ਨੈਰੋਬੀ, 24 ਅਪ੍ਰੈਲ : ਅਫ਼ਰੀਕੀ ਦੇਸ਼ ਕੀਨੀਆ 'ਚ ਪਾਦਰੀ ਦੇ ਕਹਿਣ 'ਤੇ 47 ਲੋਕਾਂ ਨੇ ਭੁੱਖੇ ਰਹਿ ਕੇ ਸਮੂਹਿਕ ਖੁਦਕੁਸ਼ੀ ਕਰ ਲਈ। ਪੁਲਿਸ ਨੂੰ ਇਹ ਲਾਸ਼ਾਂ ਇੱਕ ਪੁਜਾਰੀ ਦੀ ਜ਼ਮੀਨ ਤੋਂ ਮਿਲੀਆਂ ਹਨ। ਕੀਨੀਆ ਦੇ ਸ਼ਾਕਾਹੋਲਾ ਜੰਗਲ ਵਿਚ ਪੁਲਿਸ ਨੂੰ ਅਜੇ ਵੀ ਹੋਰ ਲਾਸ਼ਾਂ ਮਿਲ ਰਹੀਆਂ ਹਨ। ਦੱਸਿਆ ਜਾ ਰਿਹਾ ਹੈ ਕਿ ਗੁੱਡ ਨਿਊਜ਼ ਇੰਟਰਨੈਸ਼ਨਲ ਚਰਚ ਦੇ ਇਕ ਪਾਦਰੀ ਨੇ ਇਨ੍ਹਾਂ ਲੋਕਾਂ ਨੂੰ ਕਿਹਾ ਸੀ ਕਿ ਜੇਕਰ ਉਹ ਭੁੱਖੇ ਮਰ ਕੇ ਆਪਣੇ ਆਪ ਨੂੰ ਦਫ਼ਨ ਕਰ ਲੈਣ ਤਾਂ ਉਹ ਸਵਰਗ ਵਿਚ ਜਾ ਕੇ ਯਿਸੂ ਨੂੰ ਮਿਲਣਗੇ। ਹਾਲਾਂਕਿ ਪਿਛਲੇ ਤਿੰਨ ਦਿਨਾਂ ਤੋਂ ਪੁਲਿਸ ਵੱਲੋਂ ਇਨ੍ਹਾਂ ਲੋਕਾਂ ਦੀਆਂ ਲਾਸ਼ਾਂ ਨੂੰ ਬਾਹਰ ਕੱਢਿਆ ਜਾ ਰਿਹਾ ਹੈ ਅਤੇ ਲਾਸ਼ਾਂ ਦੀ ਗਿਣਤੀ ਵਧਦੀ ਜਾ ਰਹੀ ਹੈ। ਮਾਲਿੰਦੀ ਉਪ-ਕਾਉਂਟੀ ਦੇ ਪੁਲਿਸ ਮੁਖੀ ਜੌਨ ਕੇਮਬੋਈ ਨੇ ਘਟਨਾ ਦੀ ਜਾਣਕਾਰੀ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਪਾਦਰੀ ਪਾਲ ਮੈਕੇਂਜੀ ਦੀ ਜ਼ਮੀਨ ’ਤੇ ਹੋਰ ਕਬਰਾਂ ਪੁੱਟੀਆਂ ਜਾਣਗੀਆਂ। ਇਸ ਤੋਂ ਬਾਅਦ ਹੀ ਖੁਦਕੁਸ਼ੀ ਕਰਨ ਵਾਲੇ ਲੋਕਾਂ ਦਾ ਪਤਾ ਲੱਗ ਸਕੇਗਾ। ਉਨ੍ਹਾਂ ਕਿਹਾ ਕਿ 14 ਅਪ੍ਰੈਲ ਨੂੰ ਲਾਸ਼ ਮਿਲਣ ਤੋਂ ਬਾਅਦ ਪਾਦਰੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ। ਇਨ੍ਹਾਂ ਲੋਕਾਂ ਨੇ ਪੁਜਾਰੀ ਦੀ ਸਲਾਹ 'ਤੇ ਹੀ ਇਹ ਕਦਮ ਚੁੱਕਿਆ। ਮੰਨਿਆ ਜਾ ਰਿਹਾ ਹੈ ਕਿ ਪੁਲਿਸ ਨੂੰ ਇਸ ਸਬੰਧੀ ਖ਼ੁਫ਼ੀਆ ਸੂਚਨਾ ਮਿਲੀ ਸੀ, ਜਿਸ ਦੇ ਆਧਾਰ 'ਤੇ ਪੁਲਿਸ ਨੇ ਮਲਿੰਦੀ 'ਚ ਪਾਦਰੀ ਦੀ ਜਾਇਦਾਦ 'ਤੇ ਛਾਪਾ ਮਾਰਿਆ ਙ ਇਸ ਤੋਂ ਬਾਅਦ ਜਾਂਚ ਵਿੱਚ ਪੁਲਿਸ ਨੂੰ ਇੱਕ ਤੋਂ ਬਾਅਦ ਇੱਕ ਲਾਸ਼ਾਂ ਮਿਲਦੀਆਂ ਰਹੀਆਂ। ਨਿਊਜ਼ ਵੈੱਬਸਾਈਟ 'ਕੇਨੀਆ ਡੇਲੀ' ਮੁਤਾਬਕ ਪੁਲਿਸ ਹੁਣ ਸਾਰੀਆਂ ਲਾਸ਼ਾਂ ਤੋਂ ਡੀਐਨਏ ਸੈਂਪਲ ਇਕੱਠੇ ਕਰ ਰਹੀ ਹੈ। ਤਾਂ ਜੋ ਇਹ ਸਾਬਤ ਕੀਤਾ ਜਾ ਸਕੇ ਕਿ ਇਹ ਲੋਕ ਭੁੱਖਮਰੀ ਕਾਰਨ ਮਰੇ ਸਨ। ਗ੍ਰਿਫਤਾਰੀ ਤੋਂ ਬਾਅਦ ਪਾਲ ਮੈਕੇਂਜੀ ਯਾਨੀ ਪਾਦਰੀ ਦਾ ਕਹਿਣਾ ਹੈ ਕਿ ਉਸ ਨੇ ਲੋਕਾਂ ਨੂੰ ਖੁਦਕੁਸ਼ੀ ਲਈ ਪ੍ਰੇਰਿਆ ਨਹੀਂ ਸੀ। ਉਸਨੇ ਇਹ ਵੀ ਕਿਹਾ ਹੈ ਕਿ ਉਸਨੇ ਸਾਲ 2019 ਵਿੱਚ ਹੀ ਚਰਚ ਨੂੰ ਬੰਦ ਕਰ ਦਿੱਤਾ ਸੀ। ਹਾਲਾਂਕਿ ਪੁਲਿਸ ਵੱਲੋਂ ਇਸ ਮਾਮਲੇ ਵਿੱਚ ਕੋਈ ਢਿੱਲ ਨਹੀਂ ਵਰਤੀ ਜਾ ਰਹੀ ਹੈ। ਇਹ ਪਹਿਲੀ ਵਾਰ ਨਹੀਂ ਹੈ ਜਦੋਂ ਪਾਦਰੀ ਪਾਲ ਮੈਕੇਂਜੀ ਦਾ ਨਾਂ ਅੰਧਵਿਸ਼ਵਾਸ ਨਾਲ ਜੁੜਿਆ ਹੋਵੇ। ਇਸ ਤੋਂ ਪਹਿਲਾਂ 2019 'ਚ ਅਤੇ ਇਸ ਸਾਲ ਮਾਰਚ 'ਚ ਵੀ ਪੁਲਸ ਨੇ ਉਸ ਨੂੰ ਗ੍ਰਿਫਤਾਰ ਕੀਤਾ ਸੀ। 2019 ਵਿੱਚ ਇਸ ਕਾਰਨ ਦੋ ਬੱਚਿਆਂ ਦੀ ਮੌਤ ਹੋ ਗਈ ਸੀ। ਮਾਪਿਆਂ ਦੀ ਸ਼ਿਕਾਇਤ ’ਤੇ ਪੁਲੀਸ ਨੇ ਉਸ ਖ਼ਿਲਾਫ਼ ਕੇਸ ਦਰਜ ਕਰ ਲਿਆ ਸੀ। ਉਸ ਦੌਰਾਨ ਪੁਲਿਸ ਨੇ ਉਸ ਨੂੰ 10,000 ਕੀਨੀਅਨ ਸ਼ਿਲਿੰਗ ਯਾਨੀ 6,000 ਰੁਪਏ ਦੇ ਜੁਰਮਾਨੇ 'ਤੇ ਰਿਹਾਅ ਕਰ ਦਿੱਤਾ ਸੀ। ਇਸ ਤੋਂ ਬਾਅਦ ਇਸ ਤਰ੍ਹਾਂ ਦੀ ਘਟਨਾ ਫਿਰ ਦੇਖਣ ਨੂੰ ਮਿਲੀ ਹੈ। ਜਿਸ ਵਿੱਚ ਹੁਣ ਤੱਕ ਕਈ ਲੋਕਾਂ ਦੀ ਮੌਤ ਹੋ ਚੁੱਕੀ ਹੈ।