ਕੋਰੋਨਾ ਨਾਲੋਂ 100 ਗੁਣਾ ਜ਼ਿਆਦਾ ਖ਼ਤਰਨਾਕ ਹੋ ਸਕਦੀ ਬਰਡ ਫਲੂ ਦੀ ਮਹਾਮਾਰੀ 

ਨਿਊਯਾਰਕ, 5 ਅਪ੍ਰੈਲ : 'ਕੋਰੋਨਾ' ਦਾ ਨਾਂ ਸੁਣਦਿਆਂ ਹੀ ਅਸੀਂ ਕੰਬ ਜਾਂਦੇ ਹਾਂ। ਦੁਨੀਆ ਅਜੇ ਵੀ ਇਸ ਬਿਮਾਰੀ ਤੋਂ ਉਭਰ ਨਹੀਂ ਸਕੀ। ਕੋਰੋਨਾ ਦੇ ਖ਼ੌਫ ਵਿਚਕਾਰ ਵਿਗਿਆਨੀਆਂ ਨੇ ਇਕ ਹੋਰ ਮਹਾਮਾਰੀ ਦੀ ਚੇਤਾਵਨੀ ਦਿੱਤੀ ਹੈ। ਮਾਹਿਰਾਂ ਨੇ ਬਰਡ ਫਲੂ ਬਾਰੇ ਚੇਤਾਵਨੀ ਦਿੱਤੀ ਹੈ, ਨਾਲ ਹੀ ਉਨ੍ਹਾਂ ਦਾ ਕਹਿਣਾ ਹੈ ਕਿ ਬਰਡ ਫਲੂ ਕਾਰਨ ਹੋਣ ਵਾਲੀ ਮਹਾਮਾਰੀ ਕੋਰੋਨਾ ਨਾਲੋਂ 100 ਗੁਣਾ ਜ਼ਿਆਦਾ ਖ਼ਤਰਨਾਕ ਹੋਣ ਵਾਲੀ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਬਰਡ ਫਲੂ ਦੀ ਮਹਾਮਾਰੀ ਤੇਜ਼ੀ ਨਾਲ ਫੈਲਣ ਦੀ ਸੰਭਾਵਨਾ ਬਣੀ ਹੋਈ ਹੈ। ਅਮਰੀਕਾ ਵਿਚ H5N1 ਏਵੀਅਨ ਫਲੂ ਤੇਜ਼ੀ ਨਾਲ ਫੈਲ ਰਿਹਾ ਹੈ। ਅਮਰੀਕਾ ਦੇ ਹਰ ਸੂਬੇ 'ਚ ਇਸ ਦਾ ਪ੍ਰਭਾਵ ਜੰਗਲੀ ਪੰਛੀਆਂ ਦੇ ਨਾਲ-ਨਾਲ ਵਪਾਰਕ ਮੁਰਗੀਆਂ ਤੇ ਆਪਣੇ ਘਰਾਂ ਦੇ ਵਿਹੜਿਆਂ ਵਿਚ ਪਾਲਦੇ ਜਾਨਵਰਾਂ 'ਤੇ ਦਿਖਾਈ ਦੇ ਰਿਹਾ ਹੈ। ਚਾਰ ਵੱਖ-ਵੱਖ ਯੂਐੱਸ ਰਾਜਾਂ ਵਿੱਚ ਥਣਧਾਰੀ ਜਾਨਵਰਾਂ ਦੇ ਨਾਲ ਕਈ ਪਸ਼ੂਆਂ ਦੇ ਝੁੰਡ ਸੰਕਰਮਿਤ ਪਾਏ ਗਏ। ਜਾਨਵਰਾਂ ਤੋਂ ਇਲਾਵਾ ਟੈਕਸਾਸ ਵਿਚ ਇਕ ਡੇਅਰੀ ਵਰਕਰ 'ਚ ਵੀ ਇਹ ਵਾਇਰਸ ਪਾਇਆ ਗਿਆ ਹੈ। ਇਸ ਤਰ੍ਹਾਂ ਬਰਡ ਫਲੂ ਦੇ ਮਾਮਲੇ ਵਿਗਿਆਨੀਆਂ ਦੇ ਨਾਲ-ਨਾਲ ਦੁਨੀਆ ਲਈ ਵੀ ਵੱਡੀ ਚਿੰਤਾ ਦਾ ਵਿਸ਼ਾ ਬਣ ਗਏ ਹਨ। ਦਿ ਨਿਊਯਾਰਕ ਪੋਸਟ ਨੇ ਡੇਲੀ ਮੇਲ ਦਾ ਹਵਾਲਾ ਦਿੰਦਿਆਂ ਦੱਸਿਆ ਕਿ ਪਿਟਸਬਰਗ ਦੇ ਮਸ਼ਹੂਰ ਬਰਡ ਫਲੂ ਖੋਜਕਰਤਾ ਸੁਰੇਸ਼ ਕੁਚੀਪੁੜੀ ਨੇ ਹਾਲ ਹੀ ਵਿਚ ਇਸ ਮੁੱਦੇ 'ਤੇ ਚਰਚਾ ਕਰਦੇ ਹੋਏ ਕਿਹਾ ਕਿ ਵਾਇਰਸ ਕਈ ਸਾਲਾਂ ਅਤੇ ਸ਼ਾਇਦ ਦਹਾਕਿਆਂ ਤੋਂ ਮਹਾਮਾਰੀ ਦੀ ਸੂਚੀ ਵਿਚ ਸਿਖਰ 'ਤੇ ਹੈ।