ਇਮਰਾਨ ਖਾਨ ਦੀ ਗ੍ਰਿਫਤਾਰੀ ਤੋਂ ਬਾਅਦ ਪੂਰੇ ਪਾਕਿਸਤਾਨ ਵਿੱਚ ਹਿੰਸਾ ਜਾਰੀ, 6 ਮੌਤਾਂ

ਰਾਵਲਪਿੰਡੀ, 10 ਮਈ : ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਗ੍ਰਿਫਤਾਰੀ ਤੋਂ ਬਾਅਦ ਪੂਰੇ ਪਾਕਿਸਤਾਨ ਵਿੱਚ ਹਿੰਸਾ ਜਾਰੀ ਹੈ। ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀ.ਟੀ.ਆਈ.) ਦੇ ਸਮਰਥਕ ਪੇਸ਼ਾਵਰ, ਇਸਲਾਮਾਬਾਦ ਸਮੇਤ ਕਈ ਸ਼ਹਿਰਾਂ ਵਿੱਚ ਅੱਗਜ਼ਨੀ ਅਤੇ ਭੰਨਤੋੜ ਕਰ ​​ਰਹੇ ਹਨ। ਹੁਣ ਤੱਕ 6 ਜਣਿਆਂ ਦੀ ਮੌਤ ਦੀ ਖ਼ਬਰ ਹੈ। ਇਸ ਦੌਰਾਨ ਐਕਸਪ੍ਰੈਸ ਟ੍ਰਿਬਿਊਨ ਮੁਤਾਬਕ ਪਾਕਿਸਤਾਨ ਦੇ ਸਾਬਕਾ ਗਵਰਨਰ ਅਤੇ ਪੀਟੀਆਈ ਆਗੂ ਔਮਰ ਚੀਮਾ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਹੈ। ਕਾਰਕੁਨਾਂ ਨੇ ਦੇਰ ਰਾਤ ਰਾਵਲਪਿੰਡੀ ਵਿੱਚ ਫੌਜ ਦੇ ਹੈੱਡਕੁਆਰਟਰ ਵਿੱਚ ਭੰਨਤੋੜ ਕੀਤੀ। ਲਾਹੌਰ ਵਿਚ ਗਵਰਨਰ ਹਾਊਸ, ਫੌਜ ਦੇ ਕਮਾਂਡਰ ਦੇ ਘਰ ਨੂੰ ਸਾੜਨ ਦੀ ਖ਼ਬਰ ਹੈ ਅਤੇ ਕਈ ਫੌਜੀ ਅਫਸਰਾਂ ਦੇ ਘਰਾਂ ‘ਤੇ ਹਮਲੇ ਕੀਤੇ ਗਏ। ਅਜਿਹੀ ਹੀ ਘਟਨਾ ਕਰਾਚੀ ਦੇ ਕੈਂਟ ਇਲਾਕੇ ਵਿੱਚ ਵੀ ਵਾਪਰੀ। ਪਾਕਿਸਤਾਨੀ ਅਖਬਾਰ ਡਾਨ ਮੁਤਾਬਕ ਹਿੰਸਾ ਨੂੰ ਦੇਖਦੇ ਹੋਏ ਪੂਰੇ ਪਾਕਿਸਤਾਨ ‘ਚ ਇੰਟਰਨੈੱਟ ਬੰਦ ਕਰ ਦਿੱਤਾ ਗਿਆ ਹੈ। ਦੇਸ਼ ਵਿੱਚ ਪ੍ਰਾਈਵੇਟ ਸਕੂਲ ਵੀ ਬੰਦ ਰਹਿਣਗੇ। ਰਾਜਧਾਨੀ ਇਸਲਾਮਾਬਾਦ, ਪੰਜਾਬ ਸੂਬੇ ਅਤੇ ਪੇਸ਼ਾਵਰ ਵਿੱਚ ਧਾਰਾ 144 ਲਾਗੂ ਕਰ ਦਿੱਤੀ ਗਈ ਹੈ। ਇਮਰਾਨ ਖਾਨ ਨੂੰ ਮੰਗਲਵਾਰ ਨੂੰ ਗ੍ਰਿਫਤਾਰੀ ਤੋਂ ਬਾਅਦ ਅੱਜ ਅਦਾਲਤ ‘ਚ ਪੇਸ਼ ਕੀਤਾ ਜਾਵੇਗਾ। ਜਾਂਚ ਏਜੰਸੀ ਐੱਨਏਬੀ ਦੇ ਹੁਕਮਾਂ ‘ਤੇ ਪਾਕਿਸਤਾਨ ਰੇਂਜਰਾਂ ਨੇ ਉਸ ਨੂੰ ਗ੍ਰਿਫਤਾਰ ਕੀਤਾ ਸੀ। ਇਸ ਤੋਂ ਬਾਅਦ ਖਾਨ ਨੂੰ ਪੁੱਛਗਿੱਛ ਲਈ ਰਾਵਲਪਿੰਡੀ ਸਥਿਤ ਐੱਨਏਬੀ ਹੈੱਡਕੁਆਰਟਰ ਭੇਜ ਦਿੱਤਾ ਗਿਆ। ਸਾਬਕਾ ਪ੍ਰਧਾਨ ਮੰਤਰੀ ਨੂੰ ਮਾਮਲੇ ਦੀ ਸੁਣਵਾਈ ਲਈ ਐੱਨਏਬੀ ਕੋਰਟ ਜਾਂ ਜੁਡੀਸ਼ੀਅਲ ਕੰਪਲੈਕਸ ‘ਚ ਨਹੀਂ ਲਿਆਂਦਾ ਜਾਵੇਗਾ। ਇਸ ਦੀ ਬਜਾਏ, ਸੁਣਵਾਈ ਇਸਲਾਮਾਬਾਦ ਪੁਲਿਸ ਹੈੱਡਕੁਆਰਟਰ ਵਿੱਚ ਹੋਵੇਗੀ। ਪਾਕਿਸਤਾਨ ਸਰਕਾਰ ਨੇ ਕਿਹਾ ਕਿ ਇਮਰਾਨ ਦੀ ਜਾਨ ਨੂੰ ਖਤਰਾ ਹੋ ਸਕਦਾ ਹੈ, ਇਸ ਲਈ ਇਹ ਫੈਸਲਾ ਲਿਆ ਗਿਆ ਹੈ।