆਉਣਾ ਪਿਆ। 1947 ਤੋਂ ਬਾਅਦ ਅੱਜ ਤੱਕ ਦੇਸ਼ ਦੀ ਵੰਡ ਹੋਈ ਨੂੰ 76 ਸਾਲ ਬੀਤ ਗਏ ਹਨ, ਪਰ ਇਸ ਵੰਡ ਦੀ ਚੀਸ ਅੱਜ ਵੀ ਲੋਕਾਂ ਦੇ ਮਨਾਂ ਅੰਦਰ ਹੈ, ਉਸ ਸਮੇਂ ਦੇ ਵਿਛੜੇ ਬਹੁਤੇ ਲੋਕ ਅੱਜ ਵੀ ਆਪਣਿਆਂ ਨੂੰ ਮਿਲਣ ਦੀ ਚਾਹਤ ਰੱਖੀ ਬੈਠੇ ਹਨ ਅਤੇ ਕੁੱਝ ਆਪਣਿਆਂ ਨੂੰ ਮਿਲਣ ਦੀ ਆਸ ਰੱਖੀ ਦੁਨੀਆਂ ਤੋਂ ਰੁਖਸ਼ਤ ਹੋ ਗਏ। ਜਦੋਂ ਤੋਂ ਦੋਵੇਂ ਦੇਸ਼ਾਂ ਦੀਆਂ ਸਰਕਾਰਾਂ ਵੱਲੋਂ ਸਿੱਖ ਧਰਮ ਦੇ ਬਾਨੀ ਸ੍ਰੀ ਗੁਰੁ ਨਾਨਕ ਦੇਵ ਜੀ ਦੀ ਕਰਮਭੂਮੀ ਸ੍ਰੀ ਕਰਤਾਰਪੁਰ ਸਾਹਿਬ ਲਈ ਬਿਨ੍ਹਾ ਵੀਜਾ ਰਾਹ ਖੋਲ੍ਹੇ ਹਨ, ਉਸ ਸਮੇਂ ਕਈ ਲੋਕ ਆਪਣਿਆਂ ਨੂੰ ਮਿਲ ਚੁੱਕੇ ਹਨ। ਸ੍ਰੀ ਗੁਰੂ ਨਾਨਕ ਦੇਵ ਜੀ ਦੀ ਕਰਮਭੂਮੀ, ਜਿੱਥੇ ਗੁਰੁ ਸਾਹਿਬ ਨੇ ਆਪਣੇ ਹੱਥੀ ਖੇਤੀ ਕੀਤੀ, ਉਸ ਜਗ੍ਹਾ ਸੁੰਦਰ ਗੁਰੂਘਰ ਬਣਿਆ ਹੋਇਆ ਹੈ, ਉਸ ਅਸਥਾਨ ਤੇ ਫਿਰ ਇੱਕ ਹੋਰ ਭੈਣ – ਭਰਾ ਦਾ 76 ਸਾਲਾਂ ਦੇ ਲੰਮੇ ਵਕਫੇ ਬਾਅਦ ਹੋਰਨਾਂ ਵੀਡੀਓ ਦੀ ਤਰ੍ਹਾਂ ਸੋਸ਼ਲ ਮੀਡੀਆ ਦੇ ਜ਼ਰੀਏ ਹੀ ਮੇਲ ਹੋਇਆ। ਦਰਅਸਲ, ਇਸ ਭੈਣ-ਭਾਈ ਦਾ ਮਿਲਾਪ ਵੀ ਪਿਛੋਕੜ ਤੋਂ ਜਲੰਧਰ ਦੇ ਸ਼ਾਹਕੋਟ ਨਾਲ ਸਬੰਧ ਰੱਖਣ ਵਾਲਾ ਪਰਿਵਾਰ ਵੀ 47 ਦੇ ਬਟਵਾਰੇ ਦੌਰਾਨ ਵੰਡਿਆ ਗਿਆ ਸੀ। ਜਲੰਧਰ ਦੀ ਰਹਿਣ ਵਾਲੀ ਸੁਰਿੰਦਰ ਕੌਰ ਅਤੇ ਮੁਹੰਮਦ ਇਸਮਾਈਲ 47 ਦੇ ਬਟਵਾਰੇ ਵੇਲੇ ਵਿਛੜ ਗਏ ਸਨ। ਸੁਰਿੰਦਰ ਕੌਰ ਦਾ ਭਰਾ ਮੁਹੰਮਦ ਇਸਮਾਈਲ, ਜਿਸ ਦਾ ਪੁਰਾਣਾ ਨਾਮ ਪਤਾ ਨਹੀਂ, ਉਹ 47 ਦੇ ਬਟਵਾਰੇ ਵੇਲੇ ਇੱਕ ਦੂਜੇ ਤੋਂ ਵਿਛੜ ਗਏ ਸਨ। ਮੁਹੰਮਦ ਇਸਮਾਈਲ ਦੀ ਵੀਡੀਓ ਪਾਕਿਸਤਾਨ ਦੇ ਇੱਕ ਵਲੌਗਰ ਵਲੋਂ ਬਣਾ ਕੇ ਸੋਸ਼ਲ ਮੀਡੀਆ ਤੇ ਅਪਲੋਡ ਕੀਤੀ ਗਈ ਸੀ, ਜਿਸ ਨੂੰ ਆਸਟਰੇਲੀਆ ਬੈਠੇ ਮਿਸ਼ਨ ਸਿੰਘ ਨੇ ਜਦੋਂ ਵੇਖਿਆ ਤਾਂ, ਉਹਨੇ ਵਲੌਗਰ ਦੇ ਨਾਲ ਸੰਪਰਕ ਕਰਿਆ। ਮੁਹੰਮਦ ਇਸਮਾਈਲ ਤੇ ਸੁਰਿੰਦਰ ਕੌਰ ਦੀ ਦਾਸਤਾਨ ਸੁਣ ਕੇ ਮਿਸ਼ਨ ਸਿੰਘ ਨੇ ਵਲੌਗਰ ਜਰੀਏ ਦੋਵਾਂ ਪਰਿਵਾਰਾਂ ਨੂੰ ਮਿਲਾਉਣ ਦਾ ਜਦੋਂ ਬੀੜਾ ਚੁੱਕਿਆ ਤਾਂ, ਇਹ ਖ਼ਬਰ ਸੁਰਿੰਦਰ ਕੌਰ ਤੱਕ ਪਹੁੰਚਾਈ ਗਈ, ਤਾਂ ਉਸ ਵੇਲੇ ਸੁਰਿੰਦਰ ਕੌਰ ਦੇ ਚਿਹਰੇ ਤੇ ਜਿਹੜੀ ਖੁਸ਼ੀ ਸੀ, ਉਹ ਸ਼ਬਦਾਂ ਵਿਚ ਬਿਆਨ ਨਹੀਂ ਕੀਤੀ ਜਾ ਸਕਦੀ। ਕਰੀਬ ਸਾਢੇ 7 ਦਹਾਕਿਆਂ ਦੀ ਉਡੀਕ ਮਗਰੋਂ ਸੁਰਿੰਦਰ ਕੌਰ ਤੇ ਮੁਹੰਮਦ ਇਸਮਾਈਲ ਨੂੰ ਮਿਲਾਉਣ ਲਈ ਪੀਐਮਯੂ ਨਾਲ ਸੰਪਰਕ ਕਰਿਆ ਗਿਆ ਸੀ, ਜਿਸ ਮਗਰੋਂ ਦੋਵਾਂ ਨੂੰ ਮਿਲਾਉਣ ਦਾ ਸਥਾਨ ਸ਼੍ਰੀ ਕਰਤਾਰਪੁਰ ਸਾਹਿਬ ਪਾਕਿਸਤਾਨ ਚੁਣਿਆ ਗਿਆ। ਕਰਤਾਰਪੁਰ ਸਾਹਿਬ ਵਿਖੇ ਲੰਘੇ ਸ਼ਨਿੱਚਰਵਾਰ ਨੂੰ ਪਾਕਿਸਤਾਨ ਦੇ ਸ਼ਹਿਰ ਸਾਈਂਵਾਲ ਅਤੇ ਚੜਦੇ ਪੰਜਾਬ ਦੇ ਜਲੰਧਰ ਤੋਂ ਸੁਰਿੰਦਰ ਕੌਰ ਨੂੰ ਮਿਲਵਾਇਆ ਗਿਆ। ਭੈਣ-ਭਾਈ ਨੇ ਇਕੱਠਿਆਂ ਬੈਠ ਕੇ ਢੇਰ ਸਾਰੀਆਂ ਗੱਲਾਂ ਤਾਂ ਕੀਤੀਆਂ ਹੀ, ਨਾਲ ਹੀ ਦੋਵਾਂ ਨੇ ਮੁੜ ਤੋਂ ਮਿਲਣ ਦਾ ਵਾਅਦਾ ਵੀ ਕਰਿਆ। ਖ਼ਾਸ ਗੱਲ ਦੱਸ ਦਈਏ ਕਿ, ਜਦੋਂ ਸੁਰਿੰਦਰ ਕੌਰ ਤੇ ਮੁਹੰਮਦ ਇਸਮਾਈਲ ਮਿਲੇ ਤਾਂ, ਦੋਵਾਂ ਦੀਆਂ ਅੱਖਾਂ ਵਿਚ ਖੁਸ਼ੀ ਦੇ ਹੰਝੂ ਏਨੇ ਸਨ ਕਿ, ਦੱਸਣੇ ਵੀ ਮੁਸ਼ਕਲ ਹਨ। ਖ਼ੈਰ, ਦੋਵਾਂ ਮੁਲਕਾਂ ਵਿਚਾਲੇ ਮੁਹੱਬਤੀ ਤੰਦਾਂ ਬਣੀਆਂ ਰਹਿਣ ਅਤੇ ਇਸੇ ਤਰ੍ਹਾਂ ਹੀ ਵਿਛੜ ਭੈਣ-ਭਾਈ, ਬਜ਼ੁਰਗ ਮਾਪੇ ਇਕ ਦੂਜੇ ਨੂੰ ਮਿਲਦੇ ਰਹਿਣ।