ਟੈਕਸਾਸ ‘ਚ ਬੱਸ ਸਟਾਪ ਤੇ ਖੜ੍ਹੇ 7 ਲੋਕਾਂ ਨੂੰ ਐਸ.ਯੂ.ਵੀ. ਕਾਰ ਨੇ ਮਾਰੀ ਟੱਕਰ, ਮੌਤ

ਟੈਕਸਾਸ, 08 ਮਈ : ਅਮਰੀਕਾ ਦੇ ਟੈਕਸਾਸ ‘ਚ ਇੱਕ ਐਸ.ਯੂ.ਵੀ. ਕਾਰ ਨੇ ਸਿਟੀ ਬੱਸ ਸਟਾਪ ਦੇ ਖੜ੍ਹੇ ਲੋਕਾਂ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ 7 ਲੋਕਾਂ ਦੀ ਮੌਤ ਹੋ ਗਈ ਅਤੇ 6 ਲੋਕਾਂ ਦੇ ਜਖ਼ਮੀ ਹੋਣ ਦੀ ਖ਼ਬਰ ਹੈ। ਮਿਲੀ ਜਾਣਕਾਰੀ ਅਨੁਸਾਰ ਇਹ ਘਟਨਾਂ ਬ੍ਰਾਊਨਸਵਿਲੇ, ਟੈਕਸਾਸ ਵਿੱਚ ਇੱਕ ਪ੍ਰਵਾਸੀ ਸ਼ੈਲਟਰ ਹੋਮ ਦੇ ਬਾਹਰ ਇੱਕ ਬੱਸ ਸਟਾਪ ਤੇ ਵਾਪਰੀ, ਮ੍ਰਿਤਕਾਂ ਵਿੱਚ ਕੁੱਝ ਪ੍ਰਵਾਸੀ ਵੀ ਸ਼ਾਮਿਲ ਹਨ। ਪੁਲਿਸ ਨੇ ਕਾਰ ਚਾਲਕ ਨੂੰ ਆਪਣੀ ਹਿਰਾਸਤ ‘ਚ ਲੈ ਲਿਆ ਹੈ। ਘਟਨਾਂ ਸਬੰਧੀ ਸ਼ੈਲਟਰ ਹੋਮ ਦੇ ਡਾਇਰੈਕਟਰ ਨੇ ਦੱਸਿਆ ਕਿ ਲੋਕਾਂ ਨੂੰ ਟੱਕਰ ਮਾਰਨ ਤੋਂ ਬਾਅਦ ਕਾਰ ਪਲਟ ਗਈ ਅਤੇ 200 ਫੁੱਟ ਦੂਰ ਤੱਕ ਹੇਠਾਂ ਜਾ ਡਿੱਗੀ। ਜਾਂਚ ਅਧਿਕਾਰੀਆਂ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਕਿ ਇਹ ਹਾਦਸਾ ਸੀ ਜਾਂ ਜਾਣਬੁੱਝ ਕੇ ਕੀਤਾ ਗਿਆ ਹੈ।